ਭ੍ਰਿਸ਼ਟਾਚਾਰ ਵਿਰੁੱਧ ਵਿਜੀਲੈਂਸ ਦੀ ਕਾਰਵਾਈ, ਰਿਸ਼ਵਤ ਲੈਣ ਦੇ ਦੋਸ਼ ’ਚ ਪਨਗ੍ਰੇਨ ਦਾ ਇੰਸਪੈਕਟਰ ਗ੍ਰਿਫ਼ਤਾਰ

Tuesday, Dec 27, 2022 - 02:26 AM (IST)

ਭ੍ਰਿਸ਼ਟਾਚਾਰ ਵਿਰੁੱਧ ਵਿਜੀਲੈਂਸ ਦੀ ਕਾਰਵਾਈ, ਰਿਸ਼ਵਤ ਲੈਣ ਦੇ ਦੋਸ਼ ’ਚ ਪਨਗ੍ਰੇਨ ਦਾ ਇੰਸਪੈਕਟਰ ਗ੍ਰਿਫ਼ਤਾਰ

ਚੰਡੀਗੜ੍ਹ (ਬਿਊਰੋ): ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ’ਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਅੱਜ ਲੁਧਿਆਣਾ ਵਿਖੇ ਤਾਇਨਾਤ ਪਨਗ੍ਰੇਨ ਦੇ ਇੰਸਪੈਕਟਰ ਕੁਨਾਲ ਗੁਪਤਾ ਨੂੰ 1,50,000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਦੋਸ਼ੀ ਇੰਸਪੈਕਟਰ ਨੂੰ ਕਰਤਾਰ ਸਿੰਘ ਐਂਡ ਸੰਜ਼ ਰਾਈਸ ਮਿੱਲ ਦੇ ਮਾਲਕ ਸ਼ਿਕਾਇਤਕਰਤਾ ਚਰਨਜੀਤ ਸਿੰਘ ਦੀ ਸ਼ਿਕਾਇਤ ’ਤੇ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ’ਤੇ ਸ਼ਿਕਾਇਤ ਦਰਜ ਕਰਵਾਈ ਕਿ ਦੋਸ਼ੀ ਇੰਸਪੈਕਟਰ ਨੇ ਪਿਛਲੇ ਸੀਜ਼ਨ ਲਈ ਝੋਨਾ ਅਲਾਟ ਕਰਨ ਦੇ ਬਦਲੇ ਉਸ ਤੋਂ ਅਤੇ ਪਾਰਸ ਰਾਈਸ ਮਿੱਲ ਦੇ ਮਾਲਕ ਮਹੇਸ਼ ਗੋਇਲ ਤੋਂ ਕ੍ਰਮਵਾਰ ਇਕ ਲੱਖ ਰੁਪਏ ਅਤੇ 50,000 ਰੁਪਏ ਦੀ ਰਿਸ਼ਵਤ ਲਈ ਹੈ।

ਇਹ ਖ਼ਬਰ ਵੀ ਪੜ੍ਹੋ - ਵਿਦੇਸ਼ਾਂ ਤੋਂ ਭਾਰਤ ਆਏ 29 ਯਾਤਰੀ ਕੋਰੋਨਾ ਪਾਜ਼ੇਟਿਵ, ਇੱਥੇ ਲਾਜ਼ਮੀ ਹੋਇਆ ਮਾਸਕ, ਨਵੇਂ ਸਾਲ ਦੇ ਜਸ਼ਨ ਬਾਰੇ ਵੀ ਹਦਾਇਤਾਂ ਜਾਰੀ

ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਜ਼ਿਲ੍ਹੇ ਦੇ ਚਾਰ ਸ਼ੈਲਰ ਡਿਫਾਲਟਰ ਹੋਣ ਕਰਕੇ ਬੰਦ ਪਏ ਸਨ ਅਤੇ ਉਨ੍ਹਾਂ ਸ਼ੈਲਰਾਂ ਦੇ ਝੋਨੇ ਦੀ ਅਲਾਟਮੈਂਟ ਦਾ ਹਿੱਸਾ ਉਸ ਦੀ ਰਾਈਸ ਮਿੱਲ ਤੇ ਮਹੇਸ਼ ਗੋਇਲ ਸਮੇਤ 10 ਹੋਰ ਸ਼ੈਲਰ ਮਾਲਕਾਂ ’ਚ ਵੰਡਿਆ ਜਾਣਾ ਸੀ। ਬੁਲਾਰੇ ਨੇ ਅੱਗੇ ਦੱਸਿਆ ਕਿ ਸ਼ਿਕਾਇਤ ’ਚ ਲਗਾਏ ਗਏ ਦੋਸ਼ਾਂ ਦੀ ਪੜਤਾਲ ਦੌਰਾਨ ਇਹ ਪਾਇਆ ਗਿਆ ਕਿ ਪਨਗ੍ਰੇਨ ਦੇ ਇੰਸਪੈਕਟਰ ਨੇ ਸ਼ਿਕਾਇਤਕਰਤਾ ਅਤੇ ਮਹੇਸ਼ ਗੋਇਲ (ਦੋਵੇਂ ਸ਼ੈਲਰ ਮਾਲਕ) ਤੋਂ ਉਨ੍ਹਾਂ ਦੇ ਸ਼ੈਲਰਾਂ ਨੂੰ ਝੋਨਾ ਅਲਾਟ ਕਰਨ ਬਦਲੇ 1,50,000 ਰੁਪਏ ਦੀ ਰਿਸ਼ਵਤ ਲਈ ਸੀ।

ਇਹ ਖ਼ਬਰ ਵੀ ਪੜ੍ਹੋ - ਠੰਡ ਤੋਂ ਬਚਾਅ ਲਈ ਅੱਗ ਸੇਕਣ ਵਾਲੇ ਸਾਵਧਾਨ! ਕੋਲਿਆਂ ਦੀ ਭੱਠੀ ਕਾਰਨ ਪਰਿਵਾਰ ਦੇ 4 ਜੀਅ ਪੁੱਜੇ ਹਸਪਤਾਲ

ਇਸ ਸਬੰਧ ’ਚ ਦੋਸ਼ੀ ਇੰਸਪੈਕਟਰ ਕੁਨਾਲ ਗੁਪਤਾ ਦੇ ਖ਼ਿਲਾਫ਼ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਵਿਖੇ ਭ੍ਰਿਸ਼ਟਾਚਾਰ ਦੀ ਰੋਕਥਾਮ ਬਾਰੇ ਕਾਨੂੰਨ ਦੀ ਧਾਰਾ 7 ਅਧੀਨ ਐੱਫ. ਆਈ. ਆਰ. ਨੰਬਰ 16 ਮਿਤੀ 26-12-2022 ਤਹਿਤ ਮੁਕੱਦਮਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮਾਂ ਨੂੰ ਭਲਕੇ ਸਥਾਨਕ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News