ਭਾਰਤੀ ਰੇਲਵੇ ਨੇ ‘‘ਸਵਰੇਲ’’ ਸੁਪਰ ਐਪ ਕੀਤੀ ਲਾਂਚ
Saturday, Apr 05, 2025 - 10:34 PM (IST)

ਜੈਤੋ (ਪਰਾਸ਼ਰ/ਕੁਮਾਰ) - ਭਾਰਤੀ ਰੇਲਵੇ ਨੇ ‘‘ਸਵਰੇਲ’’ ਸੁਪਰ ਐਪ ਲਾਂਚ ਕੀਤੀ ਹੈ, ਜੋ ਰੇਲ ਯਾਤਰੀਆਂ ਦੀ ਯਾਤਰਾ ਨੂੰ ਸੁਚਾਰੂ ਅਤੇ ਆਰਾਮਦਾਇਕ ਬਣਾਉਣ ਲਈ ਵੱਖ-ਵੱਖ ਰੇਲ ਸੇਵਾਵਾਂ ਨੂੰ ਇੱਕ ਪਲੇਟਫਾਰਮ ਵਿੱਚ ਜੋੜਦੀ ਹੈ। ਇਸ ਐਪ ਰਾਹੀਂ ਰੇਲਵੇ ਯਾਤਰੀ ਵੱਖ-ਵੱਖ ਰੇਲ ਸੇਵਾਵਾਂ ਜਿਵੇਂ ਕਿ ਅਣਰਾਖਵੀਆਂ ਟਿਕਟਾਂ, ਰਾਖਵੀਆਂ ਟਿਕਟਾਂ ਅਤੇ ਪਲੇਟਫਾਰਮ ਟਿਕਟਾਂ ਬੁੱਕ ਕਰਨਾ, ਰੇਲਗੱਡੀ ਦੀ ਜਾਣਕਾਰੀ, ਖਾਣਾ ਆਰਡਰ ਕਰਨਾ ਅਤੇ ਯਾਤਰਾ ਦੌਰਾਨ ਕਿਸੇ ਵੀ ਸਮੱਸਿਆ ਦੀ ਸਥਿਤੀ ਵਿੱਚ ਸ਼ਿਕਾਇਤਾਂ ਦਰਜ ਕਰਵਾ ਸਕਦੇ ਹਨ। ਯਾਤਰਾ ਨਾਲ ਸਬੰਧਤ ਸਾਰੀਆਂ ਸਮੱਸਿਆਵਾਂ ਇਸ ਐਪ ਦੁਆਰਾ ਹੱਲ ਕੀਤੀਆਂ ਜਾ ਸਕਦੀਆਂ ਹਨ।
ਇਹ ਜਾਣਕਾਰੀ ਦਿੰਦੇ ਹੋਏ, ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਉੱਤਰੀ ਰੇਲਵੇ, ਫਿਰੋਜ਼ਪੁਰ ਨੇ ਦੱਸਿਆ ਕਿ ‘ਸਵਰੇਲ’ ਸੁਪਰ ਐਪ ਸੈਂਟਰ ਫਾਰ ਰੇਲਵੇ ਇਨਫਰਮੇਸ਼ਨ ਸਿਸਟਮ ਦੁਆਰਾ ਵਿਕਸਤ ਕੀਤਾ ਗਿਆ ਹੈ ਅਤੇ ਇਹ ਬੀਟਾ ਵਰਜ਼ਨ ਵਿੱਚ ਉਪਲਬਧ ਹੈ। ਇਹ ਐਪ ਰੇਲ ਉਪਭੋਗਤਾਵਾਂ ਦੁਆਰਾ ਵਰਤੋਂ ਲਈ ਭਾਰਤੀ ਰੇਲਵੇ ਦੁਆਰਾ ਗੂਗਲ ਪਲੇ ਸਟੋਰ ਅਤੇ ਐਪਲ ਐਪ ਸਟੋਰ ’ਤੇ ਉਪਲਬਧ ਹੈ। ਇਸ ਐਪ ਵਿੱਚ, ਵੱਖ-ਵੱਖ ਡਿਜੀਟਲ ਸੇਵਾਵਾਂ ਦੇ ਲਾਭ ਇੱਕ ਪਲੇਟਫਾਰਮ ’ਤੇ ਉਪਲਬਧ ਹੋਣਗੇ। ਜਿਸ ਵਿੱਚ ਰੇਲਵੇ ਯਾਤਰੀ ਟਿਕਟ ਬੁਕਿੰਗ ਤੋਂ ਲੈ ਕੇ ਖਾਣ-ਪੀਣ ਅਤੇ ਸ਼ਿਕਾਇਤਾਂ ਤੱਕ ਆਪਣੀਆਂ ਸਮੱਸਿਆਵਾਂ ਦਰਜ ਕਰਵਾ ਸਕਦੇ ਹਨ।