ਭਾਰਤ-ਪਾਕਿ ਦੇ ਇੰਜੀਨੀਅਰਾਂ ''ਚ ਪਾਣੀ ਦੀ ਲੜਾਈ ਜਾਰੀ

07/24/2017 2:19:27 AM

ਗੁਰਦਾਸਪੁਰ,   (ਵਿਨੋਦ)-  ਬੇਸ਼ੱਕ ਰਣਜੀਤ ਸਾਗਰ ਡੈਮ ਦੇ ਨਿਰਮਾਣ ਤੋਂ ਬਾਅਦ ਰਾਵੀ ਦਰਿਆ 'ਚ ਆਉਣ ਵਾਲੇ ਹੜ੍ਹ ਦੀ ਸੰਭਾਵਨਾ ਘੱਟ ਹੋ ਚੁੱਕੀ ਹੈ ਪਰ ਮੀਂਹ ਦੇ ਦਿਨਾਂ 'ਚ ਜੰਮੂ-ਕਸ਼ਮੀਰ ਸੂਬੇ ਦੇ ਦਰਿਆ ਉੱਜ, ਜਲਾਲਿਆ, ਸਿੰਗਰਾਵਾਂ ਸਮੇਤ ਪਾਕਿਸਤਾਨ ਦੇ ਤਰਨਾਹ ਅਤੇ ਖੂਨੀ ਨਾਲਾ ਸਮੇਤ ਹੋਰ ਛੋਟੇ-ਛੋਟੇ ਨਾਲਿਆਂ ਆਦਿ ਤੋਂ ਪਾਣੀ ਆਉਣ ਅਤੇ ਇਸ ਦੇ ਰਾਵੀ ਦਰਿਆ 'ਚ ਮਿਲਣ ਨਾਲ ਜ਼ਿਲਾ ਗੁਰਦਾਸਪੁਰ 'ਚ ਰਾਵੀ ਦਰਿਆ ਕਿਨਾਰੇ ਵਸੇ ਪਿੰਡਾਂ ਦੇ ਲੋਕਾਂ ਨੂੰ ਅਜੇ ਹਰ ਸਮੇਂ ਹੜ੍ਹ ਦਾ ਖੌਫ ਬਣਿਆ ਰਹਿੰਦਾ ਹੈ ਕਿਉਂਕਿ ਪਾਕਿਸਤਾਨ ਨੇ ਰਾਵੀ ਦਰਿਆ 'ਤੇ ਬਣਾਏ ਆਪਣੇ ਹੜ੍ਹ ਸੁਰੱਖਿਆ ਪ੍ਰਬੰਧਾਂ ਕਾਰਨ ਆਪਣੇ ਆਪ ਨੂੰ ਭਾਰਤ ਦੇ ਮੁਕਾਬਲੇ ਜ਼ਿਆਦਾ ਸੁਰੱਖਿਅਤ ਕਰ ਲਿਆ ਹੈ।  
ਇਸ ਸਥਿਤੀ ਕਾਰਨ ਆਉਣ ਵਾਲੇ ਸਮੇਂ 'ਚ ਜੇਕਰ ਭਾਰਤੀ ਇੰਜੀਨੀਅਰਾਂ ਨੇ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਨਾ ਲਿਆ ਤਾਂ ਭਾਰਤ ਲਈ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਜਾਣਗੀਆਂ। ਹੜ੍ਹ ਦੇ ਮੌਸਮ 'ਚ ਡੇਰਾ ਬਾਬਾ ਨਾਨਕ ਦੇ ਘਣਿਆ ਕੇ ਬੇਟ ਅਤੇ ਮਕੌੜਾ ਪਤਨ ਦੇ ਸਾਹਮਣੇ ਭਰਿਆਲ ਇਲਾਕੇ ਤਾਂ ਦੇਸ਼ ਤੋਂ ਕੱਟ ਕੇ ਰਹਿ ਜਾਂਦੇ ਹਨ। ਜਾਣਕਾਰੀ ਅਨੁਸਾਰ ਲਗਭਗ 35 ਸਾਲ ਤੋਂ ਭਾਰਤ ਅਤੇ ਪਾਕਿਸਤਾਨ ਦੇ ਇੰਜੀਨੀਅਰਾਂ 'ਚ ਇਹ ਪਾਣੀ ਦੀ ਲੜਾਈ ਚਲਦੀ ਆ ਰਹੀ ਹੈ, ਜਿਸ 'ਚ ਕਦੇ ਭਾਰਤ ਅਤੇ ਕਦੇ ਪਾਕਿਸਤਾਨ ਜਿੱਤਦਾ ਆ ਰਿਹਾ ਹੈ ਪਰ ਕਈ ਵਾਰ ਤਾਂ ਇਸ ਹੜ੍ਹ ਕਾਰਨ ਦੋਵਾਂ ਹੀ ਦੇਸ਼ਾਂ ਦੇ ਇੰਜੀਨੀਅਰ ਇਹ ਲੜਾਈ ਹਾਰ ਜਾਂਦੇ ਹਨ। ਸ਼ੁਰੂ-ਸ਼ੁਰੂ 'ਚ ਤਾਂ ਰਾਵੀ ਦਰਿਆ ਦੇ ਹੜ੍ਹ ਦਾ ਭਾਰਤ ਹੀ ਸ਼ਿਕਾਰ ਹੁੰਦਾ ਸੀ ਕਿਉਂਕਿ ਭਾਰਤ ਦੀ ਭੂਮੀ ਪਾਕਿਸਤਾਨ ਦੀ ਬਜਾਏ ਢਲਾਣ 'ਤੇ ਹੋਣ ਕਾਰਨ ਰਾਵੀ ਦਰਿਆ ਦਾ ਵਹਾਅ ਅਤੇ ਪਾਣੀ ਦਾ ਦਬਾਅ ਭਾਰਤ ਵੱਲ ਜ਼ਿਆਦਾ ਸੀ, ਜਿਸ ਕਾਰਨ ਰਾਵੀ ਦਰਿਆ ਦੀ ਲਪੇਟ 'ਚ ਭਾਰਤੀ ਇਲਾਕਾ ਹੀ ਆਉਂਦਾ ਸੀ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਉਦੋਂ ਭਾਰਤੀ ਇੰਜੀਨੀਅਰਾਂ ਨੇ ਰਾਵੀ ਦਰਿਆ ਕਿਨਾਰੇ ਇਕ ਧੁੱਸੀ ਬੰਨ੍ਹ ਦਾ ਨਿਰਮਾਣ ਕੀਤਾ ਅਤੇ ਪਾਣੀ ਦੇ ਵਹਾਅ ਤੇ ਦਬਾਅ ਨੂੰ ਪਾਕਿਸਤਾਨ ਵੱਲ ਕਰਨ ਲਈ ਕੁਝ ਸੰਵੇਦਨਸ਼ੀਲ ਸਥਾਨਾਂ 'ਤੇ ਸਪਰ ਅਤੇ ਸਟੱਡ ਬਣਾਏ। ਭਾਰਤੀ ਇੰਜੀਨੀਅਰਾਂ ਦੀ ਇਸ ਕੋਸ਼ਿਸ਼ ਨਾਲ ਭਾਰਤ ਨੂੰ ਸਫ਼ਲਤਾ ਮਿਲ ਗਈ, ਉਦੋਂ ਜੈਨਪੁਰ, ਕਮਾਲਪੁਰ ਅਤੇ ਰੋਸਾ 'ਚ ਸਭ ਤੋਂ ਜ਼ਿਆਦਾ ਹੜ੍ਹ ਸੁਰੱਖਿਆ ਪ੍ਰਬੰਧਾਂ 'ਤੇ ਜ਼ੋਰ ਦਿੱਤਾ ਗਿਆ। ਉਦੋਂ ਤੋਂ ਲੈ ਕੇ ਅੱਜ ਤੱਕ ਇਹ ਭਾਰਤੀ ਅਤੇ ਪਾਕਿਸਤਾਨੀ ਇੰਜੀਨੀਅਰ ਇਕ ਦੂਸਰੇ ਵੱਲ ਪਾਣੀ ਦਾ ਵਹਾਅ ਮੋੜਨ ਲਈ ਸੰਘਰਸ਼ ਕਰਦੇ ਆ ਰਹੇ ਹਨ। ਇਸੇ ਤਰ੍ਹਾਂ ਭਾਰਤ ਵੱਲੋਂ ਬਣਾਏ ਗਏ ਧੁੱਸੀ ਬੰਨ੍ਹ 'ਤੇ ਕੀਤੇ ਸੁਰੱਖਿਆ ਪ੍ਰਬੰਧਾਂ ਕਾਰਨ ਕਮਾਲਪੁਰ ਦੇ ਨੇੜੇ ਰਾਵੀ ਦਰਿਆ ਲਗਭਗ 4 ਕਿਲੋਮੀਟਰ ਪਾਕਿਸਤਾਨ ਇਲਾਕੇ ਵੱਲ ਚਲਾ ਗਿਆ ਹੈ ਪਰ ਪਾਕਿਸਤਾਨ ਸਰਕਾਰ ਨੇ ਇਕ ਨਾਲਾ ਪੁੱਟ ਕੇ ਰਾਵੀ ਦਰਿਆ ਦਾ ਪਾਣੀ ਉਸ ਨਾਲੇ 'ਚ ਪਾ ਦਿੱਤਾ, ਜਿਸ ਕਾਰਨ ਰਾਵੀ ਦਰਿਆ ਨੇ ਇਸ ਨਾਲੇ ਨੂੰ ਆਪਣਾ ਸਥਾਈ ਰਸਤਾ ਬਣਾ ਲਿਆ, ਜਿਸ ਕਾਰਨ ਦੁਬਾਰਾ ਦਰਿਆ ਭਾਰਤੀ ਇਲਾਕੇ 'ਚ ਆ ਗਿਆ। 


Related News