ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਹਰ ਇਨਸਾਨ ਨੂੰ ਆਪਣੇ ਫਰਜ਼ ਨਿਭਾਉਣੇ ਪੈਣਗੇ : ਰਾਜੇਵਾਲ
Wednesday, May 18, 2022 - 02:17 PM (IST)
ਧਰਮਕੋਟ (ਅਕਾਲੀਆਂਵਾਲਾ) : ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਮੀਟਿੰਗ ਧਰਮਕੋਟ ਰੋਡ ’ਤੇ ਸਥਿਤ ਗੁਰਦੁਆਰਾ ਹਜ਼ੂਰ ਸਾਹਿਬ ਵਿਖੇ ਹੋਈ ਜਿੱਥੇ ਵਿਸ਼ੇਸ਼ ਤੌਰ ’ਤੇ ਸੂਬਾ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਪੁੱਜੇ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਆਖਿਆ ਕਿ ਪੰਜਾਬ ਦੇ ਪਾਣੀਆਂ ਦਾ ਪੱਧਰ ਬਹੁਤ ਹੀ ਨਿਵਾਣ ਵੱਲ ਜਾ ਰਿਹਾ ਹੈ ਸਾਨੂੰ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਫਸਲੀ ਵਿਭਿੰਨਤਾ ਵੱਲ ਜ਼ੋਰ ਦੇਣਾ ਪਵੇਗਾ। ਉਨ੍ਹਾਂ ਕਿਹਾ ਕਿ ਨੀਵੇਂ ਹੋ ਰਹੇ ਪਾਣੀ ਦੇ ਪੱਧਰ ਲਈ ਇਕੱਲੇ ਕਿਸਾਨਾਂ ਨੂੰ ਹੀ ਜ਼ਿੰਮੇਵਾਰ ਨਾ ਠਹਿਰਾਇਆ ਜਾਵੇ, ਸਗੋਂ ਜਿਹੜੀਆਂ ਫ਼ਸਲਾਂ ਘੱਟ ਪਾਣੀ ਨਾਲ ਹੁੰਦੀਆਂ ਹਨ, ਉਨ੍ਹਾਂ ’ਤੇ ਐੱਮ.ਐੱਸ.ਪੀ ਯਕੀਨੀ ਬਣਾਈ ਜਾਵੇ। ਜੇਕਰ ਸਰਕਾਰਾਂ ਐੱਮ.ਐੱਸ.ਪੀ ਯਕੀਨੀ ਬਣਾ ਦੇਣ ਤਾਂ ਕਿਸਾਨ ਝੋਨੇ ਦੀ ਫ਼ਸਲ ਤੋਂ ਕਿਨਾਰਾ ਕਰ ਲੈਣਗੇ।
ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਗੰਭੀਰ ਚਿੰਤਾ ਦਾ ਵਿਸ਼ਾ ਹੈ। ਕਿਸਾਨੀ ਨੂੰ ਅੱਜ ਧਰਤੀ ਤੋਂ ਪਾਣੀ ਜੁਟਾਉਣਾ ਬਹੁਤ ਔਖਾ ਹੋ ਚੁੱਕਾ ਹੈ, ਉਸ ਲਈ ਲੱਖਾਂ ਰੁਪਏ ਖਰਚ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਕਿਸਾਨ ਨਹਿਰੀ ਪਾਣੀ ’ਤੇ ਆਪਣੀ ਸੱਚਾਈ ਨਿਰਭਰ ਕਰਨ, ਜਿੱਥੇ ਕਿਤੇ ਨਹਿਰੀ ਪਾਣੀ ਨਹੀਂ ਪੁੱਜਦਾ ਉਥੇ ਹੀ ਮੋਟਰਾਂ ਦੇ ਪਾਣੀ ਦੀ ਵਰਤੋਂ ਕੀਤੀ ਜਾਵੇ। ਉਨ੍ਹਾਂ ਆਖਿਆ ਕਿ ਧਰਤੀ ਨੂੰ ਹਰਾ ਭਰਿਆ ਰੱਖਣ ਲਈ ਹਰੇਕ ਕਿਸਾਨ ਆਪਣੀ ਮੋਟਰ ’ਤੇ ਵੱਧ ਤੋਂ ਵੱਧ ਰੁੱਖ ਲਗਾਵੇ ਤਾਂ ਜੋ ਪੰਜਾਬ ਦੀ ਗੁਆਚ ਚੁੱਕੀ ਹਰਿਆਲੀ ਨੂੰ ਬਹਾਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਵੱਧ ਰਹੀਆਂ ਖ਼ੁਦਕੁਸ਼ੀਆਂ ਇਕੱਲੇ ਪੰਜਾਬ ਦੀ ਹੀ ਨਹੀਂ ਸਗੋਂ ਸਮੁੱਚੇ ਭਾਰਤ ਦੀ ਸਾਂਝੀ ਸਮੱਸਿਆ ਹੈ। ਅੰਨਦਾਤਾ ਕਿਸਾਨ ਆਖ਼ਰ ਕਿਹੜੇ ਕਾਰਣਾਂ ਕਰਕੇ ਖ਼ੁਦਕੁਸ਼ੀ ਕਰਨ ਦੇ ਰਾਹ ਪੈ ਰਿਹਾ ਹੈ?
ਪੰਜਾਬ ’ਚ ਪਿਛਲੇ ਕੁਝ ਸਾਲਾਂ ਦੌਰਾਨ ਇਕੋ ਦਿਨ ਵਿਚ ਤਿੰਨ ਤੋਂ ਚਾਰ ਕਿਸਾਨ ਖ਼ੁਦਕੁਸ਼ੀਆਂ ਕਰਦੇ ਰਹੇ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਾਡੀ ਜਥੇਬੰਦੀ ਤੁਹਾਡੇ ਨਾਲ ਹੈ ਹਾਲਾਤ ਨਾਲ ਲੜਨਾ ਸਿੱਖੋ ਇਹ ਨਹੀਂ ਕਿ ਜ਼ਿੰਦਗੀ ਤੋਂ ਹਾਰ ਜਾਣਾ ਹੀ ਸੌਖਾ ਹੱਲ ਹੁੰਦਾ ਹੈ। ਉਨ੍ਹਾਂ ਨੇ ਪਿਛਲੇ ਸਮੇਂ ਦੌਰਾਨ ਅੱਗ ਨਾਲ ਵਾਪਰੀਆਂ ਘਟਨਾਵਾਂ ’ਤੇ ਚਿੰਤਾ ਵੀ ਪ੍ਰਗਟਾਈ, ਜਿਸ ਵਿਚ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਬ੍ਰਹਮਕੇ ਬਲਾਕ ਪ੍ਰਧਾਨ, ਜਸਵਿੰਦਰ ਸਿੰਘ ਧਰਮਕੋਟ, ਜਸਵਿੰਦਰ ਸਿੰਘ ਬਾਠ ਬਲਾਕ ਜਰਨਲ ਸਕੱਤਰ, ਜਗਮੋਹਨ ਸਿੰਘ, ਸਵਰਨ ਸਿੰਘ ਫਤਹਿਗੜ੍ਹ, ਜਗਬੀਰ ਸਿੰਘ ਸੈਕਟਰੀ, ਬਾਬਾ ਮਾਨ ਸਿੰਘ ਭੋਏਪੁਰ, ਜਸਪਾਲ ਸਿੰਘ ਲਲਿਹਾਂਦੀ, ਬਾਬਾ ਰਾਜਵਿੰਦਰ ਸਿੰਘ ਜਨਰਲ ਸਕੱਤਰ, ਜਗਮੋਹਨ ਸਿੰਘ ਫਤਹਿਗੜ੍ਹ ਪੰਜਤੂਰ ,ਕਲਗਾ ਸਿੰਘ, ਨਛੱਤਰ ਸਿੰਘ, ਜਸਬੀਰ ਸਿੰਘ ਮੌਜਗੜ੍ਹ ਹਾਜ਼ਰ ਸਨ।