ਭਾਰਤੀ ਸਰਹੱਦ ’ਚ ਦਾਖ਼ਲ ਹੁੰਦਾ ਪਾਕਿਸਤਾਨੀ ਘੁਸਪੈਠੀਆ ਕਾਬੂ
Monday, Jan 04, 2021 - 03:03 PM (IST)
ਜਲਾਲਾਬਾਦ (ਸੇਤੀਆ, ਟੀਨੂੰ, ਸੁਮਿਤ) : ਬੀ. ਐੱਸ. ਐੱਫ ਨੇ ਬੀ. ਓ. ਪੀ. ਚੱਕ ਖੀਵਾ ਨਜ਼ਦੀਕ ਭਾਰਤ ਸਰਹੱਦ ’ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਇਕ ਪਾਕਿ ਘੁਸਪੈਠੀਏ ਨੂੰ ਕਾਬੂ ਕਰਕੇ ਥਾਣਾ ਸਦਰ ਜਲਾਲਾਬਾਦ ਦੇ ਹਵਾਲੇ ਕੀਤਾ ਹੈ। ਮੰਡੀ ਘੁਬਾਇਆ ਦੇ ਚੌਂਕੀ ਇੰਚਾਰਜ ਸੁਰਿੰਦਰ ਨਿਖੰਜ ਨੇ ਦੱਸਿਆ ਉਨ੍ਹਾਂ ਨੂੰ ਸ਼ੈਲੇਂਦਰ ਯਾਦਵ (ਡੀ. ਐੱਸ. ਪੀ) ਕੰਪਨੀ ਕਮਾਂਡਰ 52 ਬੀ. ਐੱਨ. ਬੀ. ਓ. ਪੀ ਚੱਕ ਖੀਵਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਮੁਲਜ਼ਮ ਗੁਲਾਮ ਦਸਤਰੀ ਵਾਸੀ ਪਾਕਿਸਤਾਨ ਨੂੰ ਪਿੰਡ ਚੱਕ ਖੀਵਾ ਦੀ ਬੀ. ਓ. ਪੀ. ਤੋਂ ਕਾਬੂ ਕੀਤਾ ਗਿਆ ਹੈ ਜਿਸ ਪਾਸੋਂ 90 ਰੁਪਏ ਦੀ ਪਾਕਿ ਕਰੰਸੀ ਵੀ ਮਿਲੇ ਹਨ ।
ਪੁਲਸ ਨੇ ਉਕਤ ’ਤੇ 3, 34 ਇੰਡੀਅਨ ਪਾਸਪੋਰਟ ਐਕਟ, 14 ਫਾਰਨਰ ਐਕਟ 1946 ਦੇ ਅਧੀਨ ਪਰਚਾ ਦਰਜ ਕਰ ਲਿਆ ਹੈ। ਸੁਰਿੰਦਰ ਨਿਖੰਜ ਨੇ ਦੱਸਿਆ ਕਿ ਕੰਪਨੀ ਕਮਾਂਡਰ ਸ਼ੈਲੇਂਦਰ ਯਾਦਵ ਅਨੁਸਾਰ ਬੀ. ਐੱਸ. ਐੱਫ. ਸਰਹੱਦ ’ਤੇ ਪੂਰੀ ਤਰ੍ਹਾਂ ਮੁਸ਼ਤੈਦ ਹੈ ਅਤੇ ਪਾਕਿ ’ਚ ਹੋਣ ਵਾਲੀ ਹਰ ਹਰਕਤ ’ਤੇ ਨਜ਼ਰ ਰੱਖੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਪਾਕਿ ਵਲੋਂ ਅਕਸਰ ਨਸ਼ੇ ਦੀ ਖੇਪ ਤੇ ਹੋਰ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਹਰਕਤਾਂ ਹੁੰਦੀਆਂ ਰਹਿੰਦੀਆਂ ਹਨ ਪਰ ਬੀ. ਐੱਸ. ਐੱਫ. ਵਲੋਂ ਇਨ੍ਹਾਂ ਨੂੰ ਕਦੇ ਸਫਲ ਨਹੀਂ ਹੋਣ ਦਿੱਤਾ ਜਾਂਦਾ। ਉਨ੍ਹਾਂ ਦੱਸਿਆ ਕਿ 3 ਜਨਵਰੀ 2020 ਨੂੰ ਸਵੇਰੇ ਕਰੀਬ 8.30 ਵਜੇ ਬੀ. ਓ. ਪੀ. ਚੱਕ ਖੀਵਾ ਨਜ਼ਦੀਕ ਉਕਤ ਘੁਸਪੈਠੀਆਂ ਭਾਰਤੀ ਸਰਹੱਦ ’ਚ ਦਾਖਲ ਹੋਇਆ ਅਤੇ ਜਿਸ ਨੂੰ ਬੀ. ਐੱਸ. ਐੱਫ. ਵਲੋਂ ਗਿ੍ਰਫਤਾਰ ਕਰ ਲਿਆ ਗਿਆ।