ਦਲਿਤ ਵਿਰੋਧੀ ਨੀਤੀਆਂ ਦੇ ਰੋਸ ਵਜੋਂ ਮੋਦੀ ਸਰਕਾਰ ਦਾ ਪੁਤਲਾ ਫੂਕਿਆ

03/30/2018 5:07:34 AM

ਮਜੀਠਾ,   (ਸਰਬਜੀਤ)-  ਮੋਦੀ ਸਰਕਾਰ ਦੀ ਦਲਿਤ ਵਿਰੋਧੀ ਨੀਤੀ ਕਾਰਨ ਐੱਸ. ਸੀ./ਐੱਸ. ਟੀ. ਐਕਟ ਸਬੰਧੀ ਸੁਪਰੀਮ ਕੋਰਟ ਵੱਲੋਂ ਦਿੱਤੇ ਗਏ ਫੈਸਲੇ ਨੂੰ ਦਲਿਤ ਵਿਰੋਧੀ ਕਰਾਰ ਦਿੰਦਿਆਂ ਭਗਵਾਨ ਵਾਲਮੀਕਿ ਸੰਘਰਸ਼ ਦਲ ਤੇ ਭਗਵਾਨ ਵਾਲਮੀਕਿ ਮਜ਼੍ਹਬੀ ਸਿੱਖ ਰੰਘਰੇਟਾ ਦਲ ਵੱਲੋਂ ਕਸਬਾ ਚੇਅਰਮੈਨ ਹਰਦੀਸ਼ ਸਿੰਘ ਭੰਗਾਲੀ ਤੇ ਪ੍ਰਧਾਨ ਬਿਕਰਮਜੀਤ ਸਿੰਘ ਦੀ ਅਗਵਾਈ 'ਚ ਮਜੀਠਾ ਵਿਖੇ ਰੋਸ ਮੁਜ਼ਾਹਰਾ ਕਰ ਕੇ ਮੋਦੀ ਸਰਕਾਰ ਦਾ ਪੁਤਲਾ ਫੂਕ ਪਿੱਟ-ਸਿਆਪਾ ਕੀਤਾ ਗਿਆ।
ਇਸ ਮੌਕੇ ਆਪਣੇ ਸੰਬੋਧਨ 'ਚ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਐੱਸ. ਸੀ./ਐੱਸ. ਟੀ. ਐਕਟ 1989 ਨੂੰ ਜੋ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਦੀ ਅਸੀਂ ਸਖਤ ਸ਼ਬਦਾਂ ਵਿਚ ਨਿਖੇਧੀ ਕਰਦੇ ਹਾਂ। ਉਨ੍ਹਾਂ ਕਿਹਾ ਕਿ ਡਾ. ਬੀ. ਆਰ. ਅੰਬੇਡਕਰ ਸਾਹਿਬ ਜੀ ਵੱਲੋਂ ਦਲਿਤ ਸਮਾਜ ਨੂੰ ਸੰਵਿਧਾਨ ਰਾਹੀਂ ਦਿੱਤੇ ਗਏ ਵਿਸ਼ੇਸ਼ ਅਧਿਕਾਰਾਂ ਨਾਲ ਕਿਸੇ ਨੂੰ ਵੀ ਛੇੜਛਾੜ ਨਹੀਂ ਕਰਨ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਐੱਸ. ਸੀ./ਐੱਸ. ਟੀ. ਸਮਾਜ ਵੱਲੋਂ 2 ਅਪ੍ਰੈਲ ਨੂੰ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਨੂੰ ਸਾਡੀ ਜਥੇਬੰਦੀ ਪੂਰਨ ਤੌਰ 'ਤੇ ਸਮਰਥਨ ਕਰਦੀ ਹੈ ਅਤੇ ਮਜੀਠਾ ਤੋਂ ਇਲਾਵਾ ਜੰਡਿਆਲਾ, ਅਜਨਾਲਾ, ਅੰਮ੍ਰਿਤਸਰ ਵਿਚ ਵੀ ਸਾਰੇ ਬਾਜ਼ਾਰ ਬੰਦ ਕਰ ਕੇ ਮੋਦੀ ਸਰਕਾਰ ਦੇ ਪੁਤਲੇ ਫੂਕੇ ਜਾਣਗੇ।
ਇਸ ਮੌਕੇ ਕਸ਼ਮੀਰ ਸਿੰਘ ਕੋਟਲੀ, ਹੁਸਨਪ੍ਰੀਤ ਸਿੰਘ ਸਿਆਲਕਾ, ਬੁੱਧ ਹੰਸ ਮਜੀਠਾ, ਹਰਭੇਜ ਸਿੰਘ ਭੈਣੀਆਂ, ਦੌਲਤ ਸਿੰਘ, ਹਰਪ੍ਰੀਤ ਸਿੰਘ, ਦਿਲਬਾਗ ਸਿੰਘ ਆਦਿ ਹਾਜ਼ਰ ਸਨ।


Related News