ਅਣਪਛਾਤੇ ਵਾਹਨ ਦੀ ਟੱਕਰ ਨਾਲ ਜ਼ਖ਼ਮੀ ਵਿਅਕਤੀ ਦੀ ਮੌਤ
Monday, Jul 02, 2018 - 12:23 AM (IST)
ਹੁਸ਼ਿਆਰਪੁਰ, (ਅਮਰਿੰਦਰ)- ਥਾਣਾ ਬੁੱਲ੍ਹੋਵਾਲ ਅਧੀਨ ਆਉਂਦੇ ਪਿੰਡ ਖਡਿਆਲਾ ਸੈਣੀਆਂ ਨਜ਼ਦੀਕ ਰਾਤੀਂ ਕਰੀਬ 10.30 ਵਜੇ ਕਿਸੇ ਅਣਪਛਾਤੇ ਵਾਹਨ ਦੀ ਟੱਕਰ ਨਾਲ ਧੂਤ ਖੁਰਦ ਪਿੰਡ ਦਾ ਰਹਿਣ ਵਾਲਾ ਕਿਸਾਨ ਗੁਰਦੀਪ ਸਿੰਘ (45) ਪੁੱਤਰ ਪ੍ਰੀਤਮ ਸਿੰਘ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਟੱਕਰ ਮਾਰਨ ਤੋਂ ਬਾਅਦ ਚਾਲਕ ਵਾਹਨ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ। ਰਾਹਗੀਰਾਂ ਨੇ ਤੁਰੰਤ ਬੁੱਲ੍ਹੋਵਾਲ ਪੁਲਸ ਅਤੇ ਅੈਂਬੂਲੈਂਸ ਨੂੰ ਹਾਦਸੇ ਦੀ ਸੂਚਨਾ ਦਿੱਤੀ। ਗੰਭੀਰ ਜ਼ਖ਼ਮੀ ਗੁਰਦੀਪ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਰਾਤੀਂ ਡੇਢ ਵਜੇ ਉਸ ਦੀ ਮੌਤ ਹੋ ਗਈ।
ਰਿਸ਼ਤੇਦਾਰੀ ’ਚੋਂ ਵਾਪਸ ਆ ਰਿਹਾ ਸੀ ਮ੍ਰਿਤਕ : ਸਿਵਲ ਹਸਪਤਾਲ ’ਚ ਮ੍ਰਿਤਕ ਦੇ ਭਰਾ ਜਰਨੈਲ ਸਿੰਘ ਨੇ ਦੱਸਿਆ ਕਿ ਗੁਰਦੀਪ ਰਿਸ਼ਤੇਦਾਰੀ ਵਿਚ ਗਿਆ ਹੋਇਆ ਸੀ। ਵਾਪਸੀ ਸਮੇਂ ਮੇਨ ਰੋਡ ’ਤੇ ਕੋਈ ਗੱਡੀ ਜਾਂ ਬੱਸ ਨਾ ਮਿਲਣ ’ਤੇ ਉਹ ਪੈਦਲ ਹੀ ਪਿੰਡ ਨੂੰ ਤੁਰ ਪਿਆ। ਇਸ ਦੌਰਾਨ ਕਿਸੇ ਅਣਪਛਾਤੇ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਇਕ ਬੇਟਾ ਛੱਡ ਗਿਆ ਹੈ।
ਅਣਪਛਾਤੇ ਵਾਹਨ ਚਾਲਕ ਖਿਲਾਫ਼ ਮਾਮਲਾ ਦਰਜ : ਏ. ਐੱਸ. ਆਈ. ਮੋਹਨ ਲਾਲ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਜਰਨੈਲ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਪੁਲਸ ਨੇ ਜਿੱਥੇ ਅਣਪਛਾਤੇ ਵਾਹਨ ਚਾਲਕ ਖਿਲਾਫ਼ ਧਾਰਾ 279 ਅਤੇ 304-ਏ ਅਧੀਨ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਉੱਥੇ ਹੀ ਪੋਸਟਮਾਰਟਮ ਉਪਰੰਤ ਲਾਸ਼ ਪਰਿਵਾਰ ਦੇ ਹਵਾਲੇ ਕਰ ਦਿੱਤੀ ਹੈ।
