ਮਹਿੰਗਾਈ ਦੇ ਖ਼ਿਲਾਫ਼ ਕਾਂਗਰਸੀ ਸੰਸਦ ਮੈਂਬਰਾਂ ਵੱਲੋਂ ਜੰਤਰ-ਮੰਤਰ ’ਤੇ ਰੱਸੀ ਨਾਲ ਖਿੱਚੀਆਂ ਗਈਆਂ ਗੱਡੀਆਂ
Thursday, Feb 25, 2021 - 09:57 AM (IST)
ਅੰਮ੍ਰਿਤਸਰ (ਦਲਜੀਤ ਸ਼ਰਮਾ) - ਦੇਸ਼ ’ਚ ਵੱਧ ਰਹੀ ਮਹਿੰਗਾਈ ਦੇ ਖ਼ਿਲਾਫ਼ ਪੰਜਾਬ ਦੇ ਸੰਸਦ ਮੈਂਬਰਾਂ ਵੱਲੋਂ ਦਿੱਲੀ ਜੰਤਰ-ਮੰਤਰ ਚੌਕ ’ਚ ਗੱਡੀਆਂ ਨੂੰ ਰੱਸੀ ਪਾ ਕੇ ਖਿੱਚ ਦੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਸੰਸਦ ਮੈਂਬਰਾਂ ਵੱਲੋਂ ਇਸ ਦੌਰਾਨ ਪ੍ਰਧਾਨ ਮੰਤਰੀ ਦੇ ਘਰ ਦੇ ਹੋਰ ਵੀ ਕੁਝ ਕੀਤਾ ਗਿਆ ਪਰ ਪੁਲਸ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਰੋਕ ਦਿੱਤਾ ਗਿਆ। ਇਸ ਮੌਕੇ ਸੰਬੋਧਿਤ ਕਰਦੇ ਹੋਏ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ, ਰਵਨੀਤ ਸਿੰਘ ਬਿੱਟੂ ਅਤੇ ਜਸਬੀਰ ਸਿੰਘ ਡਿੰਪਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਰਾਜ ’ਚ ਮਹਿੰਗਾਈ ਨਿੱਤ ਦਿਨ ਵੱਧਦੀ ਜਾ ਰਹੀ ਹੈ। ਮਹਿੰਗਾਈ ਦੇ ਕਾਰਣ ਘਰੇਲੂ ਰਸੋਈ ’ਚ 2 ਵਕਤ ਦੀ ਰੋਟੀ ਖਾਣਾ ਵੀ ਆਮ ਵਿਅਕਤੀ ਲਈ ਮੁਸ਼ਕਲ ਹੋ ਗਿਆ ਹੈ। ਪੈਟਰੋਲ ਦੇ ਵੱਧ ਰਹੇ ਭਾਅ ਨੇ ਲੋਕਾਂ ਦਾ ਜਿਊਣਾ ਮੁਹਾਲ ਕਰ ਦਿੱਤਾ ਹੈ।
ਪੰਜਾਬ ਵਾਟਰ ਸਪਲਾਈ ਸੀਵਰੇਜ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਰਾਜ ਕਮਲਪ੍ਰੀਤ ਸਿੰਘ ਲਕੀ ਨੇ ਕਿਹਾ ਕਿ ਮੋਦੀ ਵੱਲੋਂ ਲੋਕਾਂ ਨੂੰ ਚੰਗੇ ਦਿਨ ਵਿਖਾਉਣ ਦਾ ਦਾਅਵਾ ਕੀਤਾ ਜਾ ਰਿਹਾ ਸੀ ਪਰ ਮੋਦੀ ਨੇ ਸੱਤਾ ’ਚ ਆਉਂਦੇ ਹੀ ਲੋਕਾਂ ਨੂੰ ਬੁਰੇ ਦਿਨ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਹਰ ਪਾਸੇ ਹਾਹਾਕਾਰ ਮਚੀ ਹੋਈ ਹੈ। ਮਹਿੰਗਾਈ ਕਾਰਣ ਲੋਕਾਂ ’ਚ ਤਰਾਸਦ ਮਚੀ ਹੋਈ ਹੈ। ਲੱਕੀ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਖ਼ਿਲਾਫ਼ ਕਿਸਾਨ ਵਰਗ ਵੀ ਲਗਾਤਾਰ ਪ੍ਰਦਰਸ਼ਨ ਕਰ ਰਿਹਾ ਹੈ ਪਰ ਕੁੰਭਕਰਨ ਦੀ ਨੀਂਦ ਸੁੱਤੀ ਹੋਈ ਮੋਦੀ ਸਰਕਾਰ ਸਮੱਸਿਆ ਦਾ ਹੱਲ ਨਹੀਂ ਕੱਢ ਰਹੀ ਹੈ।
ਉਨ੍ਹਾਂ ਦੱਸਿਆ ਕਿ ਕਾਂਗਰਸ ਵੱਲੋਂ ਵੀ ਜੰਤਰ-ਮੰਤਰ ’ਤੇ ਪੰਜਾਬ ਦੇ ਕਿਸਾਨਾਂ ਦੇ ਸਮਰਥਨ ’ਚ ਲਗਾਤਾਰ ਧਰਨਾ ਪ੍ਰਦਰਸ਼ਨ ਦਿੱਤਾ ਜਾ ਰਿਹਾ ਹੈ, ਜੋ 80ਵੇਂ ’ਚ ਦਿਨ ’ਚ ਪਹੁੰਚ ਗਿਆ ਹੈ। ਲੱਕੀ ਨੇ ਕਿਹਾ ਕਿ ਜੇਕਰ ਕੇਂਦਰ ਵੱਲੋਂ ਮਹਿੰਗਾਈ ਨੂੰ ਜਲਦ ਕਾਬੂ ’ਚ ਕਰ ਕੇ ਆਮ ਲੋਕਾਂ ਨੂੰ ਰਾਹਤ ਨਹੀਂ ਦਿੱਤੀ ਗਈ ਤਾਂ ਕਾਂਗਰਸ ਸੰਘਰਸ਼ ਤੇਜ਼ ਕਰੇਗੀ।