ਭਾਰਤ-ਪਾਕਿ ਸਰਹੱਦ ’ਤੇ ਕੰਡਿਆਲੀ ਤਾਰ ਦੀਆਂ ਫੋਟੋਆਂ ਖਿੱਚ ਰਿਹਾ ਨੌਜਵਾਨ ਕਾਬੂ
Monday, Dec 13, 2021 - 02:49 AM (IST)
ਕਲਾਨੌਰ (ਮਨਮੋਹਨ)- ਬਲਾਕ ਕਲਾਨੌਰ ਅਧੀਨ ਪੈਂਦੇ ਭਾਰਤ-ਪਾਕਿ ਕੌਮਾਂਤਰੀ ਸਰਹੱਦ ’ਤੇ ਤਾਇਨਾਤ ਬੀ. ਐੱਸ. ਐੱਫ. ਦੀ 58 ਬਟਾਲੀਅਨ ਦੀ ਬੀ.ਓ.ਪੀ. ਚੋੜਾ ਵਨ ’ਤੇ ਤਾਇਨਾਤ ਜਵਾਨਾਂ ਵੱਲੋਂ ਕੌਮਾਂਤਰੀ ਸਰਹੱਦ ’ਤੇ ਬਾਰਡਰ ਦੇ ਧੁੱਸੀ ਬੰਨ੍ਹ ਨਜ਼ਦੀਕ ਬੱਕਰੀਆਂ ਚਾਰਦੇ ਸਮੇਂ ਕੰਡਿਆਲੀ ਤਾਰ ਦੀਆਂ ਫੋਟੋਆਂ ਖਿੱਚ ਰਹੇ ਗੁੱਜਰ ਨੌਜਵਾਨ ਨੂੰ ਜਵਾਨਾਂ ਵੱਲੋਂ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਜਵਾਨਾਂ ਵੱਲੋਂ ਸ਼ਾਮ ਨੂੰ ਸਰਹੱਦ ਨੇੜੇ ਬੱਕਰੀਆਂ ਚਰਾ ਰਹੇ ਇਕ ਨੌਜਵਾਨ ਨੂੰ ਸ਼ੱਕੀ ਹਾਲਤ ’ਚ ਵੇਖਿਆ।
ਇਸ ਉਪਰੰਤ ਬੀ. ਐੱਸ. ਐੱਫ. ਜਵਾਨਾਂ ਨੇ ਉਸ ਦੇ ਹੱਥ ’ਚ ਐਂਡਰਾਇਡ ਮੋਬਾਈਲ ਫੋਨ ਵੀ ਦੇਖਿਆ। ਇਸ ਦਾ ਪਤਾ ਲੱਗਣ ’ਤੇ ਤੁਰੰਤ ਉੱਚ ਅਧਿਕਾਰੀਆਂ ਨੇ ਕਾਬੂ ਕੀਤੇ ਨੌਜਵਾਨਾਂ ਤੋਂ ਪੁੱਛ ਪੜਤਾਲ ਕੀਤੀ, ਜਿਸ ਨੇ ਆਪਣੀ ਪਛਾਣ ਫਰਮਾਨ ਪੁੱਤਰ ਭਾਊ ਵਾਸੀ ਡੱਡੂ ਜ਼ਿਲ੍ਹਾ ਊਧਮਪੁਰ ਜੰਮੂ-ਕਸ਼ਮੀਰ ਦੱਸੀ। ਉਕਤ ਨੌਜਵਾਨ ਪਿਛਲੇ ਦਿਨਾਂ ਤੋਂ ਆਪਣੇ ਪਰਿਵਾਰ ਸਮੇਤ ਪਿੰਡ ਚੌੜਾ ਜੋ ਬਾਰਡਰ ਪੱਟੀ ਦੇ ਕੰਢੇ ਪੈਂਦਾ ਹੈ, ਆਰਜ਼ੀ ਡੇਰਾ ਬਣਾ ਕੇ ਰਹਿ ਰਹੇ ਹਨ। ਇਸ ਸਬੰਧੀ ਡੀ. ਆਈ. ਜੀ. ਪ੍ਰਭਾਕਰ ਜੋਸ਼ੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਫੜੇ ਗਏ ਉਕਤ ਨੌਜਵਾਨ ਦੇ ਮੋਬਾਇਲ ’ਚੋਂ ਕੰਡਿਆਲੀ ਤਾਰ ਦੀ ਫ਼ੋਟੋ ਤੋਂ ਇਲਾਵਾ ਅਰਬ ਕੰਟਰੀਆਂ ਨਾਲ ਸਬੰਧਤ ਫੋਨ ਨੰਬਰ ਵੀ ਪ੍ਰਾਪਤ ਹੋਏ ਹਨ। ਨੌਜਵਾਨ ਨੂੰ ਪੁਲਸ ਥਾਣਾ ਕਲਾਨੌਰ ਦੇ ਹਵਾਲੇ ਕਰ ਦਿੱਤਾ ਗਿਆ ਹੈ।