ਕਠੂਆ ਅਤੇ ਉਨਾਵ ''ਚ ਹੋਈ ਦਰਿੰਦਗੀ ਖਿਲਾਫ ਫੁੱਟਿਆ ਲੋਕ ਰੋਹ

Tuesday, Apr 17, 2018 - 03:29 AM (IST)

ਸੰਗਰੂਰ, (ਬੇਦੀ)— ਕਠੂਆ 8 ਸਾਲਾ ਬੱਚੀ ਅਤੇ ਉਨਾਵ ਵਿਖੇ ਲੜਕੀ ਨਾਲ ਹੋਈ ਦਰਿੰਦਗੀ ਦੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਉਣ ਲਈ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਨੇ ਰਣਬੀਰ ਕਾਲਜ ਸੰਗਰੂਰ ਵਿਖੇ ਰੋਸ ਪ੍ਰਦਰਸ਼ਨ ਕੀਤਾ। ਰੋਸ ਪ੍ਰਦਰਸ਼ਨ 'ਚ ਤਖਤੀਆਂ ਫੜ ਕੇ ਸੈਂਕੜੇ ਵਿਦਿਆਰਥੀਆਂ ਨੇ ਭਾਗ ਲਿਆ।
ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਪ੍ਰਧਾਨ ਰਸ਼ਪਿੰਦਰ ਜਿੰਮੀ ਨੇ ਕਿਹਾ ਕਿ ਯੂ. ਪੀ. 'ਚ ਯੋਗੀ ਸਰਕਾਰ ਜਬਰ-ਜ਼ਨਾਹੀਆਂ ਦੀ ਪਿੱਠ 'ਤੇ ਖੜ੍ਹੀ ਹੈ ਅਤੇ ਦੂਜੇ ਪਾਸੇ ਜੰਮੂ 'ਚ ਦੋਸ਼ੀਆਂ ਨੂੰ ਬਚਾਉਣ ਲਈ ਭਾਜਪਾ ਵੱਲੋਂ ਤਿਰੰਗਾ ਯਾਤਰਾ ਕੱਢੀ ਗਈ । ਅਜਿਹੀ ਦਰਿੰਦਗੀ ਕਰਨ ਵਾਲਿਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ, ਨਹੀਂ ਤਾਂ ਆਉਣ ਵਾਲੇ ਦਿਨਾਂ 'ਚ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਪੀ. ਆਰ. ਐੱਸ. ਯੂ. ਦੇ ਮਨਜੀਤ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ ਅਤੇ ਜਗਜੀਵਨ ਆਜ਼ਾਦ ਤੇ ਰਣਜੀਤ ਨੇ ਇਨਕਲਾਬੀ ਗੀਤ ਗਾਏ।
ਰੋਸ ਮਾਰਚ ਕੱਢ ਕੇ ਦੋਸ਼ੀਆਂ ਲਈ ਮੰਗੀ ਫਾਂਸੀ
ਭਵਾਨੀਗੜ੍ਹ,  (ਅੱਤਰੀ, ਸੋਢੀ, ਵਿਕਾਸ, ਸੰਜੀਵ)— 'ਜਗ ਬਾਣੀ' ਵੱਲੋਂ ਬੱਚੀਆਂ ਨਾਲ ਜਬਰ-ਜ਼ਨਾਹ ਕਰਨ ਵਾਲੇ ਵਿਅਕਤੀਆਂ ਨੂੰ ਫਾਂਸੀ ਦੀ ਸਜ਼ਾ ਦਿਵਾਉਣ ਦੀ ਮੁਹਿੰਮ ਨੂੰ ਉਦੋਂ ਭਰਵਾਂ ਹੁੰਗਾਰਾ ਮਿਲਿਆ ਜਦੋਂ ਅੱਜ ਸ਼ਹਿਰ ਅਤੇ ਇਲਾਕੇ ਦੀਆਂ ਸਮੂਹ ਜਥੇਬੰਦੀਆਂ, ਰਾਜਨੀਤਕ ਆਗੂਆਂ ਅਤੇ ਪੱਤਰਕਾਰਾਂ ਨੇ ਕਠੂਆ ਅਤੇ ਯੂ. ਪੀ. ਵਿਖੇ ਲੜਕੀਆਂ ਨਾਲ ਕੀਤੇ ਜਬਰ-ਜ਼ਨਾਹ ਦੀਆਂ ਘਟਨਾਵਾਂ ਖਿਲਾਫ ਰੋਸ ਮਾਰਚ ਕੱਢ ਕੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੇਣ ਦੀ ਮੰਗ ਕੀਤੀ।
ਭਗਤ ਸਿੰਘ ਚੌਕ ਵਿਖੇ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਜਥੇਦਾਰ ਪ੍ਰਸ਼ੋਤਮ ਸਿੰਘ ਫੱਗੂਵਾਲਾ, ਅਕਾਲੀ ਆਗੂ ਹਰਵਿੰਦਰ ਸਿੰਘ ਕਾਕੜਾ, ਇੰਦਰਜੀਤ ਸਿੰਘ ਤੂਰ, ਸਾਬਕਾ ਚੇਅਰਮੈਨ ਮਨਜੀਤ ਸਿੰਘ ਸੋਢੀ, 'ਆਪ' ਆਗੂ ਹਰਪ੍ਰੀਤ ਸਿੰਘ ਬਾਜਵਾ, ਹਰਭਜਨ ਹੈਪੀ, ਨਰਦੇਵ ਸਿੰਘ ਤੂਰ, ਕਿਸਾਨ ਆਗੂ ਕਰਨੈਲ ਸਿੰਘ ਕਾਕੜਾ, ਦਲਿਤ ਆਗੂ ਗ਼ਮੀ ਕਲਿਆਣ, ਐੈੱਮ. ਸੀ. ਅਵਤਾਰ ਸਿੰਘ ਤੂਰ, ਨਰਿੰਦਰਜੀਤ ਸਿੰਘ ਮੈਨੇਜਰ, ਮਾਸਟਰ ਚਰਨ ਚੋਪੜਾ, ਕ੍ਰਿਸ਼ਨ ਸਿੰਘ, ਮੇਜਰ ਸਿੰਘ ਮੱਟਰਾਂ, ਪਰਮਜੀਤ ਸਿੰਘ ਕਲੇਰ ਅਤੇ ਸੁਖਚੈਨ ਸਿੰਘ ਆਲੋਅਰਖ ਨੇ ਕਿਹਾ ਕਿ ਮਾਸੂਮ ਬੱਚੀਆਂ ਨਾਲ ਜਬਰ-ਜ਼ਨਾਹ ਕਰਨ ਵਾਲਿਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ। 
ਇਸ ਮੌਕੇ ਸਾਰੇ ਆਗੂਆਂ ਨੇ ਇਕਮੱਤ ਹੋ ਕੇ ਮਤਾ ਪਾਇਆ ਕਿ ਇਲਾਕੇ ਵਿਚ ਧੀਆਂ-ਭੈਣਾਂ ਨਾਲ ਛੇੜਖਾਨੀ ਕਰਨ ਵਾਲੇ ਅਨਸਰਾਂ ਖਿਲਾਫ ਵੀ ਡਟ ਕੇ ਸੰਘਰਸ਼ ਕੀਤਾ ਜਾਵੇਗਾ ਅਤੇ ਅਜਿਹੇ ਅਨਸਰਾਂ ਦੀ ਹਮਾਇਤ ਕਰਨ ਵਾਲੇ ਲੀਡਰ ਦਾ ਬਾਈਕਾਟ ਕੀਤਾ ਜਾਵੇਗਾ। 
ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)— ਵੱਖ—ਵੱਖ ਵਿੱਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਵੀ ਸ਼ਹਿਰ 'ਚ ਰੋਸ ਮਾਰਚ ਕੱਢਿਆ, ਜਿਸ 'ਚ ਹਜ਼ਾਰਾਂ ਹੀ ਵਿਦਿਆਰਥੀਆਂ ਨੇ ਹਿੱਸਾ ਲਿਆ। ਰੈਲੀ ਦਾ ਕਾਫਲਾ ਕੱਚਾ ਕਾਲਜ ਰੋਡ ਤੋਂ ਹੁੰਦਾ ਹੋਇਆ ਅਗਰਸੈਨ ਚੌਕ, ਪੁਰਾਣੇ ਬਾਜ਼ਾਰ, ਸਦਰ ਬਾਜ਼ਾਰ ਵਿਖੇ ਪਹੁੰਚਿਆ। ਸ਼ਹੀਦ ਭਗਤ ਸਿੰਘ ਦੇ ਬੁੱਤ ਕੋਲ ਵਿਦਿਆਰਥੀਆਂ ਨੇ ਇਕ ਜ਼ਬਰਦਸਤ ਰੈਲੀ ਕੀਤੀ।  ਇਸ ਮੌਕੇ ਸੰਬੋਧਨ ਕਰਦਿਆਂ ਰਮਾ ਸ਼ਰਮਾ ਨੇ ਕਿਹਾ ਕਿ ਸਾਨੂੰ ਸਾਡੀਆਂ ਬੱਚੀਆਂ ਅਤੇ ਭੈਣਾਂ ਨਾਲ ਹੋ ਰਹੇ ਅਨਿਆਂ ਵਿਰੁੱਧ ਡਟਣਾ ਚਾਹੀਦਾ ਹੈ। 
ਇਸ ਮੌਕੇ ਪ੍ਰੋ. ਰੀਤੂ ਅਗਰਵਾਲ, ਪ੍ਰੋ. ਜਸਬੀਰ ਸਿੰਘ, ਡਾ. ਕੁਲਭੂਸ਼ਣ ਰਾਣਾ, ਮੈਡਮ ਅਨਾਮਿਕਾ ਭਾਰਦਵਾਜ ਆਦਿ ਹਾਜ਼ਰ ਸਨ। 
ਐੱਲ. ਬੀ. ਐੱਸ. ਆਰੀਆ ਮਹਿਲਾ ਕਾਲਜ ਦੇ ਪਿੰ੍ਰ. ਡਾ. ਨੀਲਮ ਸ਼ਰਮਾ ਦੀ ਅਗਵਾਈ 'ਚ ਕਾਲਜ ਅਤੇ ਐੱਲ. ਬੀ. ਐੱਸ. ਕਾਲਜੀਏਟ ਸਕੂਲ ਵੱਲੋਂ ਰੈਲੀ ਕੱਢੀ ਗਈ। ਪ੍ਰੋਗਰਾਮ ਅਫਸਰ ਮੈਡਮ ਅਰਚਨਾ ਨੇ ਇਸ ਮੌਕੇ ਕਿਹਾ ਕਿ ਮਰਦ ਪ੍ਰਧਾਨ ਸਮਾਜ ਦੀ ਮਾਨਸਿਕਤਾ ਬਦਲਣ ਦੀ ਲੋੜ ਹੈ। ਵਿਦਿਆਰਥਣਾਂ ਨੇ 'ਵੀ ਵਾਂਟ ਜਸਟਿਸ' ਦੇ ਨਾਅਰੇ ਲਾਏ। ਵਾਈਸ ਪਿੰ੍ਰਸੀਪਲ ਅਨੀਤਾ ਸਿੰਘਲ, ਰੰਜਨਾ ਮੈਨਨ ਅਤੇ ਮੈਡਮ ਅਰਚਨਾ ਅਤੇ ਸਮੂਹ ਵਿਦਿਆਰਥੀਆਂ ਨੇ ਡੀ. ਸੀ. ਸਾਹਿਬ ਨੂੰ ਮੰਗ ਪੱਤਰ ਦਿੱਤਾ। ਡੀ. ਸੀ. ਧਰਮਪਾਲ ਗੁਪਤਾ ਨੇ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀ ਮੰਗ ਸਰਕਾਰ ਤੱਕ ਪਹੁੰਚਾਈ ਜਾਵੇਗੀ। ਕਾਲਜ ਦੇ ਜਨਰਲ ਐਡਵੋਕੇਟ ਭਾਰਤ ਭੂਸ਼ਣ ਮੈਨਨ ਨੇ ਕਿਹਾ ਕਿ ਔਰਤਾਂ ਦਾ ਸੰਵਿਧਾਨਕ ਹੱਕ ਹੈ ਕਿ ਉਨ੍ਹਾਂ ਨੂੰ ਸੁਰੱਖਿਅਤ ਸਮਾਜ ਅਤੇ ਮਾਹੌਲ ਮਿਲੇ। 
ਜਮਹੂਰੀ ਅਧਿਕਾਰ ਸਭਾ, ਪੰਜਾਬ ਜ਼ਿਲਾ ਬਰਨਾਲਾ ਦੀ ਪਹਿਲਕਦਮੀ 'ਤੇ ਬਰਨਾਲਾ ਜ਼ਿਲੇ ਦੀਆਂ ਸਮੂਹ ਸੰਘਰਸ਼ਸ਼ੀਲ ਇਨਕਲਾਬੀ ਜਮਹੂਰੀ ਜਨਤਕ ਜਮਹੂਰੀ ਜਥੇਬੰਦੀਆਂ ਨੇ ਵੀ ਵਿਰੋਧ ਦਰਜ ਕਰਵਾਇਆ। ਸੰਘਰਸ਼ਸ਼ੀਲ ਕਾਫਲੇ ਨੇ ਵੱਖ-ਵੱਖ ਥਾਵਾਂ (ਐੱਸ. ਡੀ. ਕਾਲਜ, ਬੱਸ ਸਟੈਂਡ, ਫੁਹਾਰਾ ਚੌਕ, ਸਰਕਾਰੀ ਹਾਈ ਸਕੂਲ) ਵਿਖੇ ਇਕੱਤਰ ਹੋਏ ਅਤੇ ਸ਼ਹਿਰ ਵਿਚ ਮਾਰਚ ਕਰਦੇ ਹੋਏ ਸਿਵਲ ਹਸਪਤਾਲ ਪਾਰਕ ਪੁੱਜੇ । ਇਸ ਸਮੇਂ ਬੁਲਾਰਿਆਂ ਨੇ ਸੰਖੇਪ ਵਿਚ ਦੋਵੇਂ ਘਟਨਾਵਾਂ ਦੀ ਜਾਣਕਾਰੀ ਦਿੰਦਿਆਂ ਇਸ ਦੇ ਕਾਰਨਾਂ ਬਾਰੇ ਚਾਨਣਾ ਪਾਇਆ । ਅਜਿਹੀਆਂ ਵਹਿਸ਼ੀਆਨਾ ਘਟਨਾਵਾਂ ਨੂੰ ਰੋਕਣ ਲਈ ਸਾਂਝਾ ਜਥੇਬੰਦਕ ਲੋਕ ਸੰਘਰਸ਼ ਹੀ ਇਕੋ ਇਕ ਰਾਹ ਹੈ। ਇਸ ਸਮੇਂ ਬੁਲਾਰਿਆਂ ਗੁਰਮੇਲ ਸਿੰਘ ਠੁੱਲੀਵਾਲ, ਮਹਿਮਾ ਸਿੰਘ, ਕਰਮਜੀਤ ਬੀਹਲਾ, ਚਮਕੌਰ ਨੈਣੇਵਾਲ, ਪਰਮਿੰਦਰ ਹੰਢਿਆਇਆ, ਨਰਾਇਣ ਦੱਤ, ਗੁਰਮੀਤ ਸੁਖਪੁਰ, ਜਗਰਾਜ ਟੱਲੇਵਾਲ, ਮੇਲਾ ਸਿੰਘ ਕੱਟੂ, ਗੁਰਪ੍ਰੀਤ ਰੂੜੇਕੇ, ਲਾਭ ਅਕਲੀਆ, ਹਰਚਰਨ ਚਹਿਲ, ਸੋਨੀ ਬਰਨਾਲੇ ਨੇ ਵਿਚਾਰ ਪ੍ਰਗਟ ਕੀਤੇ। ਇਸ ਸਮੇਂ ਗਗਨ ਲੌਂਗੋਵਾਲ ਅਤੇ ਸਾਥੀਆਂ ਨੇ ਇਨਕਲਾਬੀ ਗੀਤ ਪੇਸ਼ ਕੀਤੇ। 
ਮਾਲੇਰਕੋਟਲਾ, (ਮਹਿਬੂਬ)—ਸਰਕਾਰੀ ਕਾਲਜ ਵਿਖੇ ਐੱਨ. ਐੱਸ. ਯੂ. ਆਈ. ਦੀ ਰਹਿਨੁਮਾਈ ਹੇਠ ਸਮੁੱਚੇ ਕਾਲਜ ਦੇ ਵਿਦਿਆਰਥੀਆਂ ਨੇ ਇਕੱਠੇ ਹੋ ਕੇ ਰੈਲੀ ਕੱਢੀ ਅਤੇ ਦੋਸ਼ੀਆਂ ਨੂੰ ਇਸ ਦਰਿੰਦਗੀ ਲਈ ਫਾਂਸੀ ਦੇਣ ਦੀ ਮੰਗ ਕੀਤੀ। ਉਨ੍ਹਾਂ ਜੰਮੂ-ਕਸ਼ਮੀਰ ਅਤੇ ਯੂ. ਪੀ. ਦੀਆਂ ਸਰਕਾਰਾਂ ਖਿਲਾਫ ਦੋਸ਼ੀਆਂ ਨੂੰ ਕਥਿਤ ਤੌਰ 'ਤੇ ਬਚਾਉਣ ਲਈ ਨਾਅਰੇਬਾਜ਼ੀ ਵੀ ਕੀਤੀ । ਇਸ ਮੌਕੇ ਸ਼ਾਕਿਬ ਅਲੀ, ਮੁਹੰਮਦ ਅਜ਼ਹਰ, ਅਮਨਪ੍ਰੀਤ ਸਿੰਘ, ਗੋਗੀ, ਮੁਹੰਮਦ ਨਫੀਸ, ਮੁਹੰਮਦ ਜਾਵੇਦ, ਮੁਹੰਮਦ ਹਾਰਿਸ਼, ਗੇਰਫ੍ਰੀਤ ਕੌਰ, ਨਸੀਮ, ਇਕਰਾ, ਸਾਨੀਆ, ਆਮਨਾ ਤੋਂ ਇਲਾਵਾ ਵੱਡੀ ਗਿਣਤੀ 'ਚ ਵਿਦਿਆਰਥੀ ਮੌਜੂਦ ਸਨ।


Related News