ਜਥੇਬੰਦੀਆਂ ਵੱਡੀ ਗਿਣਤੀ ''ਚ ਹਾਜ਼ਰੀ ਭਰਨ ਤਾਂਕਿ ਸਰਕਾਰਾਂ ਇਨਸਾਫ਼ ਦੇਣ ਲਈ ਮਜਬੂਰ ਹੋ ਜਾਣ : ਜਥੇ. ਮੰਡ
Wednesday, Oct 31, 2018 - 01:04 PM (IST)

ਜੈਤੋ (ਸਤਵਿੰਦਰ) - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਅਤੇ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਨਾ ਫ਼ੜੇ ਜਾਣ ਦੇ ਰੋਸ 'ਚ ਦਾਣਾ ਮੰਡੀ, ਬਰਗਾੜੀ ਵਿਖੇ ਚੱਲ ਰਿਹਾ 'ਇਨਸਾਫ਼ ਮੋਰਚਾ ਬਰਗਾੜੀ' ਅੱਜ ਵੀ ਜਾਰੀ ਹੈ। ਇਸ ਮੌਕੇ ਜਥੇ. ਬਲਜੀਤ ਸਿੰਘ ਦਾਦੂਵਾਲ ਅਤੇ ਸਰਬੱਤ ਖਾਲਸਾ ਵਲੋਂ ਥਾਪੇ ਗਏ ਮੁਤਵਾਜ਼ੀ ਜਥੇ. ਧਿਆਨ ਸਿੰਘ ਮੰਡ ਨੇ ਇਸ ਮੋਰਚੇ 'ਚ ਹਾਜ਼ਰ ਸੰਗਤਾਂ ਦਾ ਸਾਂਝੇ ਤੌਰ 'ਤੇ ਧੰਨਵਾਦ ਕੀਤਾ। ਉਨ੍ਹਾਂ ਜਥੇਬੰਦੀਆਂ ਨੂੰ ਕਿਹਾ ਕਿ ਵੱਡੀ ਗਿਣਤੀ 'ਚ ਹਾਜ਼ਰੀ ਲਵਾ ਕੇ ਇਨਸਾਫ਼ ਮੋਰਚੇ ਨੂੰ ਸਫ਼ਲ ਬਣਾਓ ਤਾਂ ਜੋ ਸਰਕਾਰਾਂ ਇਨਸਾਫ਼ ਦੇਣ ਲਈ ਮਜਬੂਰ ਹੋ ਜਾਣ।
ਇਸ ਦੌਰਾਨ ਜਥੇ. ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਹਿੰਦੂ, ਮੁਸਲਮਾਨ ਅਤੇ ਸਿੱਖ ਭਾਈਚਾਰੇ ਦੇ ਲੋਕ ਇਸ ਸ਼ਾਂਤਮਈ ਇਨਸਾਫ਼ ਮੋਰਚੇ 'ਚ ਆਪਣਾ ਸਮਰਥਨ ਦੇ ਕੇ ਹਾਜ਼ਰੀ ਲਵਾ ਰਹੇ ਹਨ। ਇਨਸਾਫ਼ ਮੋਰਚੇ ਦੌਰਾਨ ਢਾਡੀ ਜਥਿਆਂ ਅਤੇ ਕਥਾਵਾਚਕਾਂ ਨੇ ਸੰਗਤਾਂ ਨਾਲ ਗਰਮਤਿ ਵਿਚਾਰਾਂ ਦੀ ਸਾਂਝ ਪਾਈ। ਇਸ ਮੌਕੇ ਨਾਮਧਾਰੀ ਸੰਪ੍ਰਦਾਇ ਦੇ ਜਥੇ ਨੇ ਆਪਣੇ 11 ਮੈਂਬਰਾਂ ਨਾਲ ਹਾਜ਼ਰੀ ਭਰੀ। ਜਥੇ. ਧਿਆਨ ਸਿੰਘ ਮੰਡ ਨੇ ਕੌਮ ਦੀਆਂ ਜੁਝਾਰੂ ਬੀਬੀਆਂ ਦਾ ਵੀ ਧੰਨਵਾਦ ਕੀਤਾ, ਜੋ ਲੰਗਰ ਦੀ ਸੇਵਾ ਵੀ ਕਰਦੀਆਂ ਹਨ ਅਤੇ ਜਥੇ ਲੈ ਕੇ ਮੋਰਚੇ ਵਿਚ ਵੀ ਹਾਜ਼ਰੀ ਭਰਦੀਆਂ ਹਨ। ਇਸ ਸਮੇਂ ਸੰਤ ਬਾਬਾ ਮੋਹਣ ਦਾਸ ਬਰਗਾੜੀ ਵਾਲੇ, ਸੰਤ ਲਾਲ ਦਾਸ ਲੰਗੇਆਣਾ, ਭਾਈ ਮਨਜੀਤ ਸਿੰਘ ਭੋਮਾ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈੱਡਰੇਸ਼ਨ, ਭਾਈ ਰੁਪਿੰਦਰ ਸਿੰਘ ਪੰਜਗਰਾਈਂ, ਭਾਈ ਗੁਰਦੀਪ ਸਿੰਘ ਬਠਿੰਡਾ ਆਦਿ ਮੌਜੂਦ ਸਨ। ਇਸ ਮੌਕੇ ਸਟੇਜ ਦੀ ਸੇਵਾ ਰਣਜੀਤ ਸਿੰਘ ਵਾਂਦਰ ਵਲੋਂ ਨਿਭਾਈ ਗਈ।