ਹੁਸ਼ਿਆਰਪੁਰ ਦੇ ਇਸ ਪੰਜਾਬੀ ਨੇ ਚਮਕਾਇਆ ਨਾਂ, ਭਾਰਤੀ ਜਲ ਸੈਨਾ ਵਿਚ ਹਾਸਲ ਕੀਤਾ ਵੱਡਾ ਅਹੁਦਾ
Thursday, Jan 28, 2021 - 12:00 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਟਾਂਡਾ ਉੜਮੁੜ ਦੇ ਪਿੰਡ ਖੁੱਡਾ ਦੇ ਨੌਜਵਾਨ ਨੇ ਭਾਰਤੀ ਜਲ ਸੈਨਾ ਵਿੱਚ ਸਬ ਲੈਫਟੀਨੈਂਟ ਬਣ ਕੇ ਪਿੰਡ ਦਾ ਮਾਣ ਵਧਾਇਆ ਹੈ। ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਹੁਸ਼ਿਆਰਪੁਰ ਅਵਤਾਰ ਕ੍ਰਿਸ਼ਨ ਸੈਣੀ ਅਤੇ ਹੋਮਿਓਪੈਥਿਕ ਮੈਡੀਕਲ ਅਫ਼ਸਰ ਟਾਂਡਾ ਡਾ. ਮੀਨਾਕਸ਼ੀ ਸੈਣੀ ਦੇ ਹੋਣਹਾਰ ਸਪੁੱਤਰ ਅਮਿਤ ਸੈਣੀ ਨੇ ਇਹ ਮਾਣ ਹਾਸਲ ਕੀਤਾ ਹੈ।
ਅਮਿਤ ਦੇ ਮਾਤਾ-ਪਿਤਾ ਨੇ ਆਪਣੇ ਪੁੱਤਰ ਤੇ ਫ਼ਖਰ ਮਹਿਸੂਸ ਕਰਦੇ ਹੋਏ ਦੱਸਿਆ ਕਿ ਉਸ ਨੇ ਸੇਂਟ ਪਾਲ ਕਾਨਵੈਂਟ ਸਕੂਲ ਦਸੂਹਾ ਤੋਂ 10ਵੀਂ ਕਰਨ ਉਪਰੰਤ ਬਾਰ੍ਹਵੀਂ ਕੈਂਬਰਿਜ ਸਕੂਲ ਤੋਂ ਕੀਤੀ ਅਤੇ ਬੇਅੰਤ ਕਾਲਜ ਆਫ਼ ਨਰਸਿੰਗ ਗੁਰਦਾਸਪੁਰ ਤੋਂ ਬੀ. ਟੈੱਕ ਮੈਕੈਨਿਕਲ ਇੰਜੀਨੀਅਰਿੰਗ ਦੀ ਪੜਾਈ ਕਰਕੇ ਆਪਣੇ ਬਚਪਨ ਦੇ ਨਿਸ਼ਾਨੇ ਅਨੁਸਾਰ ਫ਼ੌਜ ਵਿਚ ਸੇਵਾ ਦੇਣ ਉੱਦਮ ਸ਼ੁਰੂ ਕਰ ਦਿੱਤੇ।
ਉਨ੍ਹਾਂ ਦੱਸਿਆ ਕਿ ਹਾਲਾਂਕਿ 7 ਵਾਰ ਅਸਫ਼ਲ ਰਹਿਣ ਦੇ ਬਾਵਜੂਦ ਆਪਣੇ ਬੁਲੰਦ ਹੌੰਸਲੇ ਅਤੇ ਨਿਸ਼ਾਨੇ ਦੇ ਚਲਦਿਆਂ 8 ਵੀ ਵਾਰ ਐੱਸ. ਐੱਸ . ਬੀ. ਕਲੀਅਰ ਕਰਕੇ 26 ਜਨਵਰੀ 2021 ਨੂੰ ਭਾਰਤੀ ਜਲ ਸੈਨਾ ਅਕਾਦਮੀ ਐਜੀਮਾਲਾ ਕੇਰਲਾ ਤੋਂ ਟਰੇਨਿੰਗ ਖ਼ਤਮ ਕਰਕੇ ਕਮਿਸ਼ਨ ਅਫ਼ਸਰ ਬਣ ਕੇ ਦੇਸ਼ ਦੀ ਸੇਵਾ ਸ਼ੁਰੂ ਕਰ ਦਿੱਤੀ ਹੈ। ਅਮਿਤ ਦੇ ਮਾਪਿਆਂ ਮੁਤਾਬਕ ਉਹ ਪਿੰਡ ਖੁੱਡਾ ਦਾ ਪਹਿਲਾ ਨੌਜਵਾਨ ਹੈ, ਜੋ ਇਹ ਮਾਣ ਹਾਸਲ ਕਰ ਸਕਿਆ ਹੈ।