ਤੁਸੀਂ ਵੀ ਜਲਦੀ ਲੋਨ ਲੈਣ ਦੇ ਚੱਕਰ 'ਚ ਹੋ ਤਾਂ ਸਾਵਧਾਨ!, ਅਜਿਹੀ ਮੁਸੀਬਤ 'ਚ ਫਸੋਗੇ ਕਿ ਨਿਕਲਣ ਦਾ ਨਹੀਂ ਮਿਲੇਗਾ ਰਾਹ

Wednesday, Jul 12, 2023 - 01:04 PM (IST)

ਤੁਸੀਂ ਵੀ ਜਲਦੀ ਲੋਨ ਲੈਣ ਦੇ ਚੱਕਰ 'ਚ ਹੋ ਤਾਂ ਸਾਵਧਾਨ!, ਅਜਿਹੀ ਮੁਸੀਬਤ 'ਚ ਫਸੋਗੇ ਕਿ ਨਿਕਲਣ ਦਾ ਨਹੀਂ ਮਿਲੇਗਾ ਰਾਹ

ਲੁਧਿਆਣਾ (ਰਾਜ) : ਜੇਕਰ ਤੁਹਾਡੇ ਮੋਬਾਇਲ ’ਤੇ ਇੰਸਟੈਂਟ ਲੋਨ ਦਾ ਲਿੰਕ ਜਾਂ ਐਡ ਆ ਰਹੀ ਹੈ ਜਾਂ ਫਿਰ ਤੁਸੀਂ ਖ਼ੁਦ ਇੰਸਟੈਂਟ ਲੋਨ ਦੇ ਚੱਕਰ ’ਚ ਪੈ ਰਹੇ ਹੋ ਤਾਂ ਸਾਵਧਾਨ ਹੋ ਜਾਵੋ। ਇਹ ਇੰਸਟੈਂਟ ਲੋਨ ਲੈ ਕੇ ਤੁਸੀਂ ਵੱਡੀ ਮੁਸੀਬਤ ’ਚ ਫਸ ਸਕਦੇ ਹੋ। ਪਲੇ ਸਟੋਰ ’ਚ ਅਜਿਹੀਆਂ ਸੈਂਕੜੇ ਐਪ ਮੌਜੂਦ ਹਨ, ਜੋ ਜਲਦ ਲੋਨ ਦੇਣ ਦਾ ਦਾਅਵਾ ਕਰਦੀਆਂ ਹਨ। ਇਹ ਸਾਈਬਰ ਠੱਗ ਨੂੰ 1 ਤੋਂ 10 ਮਿੰਟ ਦੇ ਅੰਦਰ ਲੋਨ ਦੇਣ ਦਾ ਝਾਂਸਾ ਦੇ ਕੇ ਫਸਾ ਲੈਂਦੀਆਂ ਹਨ। ਫਿਰ ਲਿੰਕ ਜ਼ਰੀਏ ਮੋਬਾਇਲ ਦਾ ਸਾਰਾ ਡਾਟਾ ਹੈਕ ਕਰ ਲਿਆ ਜਾਂਦਾ ਹੈ। ਜਦੋਂ ਸ਼ਿਕਾਰ ਫਸ ਕੇ ਲੋਨ ਲੈ ਲੈਂਦਾ ਹੈ ਤਾਂ ਉਸ ਤੋਂ ਮੋਟਾ ਵਿਆਜ਼ ਵਸੂਲਿਆ ਜਾਂਦਾ ਹੈ। ਹੈਕ ਕੀਤਾ ਮੋਬਾਇਲ ਡਾਟਾ, ਫੋਟੋਆਂ ਨੂੰ ਬਲੈਕਮੇਲ ਕਰਨ ਲਈ ਵਰਤਿਆ ਜਾਂਦਾ ਹੈ। ਸ਼ਹਿਰ ਦੇ ਕਈ ਲੋਕ ਵੀ ਅਜਿਹੀਆਂ ਐਪ ਦੇ ਸ਼ਿਕਾਰ ਹੋ ਚੁੱਕੇ ਹਨ ਅਤੇ ਡਿਪਰੈਸ਼ਨ ਦਾ ਸ਼ਿਕਾਰ ਵੀ ਹੋ ਚੁੱਕੇ ਹਨ। ਅਜਿਹੀਆਂ ਕਈ ਸ਼ਿਕਾਇਤਾਂ ਸਾਈਬਰ ਸੈੱਲ ਦੇ ਕੋਲ ਪਈਆਂ ਹੋਈਆਂ ਹਨ। ਅਸਲ ’ਚ ਅੱਜ-ਕੱਲ੍ਹ ਲੋਕਾਂ ਦੇ ਘਰਾਂ ਦੇ ਹਾਲਾਤ ਕੁੱਝ ਠੀਕ ਨਹੀਂ ਰਹਿੰਦੇ ਹਨ। ਇਨਕਮ ਘੱਟ ਹੈ ਤੇ ਖ਼ਰਚਾ ਜ਼ਿਆਦਾ ਹੈ। ਕਈ ਮੱਧ ਵਰਗ ਦੇ ਲੋਕ ਇੱਧਰੋਂ-ਉੱਧਰੋਂ ਪੈਸੇ ਉਧਾਰ ਲੈ ਕੇ ਜਾਂ ਫਿਰ ਦੋਸਤਾਂ ਤੋਂ ਮੰਗ ਕੇ ਆਪਣੇ ਖ਼ਰਚ ਪੂਰੇ ਕਰਦੇ ਹਨ ਪਰ ਅਜਿਹੇ ’ਚ ਜਦੋਂ ਹਰ ਜਗ੍ਹਾ ਤੋਂ ਰਸਤੇ ਬੰਦ ਹੋ ਜਾਂਦੇ ਹਨ ਤਾਂ ਅੱਜ-ਕੱਲ੍ਹ ਇੰਟਰਨੈੱਟ ਦੀ ਵਰਤੋਂ ਕਰਦੇ ਹਨ। ਰੋਜ਼ਾਨਾ ਇੰਟਰਨੈੱਟ ’ਤੇ ਜਲਦ ਲੋਨ ਦੇਣ ਵਾਲੀਆਂ ਕੰਪਨੀਆਂ ਦੀਆਂ ਐਪ ਨਜ਼ਰ ਆਉਂਦੀਆਂ ਹਨ। ਕਈ ਵਾਰ ਲਿੰਕ ਵੀ ਭੇਜੇ ਜਾਂਦੇ ਹਨ। ਕੁੱਝ ਕੰਪਨੀਆਂ ਨੂੰ ਛੱਡ ਕੇ ਜ਼ਿਆਦਾਤਰ ਐਪ ਅਤੇ ਲਿੰਕ ਸਾਈਬਰ ਠੱਗਾਂ ਵਲੋਂ ਬਣਾਇਆ ਜਾਲ ਹੁੰਦਾ ਹੈ, ਜੋ ਪਹਿਲਾਂ ਘੱਟ ਵਿਆਜ਼ ਦਾ ਝਾਂਸਾ ਦੇ ਦਿੰਦਾ ਹੈ। ਲੋਕਾਂ ਨੂੰ ਇਹ ਲੱਗਦਾ ਹੈ ਕਿ ਕੁੱਝ ਮਿੰਟਾਂ ’ਚ ਉਨ੍ਹਾਂ ਨੂੰ ਪੈਸਾ ਮਿਲ ਰਿਹਾ ਹੈ। ਉਨ੍ਹਾਂ ਦੀ ਪਰੇਸ਼ਾਨੀ ਦਾ ਹੱਲ ਨਿਕਲ ਜਾਵੇਗਾ ਪਰ ਉਨ੍ਹਾਂ ਨੂੰ ਕੀ ਪਤਾ ਹੁੰਦਾ ਹੈ ਕਿ ਇਹ ਜਲਦ ਲੋਨ ਦਾ ਝਾਂਸਾ ਉਨ੍ਹਾਂ ਦੀਆਂ ਪਰੇਸ਼ਾਨੀਆਂ ਦੂਰ ਕਰਨ ਲਈ ਨਹੀਂ, ਸਗੋਂ ਵਧਾਉਣ ਲਈ ਹਨ, ਜੋ ਕਿ ਲੋਕਾਂ ਨੂੰ ਝਾਂਸੇ ’ਚ ਲੈ ਕੇ ਫਿਰ ਉਨ੍ਹਾਂ ਨੂੰ ਬੁਰੀ ਤਰ੍ਹਾਂ ਪਰੇਸ਼ਾਨ ਕਰਦੇ ਹਨ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਨੂੰ ਹੁਣ ਘਬਰਾਉਣ ਦੀ ਲੋੜ ਨਹੀਂ, ਮੌਸਮ ਵਿਭਾਗ ਨੇ ਸੁਣਾ ਦਿੱਤੀ ਚੰਗੀ ਖ਼ਬਰ
ਇੰਸਟੈਂਟ ਲੋਨ ਵਾਲੇ ਠੱਗ ਇਸ ਤਰ੍ਹਾਂ ਫਸਾਉਂਦੇ ਹਨ ਸ਼ਿਕਾਰ
ਇੰਸਟੈਂਟ ਲੋਨ ਦੀਆਂ ਵੱਖ-ਵੱਖ ਐਪਸ ਨਾਲ ਗੂਗਲ ਪਲੇ ਸਟੋਰ ਭਰਿਆ ਪਿਆ ਹੈ। ਉਸ ’ਤੇ ਲੋਨ ਅਪਲਾਈ ਕਰਨ ’ਤੇ ਕੰਪਨੀ ਵਾਲੇ ਉਨ੍ਹਾਂ ਨੂੰ ਇਕ ਲਿੰਕ ਭੇਜਦੇ ਹਨ। ਫਿਰ ਉਸ ਲਿੰਕ ’ਤੇ ਕਲਿੱਕ ਕਰ ਕੇ ਸਾਰੀ ਡਿਟੇਲ ਭਰਨ ਅਤੇ ਦਸਤਾਵੇਜ਼ ਅਪਲੋਡ ਕਰਨ ਲਈ ਕਹਿੰਦੇ ਹਨ। ਇਸ ਤੋਂ ਬਾਅਦ ਭੋਲੇ-ਭਾਲੇ ਲੋਕ ਲਿੰਕ ’ਤੇ ਕਲਿੱਕ ਕਰ ਦਿੰਦੇ ਹਨ। ਜਿਉਂ ਹੀ ਲੋਕ ਉਸ ਲਿੰਕ ’ਤੇ ਕਲਿੱਕ ਕਰਦੇ ਹਨ ਤਾਂ ਉਨ੍ਹਾਂ ਦਾ ਮੋਬਾਇਲ ਠੱਗ ਹੈਕ ਕਰ ਲੈਂਦੇ ਹਨ। ਮੋਬਾਇਲ ਦੇ ਅੰਦਰ ਪਏ ਸੰਪਰਕ ਨੰਬਰ, ਫੋਟੋਆਂ, ਵੀਡੀਓ ਅਤੇ ਡਾਟਾ ਸਾਈਬਰ ਠੱਗਾਂ ਕੋਲ ਪੁੱਜ ਜਾਂਦਾ ਹੈ। ਲੋਨ ਲੈਣ ਵਾਲੇ ਗਾਹਕਾਂ ਤੋਂ ਬੈਂਕ ਡਿਟੇਲ, ਤਿੰਨ ਮਹੀਨਿਆਂ ਦੀ ਬੈਂਕ ਸਟੇਟਮੈਂਟ, ਆਧਾਰ ਕਾਰਡ, ਪੈਨ ਕਾਰਡ ਅਤੇ ਹੋਰ ਦਸਤਾਵੇਜ਼ ਅਪਲੋਡ ਕਰਵਾਏ ਜਾਂਦੇ ਹਨ। ਫਿਰ ਉਨ੍ਹਾਂ ਨੂੰ ਕੁੱਝ ਘੰਟਿਆਂ ’ਚ ਅਪਲਾਈ ਕੀਤੇ ਲੋਨ ਦੀ ਰਕਮ ਤੋਂ ਘੱਟ ਲੋਨ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਸ਼ੁਰੂ ਹੁੰਦੀ ਹੈ ਬਲੈਕਮੇਲਿੰਗ ਦੀ ਖੇਡ।

ਇਹ ਵੀ ਪੜ੍ਹੋ : ਪੰਜਾਬ 'ਚ ਤਬਾਹੀ ਦਾ ਮੰਜ਼ਰ : ਇੱਕੋ ਝਟਕੇ 'ਚ ਗਰਭਵਤੀ ਸਣੇ ਪੂਰਾ ਪਰਿਵਾਰ ਖ਼ਤਮ, ਮਚੀ ਚੀਕੋ-ਪੁਕਾਰ (ਤਸਵੀਰਾਂ)
ਪੈਸੇ ਅਕਾਊਂਟ ’ਚ ਆਉਣ ਤੋਂ ਕੁੱਝ ਦਿਨਾਂ ਬਾਅਦ ਹੀ ਕਰਨ ਲਗਦੇ ਹਨ ਪਰੇਸ਼ਾਨ
ਲੋਨ ਦੀ ਰਕਮ ਦੇਣ ਤੋਂ ਕੁੱਝ ਦਿਨਾਂ ਬਾਅਦ ਹੀ ਐਪ ਦੇ ਟੈਲੀਕਾਲਰ ਅਤੇ ਰਿਕਵਰੀ ਏਜੰਟ ਗਾਹਕ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੰਦੇ ਹਨ। ਉਨ੍ਹਾਂ ਨੂੰ ਜ਼ਿਆਦਾ ਪੈਸੇ ਵਾਪਸ ਕਰਨ ਲਈ ਧਮਕਾਇਆ ਜਾਂਦਾ ਹੈ। ਪੈਸੇ ਨਾ ਦੇਣ ’ਤੇ ਉਨ੍ਹਾਂ ਵਟਸਐਪ ’ਤੇ ਗੰਦੀਆਂ ਗਾਲ੍ਹਾਂ ਭੇਜੀਆਂ ਜਾਂਦੀਆਂ ਹਨ। ਲੋਨ ਦਿੰਦੇ ਸਮੇਂ ਉਨ੍ਹਾਂ ਦੇ ਮੋਬਾਇਲ ਤੋਂ ਹੈਕ ਕੀਤੀ ਡਿਟੇਲ ਸੋਸ਼ਲ ਮੀਡੀਆ ’ਤੇ ਸ਼ੇਅਰ ਕਰਨ ਦੀ ਧਮਕੀ ਦਿੱਤੀ ਜਾਂਦੀ ਹੈ। ਉਸ ਦੇ ਕੰਟੈਕਟ ਲਿਸਟ ’ਚ ਮੌਜੂਦ ਸਾਰੇ ਲੋਕਾਂ ਨੂੰ ਉਸ ਵਿਅਕਤੀ ਦੀ ਫੋਟੋ ਦੇ ਥੱਲੇ ਡਿਫਾਲਟਰ, ਰੇਪਿਸਟ ਅਤੇ ਹੋਰ ਨਾਵਾਂ ਨਾਲ ਮੈਸੇਜ ਬਣਾ ਕੇ ਭੇਜੇ ਜਾਂਦੇ ਹਨ। ਉਨ੍ਹਾਂ ਨੂੰ ਰੋਜ਼ਾਨਾ ਦਰਜਨਾਂ ਕਾਲਾਂ ਕੀਤੀਆਂ ਜਾਂਦੀਆਂ ਹਨ। ਉਸ ਦੇ ਪਰਿਵਾਰ ਦੇ ਮੈਂਬਰਾਂ ਨੂੰ ਫੋਨ ਅਤੇ ਵਟਸਐਪ ਜ਼ਰੀਏ ਧਮਕਾਇਆ ਜਾਂਦਾ ਹੈ। ਉਸ ਦੀ ਪਰਸਨਲ ਜਾਣਕਾਰੀ ਸੋਸ਼ਲ ਮੀਡੀਆ ’ਤੇ ਸਾਂਝੀ ਕਰ ਦਿੱਤੀ ਜਾਂਦੀ ਹੈ। ਉਨ੍ਹਾਂ ਨੂੰ ਚੀਟਰ ਦੱਸਿਆ ਜਾਂਦਾ ਹੈ। ਉਨ੍ਹਾਂ ਨੂੰ ਸਮਾਜਿਕ ਤੌਰ ’ਤੇ ਇੰਨਾ ਬੇਇੱਜ਼ਤ ਕੀਤਾ ਜਾਂਦਾ ਹੈ ਕਿ ਵਿਅਕਤੀ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦਾ ਹੈ।

ਇਹ ਵੀ ਪੜ੍ਹੋ : ਖ਼ਤਰਾ ਅਜੇ ਟਲਿਆ ਨਹੀਂ : ਲੁਧਿਆਣਾ ਦਾ ਇਕ ਹੋਰ ਪੁੱਲ ਪਾਣੀ 'ਚ ਰੁੜ੍ਹਿਆ, ਪਿੰਡ ਨਾਲੋਂ ਟੁੱਟਿਆ ਸੰਪਰਕ (ਤਸਵੀਰਾਂ)
ਇੰਸਟੈਂਟ ਲੋਨ ਦੇ ਚੱਕਰ ’ਚ ਇਕ ਨੌਜਵਾਨ ਨੇ ਗੁਆ ਲਈ ਸੀ ਜਾਨ
ਸਿਵਲ ਸਿਟੀ ਦਾ ਰਹਿਣ ਵਾਲਾ ਇਕ ਨੌਜਵਾਨ ਮੰਦੇ ਦੇ ਦੌਰ ’ਚੋਂ ਗੁਜ਼ਰ ਰਿਹਾ ਸੀ। ਉਹ ਕਾਫੀ ਬੀਮਾਰ ਸੀ। ਇਸ ਲਈ ਉਸ ਨੂੰ ਪੈਸਿਆਂ ਦੀ ਲੋੜ ਸੀ। ਉਸ ਦੇ ਮੋਬਾਇਲ ’ਤੇ ਐਕਸਪ੍ਰੈੱਸ ਲੋਨ ਦੇ ਨਾਂ ਨਾਲ ਇਕ ਲਿੰਕ ਆਇਆ ਸੀ। ਉਸ ਨੂੰ ਲੋੜ ਸੀ। ਇਸ ਲਈ ਉਸ ਨੇ ਲਿੰਕ ਕਲਿੱਕ ਕਰ ਦਿੱਤਾ ਸੀ। ਇਸ ਤੋਂ ਬਾਅਦ ਉਸ ਨੂੰ ਕੰਪਨੀ ਵਲੋਂ ਜਲਦ ਲੋਨ ਦਾ ਝਾਂਸਾ ਦਿੱਤਾ ਗਿਆ। ਉਸ ਨੇ 50 ਹਜ਼ਾਰ ਰੁਪਏ ਦਾ ਲੋਨ ਅਪਲਾਈ ਕੀਤਾ ਪਰ ਉਸ ਦੇ ਖ਼ਾਤੇ ’ਚ ਸਿਰਫ 2900 ਰੁਪਏ ਆਏ ਸਨ ਪਰ ਕੁੱਝ ਦਿਨਾਂ ਬਾਅਦ ਕੁਝ ਅਣਪਛਾਤੇ ਨੰਬਰਾਂ ਤੋਂ ਕਾਲਾਂ ਆਈਆਂ ਕਿ ਉਸ ਨੇ ਲੋਨ ਲਿਆ ਹੈ। ਇਸ ਲਈ 5 ਹਜ਼ਾਰ ਰੁਪਏ ਭੇਜੇ ਗਏ ਲਿੰਕ ’ਤੇ ਕਲਿੱਕ ਕਰ ਕੇ ਜਮ੍ਹਾਂ ਕਰਵਾ ਦੇਣ। ਸੁਨੀਲ ਨੇ ਕਿਹਾ ਕਿ ਉਸ ਨੇ ਤਾਂ 50 ਹਜ਼ਾਰ ਅਪਲਾਈ ਕੀਤਾ ਸੀ ਪਰ ਉਸ ਨੂੰ ਤਾਂ 2900 ਰੁਪਏ ਮਿਲੇ ਹਨ। ਹੁਣ 5 ਦਿਨ ਬਾਅਦ ਹੀ 5 ਹਜ਼ਾਰ ਰੁਪਏ ਕਿਵੇਂ ਬਣ ਗਏ। ਉਕਤ ਲੋਕ ਪੰਜ ਦਿਨਾਂ ਦਾ ਵਿਆਜ਼ 2100 ਰੁਪਏ ਮੰਗਣ ਲੱਗੇ। ਜਦੋਂ ਉਸ ਨੇ ਕਿਹਾ ਕਿ ਉਸ ਨੂੰ ਲੋਨ ਨਹੀਂ ਚਾਹੀਦਾ ਤਾਂ ਉਹ ਆਪਣੇ 2900 ਰੁਪਏ ਵਾਪਸ ਲੈ ਲੈਣ ਤਾਂ ਸਾਹਮਣਿਓਂ ਉਸ ਨੂੰ ਗਾਲ੍ਹਾਂ ਕੱਢੀਆਂ ਗਈਆਂ। ਇੰਨਾ ਹੀ ਨਹੀਂ, ਉਸ ਦੇ ਪੁੱਤਰ ਨੂੰ ਮਾਰਨ ਦੀ ਧਮਕੀ ਤੱਕ ਦੇ ਦਿੱਤੀ ਗਈ ਸੀ। ਉਕਤ ਮੁਲਜ਼ਮਾਂ ਨੇ ਉਸ ਦੇ ਮੋਬਾਇਲ ਦਾ ਸਾਰਾ ਡਾਟਾ ਹੈਕ ਕਰ ਲਿਆ ਸੀ ਅਤੇ ਹੁਣ ਉਸ ਨੂੰ ਰੋਜ਼ਾਨਾ ਗਾਲ੍ਹਾਂ ਭੇਜ ਰਹੇ ਸਨ ਅਤੇ ਉਸ ਦੇ ਰਿਸ਼ਤੇਦਾਰਾਂ ਨੂੰ ਵੀ ਪਰੇਸ਼ਾਨ ਕਰ ਰਹੇ ਸਨ। ਉਸ ਨੇ ਇਸ ਸਬੰਧੀ ਥਾਣਾ ਸਾਈਬਰ ਸੈੱਲ ਦੀ ਪੁਲਸ ਨੂੰ ਸ਼ਿਕਾਇਤ ਦਿੱਤੀ। ਜਦੋਂ ਤੱਕ ਪੁਲਸ ਦੀ ਜਾਂਚ ਸ਼ੁਰੂ ਹੋਈ ਤਾਂ ਠੱਗਾਂ ਨੇ ਉਸ ਨੂੰ ਇੰਨਾ ਪਰੇਸ਼ਾਨ ਕਰ ਦਿੱਤਾ ਕਿ ਉਸ ਨੇ ਖ਼ੁਦਕੁਸ਼ੀ ਹੀ ਕਰ ਲਈ।
ਲੋਨ ਲੈ ਕੇ ਫਸਿਆ, ਸਾਰੇ ਰਿਸ਼ਤੇਦਾਰਾਂ ਨੂੰ ਗੰਦੇ ਮੈਸੇਜ ਭੇਜੇ, ਨੌਜਵਾਨ ਘਰੋਂ ਭੱਜਿਆ
ਕੰਮ ’ਚ ਮੰਦਾ ਪੈਣ ਕਾਰਨ ਬੀ. ਆਰ. ਐੱਸ. ਨਗਰ ਦਾ ਇਕ ਨੌਜਵਾਨ ਵੀ ਇੰਸਟੈਂਟ ਲੋਨ ਦੇ ਚੱਕਰ ’ਚ ਫਸ ਗਿਆ। ਉਸ ਨੇ ਲੋਨ ਤਾਂ ਲੈ ਲਿਆ ਪਰ ਉਸ ਦੀ ਮੁਸੀਬਤ ਵੱਧ ਗਈ। ਲੋਨ ਦੀ ਪੇਮੈਂਟ ਦੇਣ ਤੋਂ ਕੁੱਝ ਦਿਨਾਂ ਬਾਅਦ ਠੱਗਾਂ ਨੇ ਉਸ ਦਾ ਜਿਊਣਾ ਮੁਹਾਲ ਕਰ ਦਿੱਤਾ। ਠੱਗਾਂ ਨੇ ਉਸ ਦੇ ਪਰਿਵਾਰ ਅਤੇ ਹੋਰ ਰਿਸ਼ਤੇਦਾਰਾਂ ਨੂੰ ਗੰਦੇ ਮੈਸੇਜ ਭੇਜਣੇ ਸ਼ੁਰੂ ਕਰ ਦਿੱਤੇ। ਇਸ ਨਾਲ ਨੌਜਵਾਨ ਇੰਨਾਂ ਡਿਪਰੈਸ਼ਨ ’ਚ ਆ ਗਿਆ ਕਿ ਉਹ ਘਰੋਂ ਭੱਜ ਗਿਆ। ਉਸ ਦੇ ਪਰਿਵਾਰ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ। ਹਾਲਾਂਕਿ ਨੌਜਵਾਨ ਇਕ ਦਿਨ ਬਾਅਦ ਘਰ ਵਾਪਸ ਆ ਗਿਆ ਸੀ ਤਾਂ ਜਾ ਕੇ ਉਸ ਨੇ ਪਰਿਵਾਰ ਨੂੰ ਸਾਰੀ ਗੱਲ ਦੱਸੀ।
ਇੰਸਪੈਕਟਰ ਜਤਿੰਦਰ ਸਿੰਘ, ਇੰਚਾਰਜ (ਸਾਈਬਰ ਸੈੱਲ) ਲੁਧਿਆਣਾ ਨੇ ਕਿਹਾ ਕਿ ਮੇਰੇ ਵਲੋਂ ਅਪੀਲ ਕੀਤੀ ਜਾਂਦੀ ਹੈ ਕਿ ਲੋਕ ਅਜਿਹੀਆਂ ਐਪਾਂ ਦੇ ਝਾਂਸੇ ’ਚ ਨਾ ਆਉਣ। ਜਦੋਂ ਕੋਈ ਇੰਸਟੈਂਟ ਲੋਨ ਦੀ ਐਪ ਡਾਊਨਲੋਡ ਕਰਦੇ ਹੋ ਜਾਂ ਲਿੰਕ ਕਲਿੱਕ ਕਰਦੇ ਹੋ। ਇਸ ਦੌਰਾਨ ਤੁਸੀਂ ਆਪਣੇ ਮੋਬਾਇਲ ਦੀ ਜਾਣਕਾਰੀ ਸਬੰਧੀ ਪਰਮਿਸ਼ਨ ਦੇ ਦਿੰਦੇ ਹੋ, ਜਿਸ ਨਾਲ ਤੁਹਾਡੇ ਮੋਬਾਇਲ ਦਾ ਡਾਟਾ ਹੈਕ ਹੋ ਜਾਂਦਾ ਹੈ। ਫਿਰ ਉਸ ਦੀ ਡਿਟੇਲ ਜ਼ਰੀਏ ਸਾਈਬਰ ਠੱਗ ਬਲੈਕਮੇਲ ਕਰਦੇ ਹਨ। ਮੇਰੀ ਲੋਕਾਂ ਨੂੰ ਅਪੀਲ ਹੈ ਕਿ ਉਹ ਅਜਿਹੀਆਂ ਐਪਸ ਤੋਂ ਸਾਵਧਾਨ ਰਹਿਣ। ਇਹ ਤੁਹਾਡੀ ਪਰੇਸ਼ਾਨੀ ਵਧਾ ਸਕਦੀਆਂ ਹਨ। ਮੋਬਾਇਲ ’ਤੇ ਲੋਨ ਸਬੰਧੀ ਜਾਂ ਹੋਰ ਕਿਸੇ ਵੀ ਐਪ ਨੂੰ ਡਾਊਨਲੋਡ ਨਾ ਕਰੋ ਅਤੇ ਕਿਸੇ ਤਰ੍ਹਾਂ ਦੇ ਲਿੰਕ ਨੂੰ ਕਲਿੱਕ ਨਾ ਕਰੋ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News