ਉਦਯੋਗਾਂ ਦੀ ਤਰੱਕੀ ਹੈ ਬੇਰੋਜ਼ਗਾਰੀ ਦੀ ਸਮੱਸਿਆ ਦਾ ਹੱਲ : ਪਰਨੀਤ ਕੌਰ
Saturday, Jan 04, 2020 - 09:37 PM (IST)
ਚੰਡੀਗੜ੍ਹ, (ਸ਼ਰਮਾ)— ਪੰਜਾਬ 'ਚ ਉਦਯੋਗਾਂ ਦੀ ਤਰੱਕੀ ਨਾਲ ਬੇਰੁਜ਼ਗਾਰੀ ਦੀ ਸਮੱਸਿਆ ਦਾ ਹੱਲ ਕੀਤਾ ਜਾ ਸਕਦਾ ਹੈ। ਇਹ ਪ੍ਰਗਟਾਵਾ ਅੱਜ ਇੱਥੇ ਉਦਯੋਗ ਤੇ ਵਣਜ ਵਿਭਾਗ, ਪੰਜਾਬ ਅਤੇ ਜ਼ਿਲਾ ਸੰਗਰੂਰ ਇੰਡਸਟ੍ਰੀਅਲ ਚੈਂਬਰ ਵਲੋਂ ਕਰਵਾਈ ਗਈ ਕਾਨਫਰੰਸ ਮੌਕੇ ਸਾਬਕਾ ਕੇਂਦਰੀ ਮੰਤਰੀ ਅਤੇ ਪਟਿਆਲਾ ਤੋਂ ਮੌਜੂਦਾ ਲੋਕ ਸਭਾ ਮੈਂਬਰ ਪਰਨੀਤ ਕੌਰ ਨੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਪੰਜਾਬੀ ਆਪਣੀ ਮਿਹਨਤ, ਖੁੱਲ੍ਹੇ ਸੁਭਾਅ ਅਤੇ ਔਖੇ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਜਾਣੇ ਜਾਂਦੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਸੂਬਾ ਸਰਕਾਰ ਵਲੋਂ ਉਦਯੋਗਿਕ ਖੇਤਰ 'ਚ ਕੀਤੀਆਂ ਜਾ ਰਹੀਆਂ ਪਹਿਲਕਦਮੀਆਂ ਕਾਰਨ ਪੰਜਾਬ ਹੁਣ ਉਦਯੋਗਿਕ ਕ੍ਰਾਂਤੀ ਵੱਲ ਵੀ ਵਧੇਗਾ। ਉਨ੍ਹਾਂ ਕਿਹਾ ਕਿ ਉਦਯੋਗਿਕ ਤਰੱਕੀ ਨਾਲ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ ਅਤੇ ਨਾਲ ਹੀ ਸਬੰਧਤ ਖੇਤਰ ਵੀ ਖੁਸ਼ਹਾਲ ਹੋਵੇਗਾ।
ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਸੋਚ-ਵਿਚਾਰ ਕਰਨ ਮਗਰੋਂ ਸੂਬੇ 'ਚ ਦੇਸ਼ ਦੀ ਸਰਬੋਤਮ ਉਦਯੋਗਿਕ ਤੇ ਵਪਾਰ ਨੀਤੀ ਲਾਗੂ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਸੂਬੇ 'ਚ ਉਦਯੋਗਾਂ ਨੂੰ ਪ੍ਰਫੁੱਲਤ ਕਰਨ ਲਈ ਖਾਸ ਦਿਲਚਸਪੀ ਲੈ ਕੇ ਇਸ ਨੀਤੀ ਨੂੰ ਲਾਗੂ ਕਰਵਾਇਆ ਹੈ। ਉਨ੍ਹਾਂ ਸੰਗਰੂਰ ਚੈਂਬਰ ਦੀਆਂ ਮੰਗਾਂ ਸਬੰਧੀ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ 'ਚ ਸਟੇਟ ਗ੍ਰਾਊਂਡ ਵਾਟਰ ਅਥਾਰਟੀ ਦੀ ਸਥਾਪਨਾ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ ਅਤੇ ਨੋਟੀਫਿਕੇਸ਼ਨ ਹੋਣ ਤੋਂ ਬਾਅਦ ਇਸ ਨੂੰ ਜਲਦ ਹੀ ਅਮਲ 'ਚ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ 85 ਫੀਸਦੀ ਉਦਯੋਗਾਂ ਨੂੰ ਪਹਿਲਾਂ ਹੀ ਸਾਈਟ ਮੁਲਾਂਕਣ ਦੀ ਮੁਸ਼ਕਿਲ ਪ੍ਰਕਿਰਿਆ 'ਚੋਂ ਲੰਘਣ ਦੀ ਜ਼ਰੂਰਤ ਨਹੀਂ ਹੈ ਅਤੇ ਸਿਰਫ਼ 15 ਫੀਸਦੀ ਉਦਯੋਗ ਜੋ ਨਿਰਧਾਰਤ ਪ੍ਰਵਾਨਿਤ ਖੇਤਰਾਂ ਤੋਂ ਬਾਹਰ ਸਥਿਤ ਹਨ, ਨੂੰ ਸਾਈਟ ਅਪ੍ਰੇਜ਼ਲ ਕਮੇਟੀ ਤੋਂ ਸਾਈਟ ਦੀ ਮਨਜ਼ੂਰੀ ਲੈਣ ਸਬੰਧੀ ਨਿਯਮਾਂ 'ਚ ਸੋਧ ਕਰਕੇ ਢੁਕਵਾਂ ਹੱਲ ਛੇਤੀ ਹੀ ਕੱਢ ਲਿਆ ਜਾਵੇਗਾ। ਇਸ ਮੌਕੇ ਉਦਯੋਗ ਅਤੇ ਵਣਜ ਵਿਭਾਗ ਦੇ ਡਾਇਰੈਕਟਰ ਸਿਬਨ ਸੀ., ਪੰਜਾਬ ਪੀ. ਐੱਚ. ਡੀ. ਚੈਂਬਰ ਦੇ ਮੁਖੀ ਆਰ. ਐੱਸ. ਸਚਦੇਵਾ, ਜ਼ਿਲਾ ਸੰਗਰੂਰ ਇੰਡਸਟ੍ਰੀਅਲ ਚੈਂਬਰ ਦੇ ਚੇਅਰਮੈਨ ਡਾ. ਏ. ਆਰ. ਸ਼ਰਮਾ, ਪ੍ਰਧਾਨ ਘਣਸ਼ਿਆਮ ਕਾਂਸਲ ਨੇ ਵੀ ਸੰਬੋਧਨ ਕੀਤਾ।