''ਭਾਰਤ ਮਾਤਾ ਕੀ ਜੈ'' ਦੇ ਨਾਅਰਿਆਂ ਨਾਲ ਗੂੰਜਦਾ ਹੈ ਰੋਜ਼ਾਨਾ ਹੁਸੈਨੀਵਾਲਾ ਵਾਲਾ ਭਾਰਤ-ਪਾਕਿ ਬਾਰਡਰ

10/16/2017 12:01:56 PM

ਫਿਰੋਜ਼ਪੁਰ (ਕੁਮਾਰ)-ਫਿਰੋਜ਼ਪੁਰ ਦੇ ਹੁਸੈਨੀਵਾਲਾ ਭਾਰਤ-ਪਾਕਿ ਬਾਰਡਰ 'ਤੇ ਰੋਜ਼ਾਨਾ ਸ਼ਾਮ ਸਮੇਂ ਰੀਟ੍ਰੀਟ ਸੈਰੇਮਨੀ ਹੁੰਦੀ ਹੈ, ਜਿਸ ਵਿਚ ਬੀ. ਐੱਸ. ਐੱਫ. ਦੇ ਜਵਾਨ ਅਤੇ ਪਾਕਿ ਰੇਂਜਰਸ ਸ਼ਾਨਦਾਰ ਪਰੇਡ ਦਾ ਪ੍ਰਦਰਸ਼ਨ ਕਰਦੇ ਹਨ ਤੇ ਆਪਣੇ-ਆਪਣੇ ਦੇਸ਼ ਦੇ ਰਾਸ਼ਟਰੀ ਝੰਡੇ ਬੜੇ ਸਨਮਾਨ ਨਾਲ ਉਤਾਰਦੇ ਹਨ। 
ਇਸ ਸੈਰੇਮਨੀ ਨੂੰ ਦੇਖਣ ਲਈ ਦੇਸ਼ਾਂ-ਵਿਦੇਸ਼ਾਂ ਤੋਂ ਲੋਕ ਆਉਂਦੇ ਹਨ। ਅਜਿਹਾ ਹੀ ਮਾਹੌਲ ਪਾਕਿਸਤਾਨ ਦਾ ਹੁੰਦਾ ਹੈ ਅਤੇ ਪਾਕਿਸਤਾਨ ਦੇ ਲੋਕ ਵੀ ਇਥੇ ਆ ਕੇ ਆਪਣੇ ਦੇਸ਼ ਨੂੰ ਸਨਮਾਨ ਦਿੰਦੇ ਹਨ, ਜਦੋਂ ਦੋਵਾਂ ਦੇਸ਼ਾਂ ਦੇ ਰਾਸ਼ਟਰੀ ਝੰਡੇ ਉਤਾਰਨ ਦੀ ਰਸਮ ਸ਼ੁਰੂ ਹੁੰਦੀ ਹੈ ਤਾਂ ਬੀ. ਐੱਸ. ਐੱਫ. ਦੇ ਜਵਾਨ ਅਤੇ ਪਾਕਿ ਰੇਂਜਰਸ ਪੂਰੇ ਜੋਸ਼ ਨਾਲ ਆਪਣੀ ਪਰੇਡ ਸ਼ੁਰੂ ਕਰ ਕੇ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੰਦੇ ਹਨ ਅਤੇ ਦੋਵਾਂ ਦੇਸ਼ਾਂ ਦੇ ਬੈਠੇ ਸੈਂਕੜੇ ਦਰਸ਼ਕਾਂ ਦੇ ਦਿਲਾਂ ਦੀਆਂ ਧੜਕਣਾਂ ਤੇਜ਼ ਹੋ ਜਾਂਦੀਆਂ ਹਨ। ਭਾਰਤ ਸਰਕਾਰ ਵੱਲੋਂ ਹੁਸੈਨੀਵਾਲਾ ਜ਼ੀਰੋ ਲਾਈਨ 'ਤੇ ਵੱਡੀ ਦਰਸ਼ਨ ਗੈਲਰੀ ਬਣਾਉਣ ਤੋਂ ਬਾਅਦ ਭਾਰਤੀ ਲੋਕਾਂ ਦੀ ਭੀੜ ਪਾਕਿਸਤਾਨੀ ਦਰਸ਼ਕਾਂ ਦੇ ਮੁਕਾਬਲੇ ਜ਼ਿਆਦਾ ਹੁੰਦੀ ਹੈ। ਇਕ ਪਾਸੇ ਬੀ. ਐੱਸ. ਐੱਫ. ਦੇ ਜਵਾਨ ਪੂਰੀ ਜਾਨ ਲਾ ਕੇ ਆਪਣੇ ਪੈਰ ਜ਼ਮੀਨ 'ਤੇ ਮਾਰਦੇ ਸ਼ਾਨਦਾਰ ਪਰੇਡ ਦਾ ਪ੍ਰਦਰਸ਼ਨ ਕਰਦੇ ਹਨ, ਦੂਜੇ ਪਾਸੇ ਹਿੰਦੋਸਤਾਨ ਬਾਰਡਰ 'ਭਾਰਤ ਮਾਤਾ ਕੀ ਜੈ' ਦੇ ਨਾਅਰਿਆਂ ਨਾਲ ਗੂੰਜ ਉੱਠਦਾ ਹੈ। ਭਾਰਤ ਵੱਲੋਂ ਬੀ. ਐੱਸ. ਐੱਫ. ਦੇ ਜਵਾਨਾਂ ਦੇ ਪੈਰ ਜਿਵੇਂ ਹੀ ਜ਼ਮੀਨ 'ਤੇ ਵੱਜਦੇ ਹਨ ਤਾਂ ਭਾਰਤੀ ਦਰਸ਼ਕ ਤਾੜੀਆਂ ਵਜਾਉਂਦੇ ਸਾਡੇ ਜਵਾਨਾਂ ਦਾ ਹੌਸਲਾ ਵਧਾਉਂਦੇ ਹਨ। ਕਈ ਵਾਰ ਅਜਿਹਾ ਲੱਗਦਾ ਹੈ ਕਿ ਜਿਵੇਂ ਦੋਵਾਂ ਦੇਸ਼ਾਂ ਦੇ ਜਵਾਨਾਂ ਵਿਚ ਚੱਲ ਰਹੇ ਇਸ ਮੁਕਾਬਲੇ ਵਿਚ ਦਰਸ਼ਕ ਵੀ ਸ਼ਾਮਲ ਹੋ ਜਾਂਦੇ ਹਨ ਅਤੇ ਮਾਹੌਲ ਗਰਮ ਹੋ ਜਾਂਦਾ ਹੈ ਤਾਂ ਉਦੋਂ ਭਾਰਤ ਦੇ ਬੀ. ਐੱਸ. ਐੱਫ. ਅਧਿਕਾਰੀ ਆਪਣੇ ਦਰਸ਼ਕਾਂ ਨੂੰ ਮਾਹੌਲ ਸ਼ਾਂਤੀਪੂਰਨ ਬਣਾਈ ਰੱਖਣ ਦੀ ਅਪੀਲ ਕਰਦੇ ਹਨ।  ਇਸ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਵੱਖ-ਵੱਖ ਧਰਮਾਂ ਦੇ ਲੋਕ ਹਿੰਦੋਸਤਾਨੀ ਹੋਣ ਦਾ ਅਹਿਸਾਸ ਦਿਵਾਉਂਦੇ ਹਨ। ਜਿਵੇਂ ਹੀ ਰੀਟ੍ਰੀਟ ਸੈਰੇਮਨੀ ਖਤਮ ਹੁੰਦੀ ਹੈ ਤਾਂ ਦਰਸ਼ਕ ਬੀ. ਐੱਸ. ਐੱਫ. ਦੇ ਜਵਾਨਾਂ ਨਾਲ ਫੋਟੋ ਖਿਚਵਾਉਂਦੇ ਹਨ। ਜ਼ੀਰੋ ਲਾਈਨ ਕੋਲ ਬਣਿਆ ਸ਼ਾਨ-ਏ-ਹਿੰਦ ਗੇਟ ਹੁਸੈਨੀਵਾਲਾ ਦੀ ਖੂਬਸੂਰਤੀ ਨੂੰ ਹੋਰ ਵਧਾਉਂਦਾ ਹੈ। 


Related News