ਆਪਣੀ ਜਾਨ ਦੀ ਕੁਰਬਾਨੀ ਦੇ ਕੇ ਤਿੰਨ ਮਾਸੂਮਾਂ ਨੂੰ ਜ਼ਿੰਦਗੀ ਦੇ ਗਏ ਕਰਨਲ ਓ. ਪੀ. ਮਹਿਤਾ

Thursday, Apr 05, 2018 - 01:37 AM (IST)

ਆਪਣੀ ਜਾਨ ਦੀ ਕੁਰਬਾਨੀ ਦੇ ਕੇ ਤਿੰਨ ਮਾਸੂਮਾਂ ਨੂੰ ਜ਼ਿੰਦਗੀ ਦੇ ਗਏ ਕਰਨਲ ਓ. ਪੀ. ਮਹਿਤਾ

ਫਾਜ਼ਿਲਕਾ(ਲੀਲਾਧਰ, ਨਾਗਪਾਲ)—ਭਾਰਤੀ ਫੌਜ 'ਚ ਇਕ ਸਿਪਾਹੀ ਤੋਂ ਲੈ ਕੇ ਕਰਨਲ ਦੇ ਅਹੁਦੇ ਤੱਕ ਰਹਿ ਕੇ ਦੇਸ਼ ਦੇ ਵੱਖ-ਵੱਖ ਸੂਬਿਆਂ ਅਤੇ ਕੋਨਿਆਂ 'ਚ ਸੇਵਾ ਕਰ ਚੁੱਕੇ ਅਤੇ ਆਪਣੀ ਮਿਹਨਤ ਤੇ ਬਹਾਦਰੀ ਦੇ ਕਾਰਨਾਮਿਆਂ ਕਾਰਨ ਉਸ ਸਮੇਂ ਦੇ ਚੀਫ ਆਫ ਆਰਮੀ ਸਟਾਫ ਤੋਂ ਆਪਣੀਆਂ ਵਿਸ਼ੇਸ਼ ਸੇਵਾਵਾਂ ਬਦਲੇ ਸਨਮਾਨਤ ਹੋ ਚੁੱਕੇ ਰਿਟਾਇਰਡ ਕਰਨਲ ਓ. ਪੀ. ਮਹਿਤਾ ਆਪਣੀ ਜ਼ਿੰਦਗੀ ਦੀ ਮੌਤ ਨਾਲ ਆਖਰੀ ਲੜਾਈ ਹਾਰਨ ਤੋਂ ਪਹਿਲਾਂ ਤਿੰਨ ਮਾਸੂਮ ਜ਼ਿੰਦਗੀਆਂ ਨੂੰ ਮੌਤ ਦੇ ਮੂੰਹ 'ਚੋਂ ਬਚਾਉਣ 'ਚ ਕਾਮਯਾਬ ਰਹੇ। ਉਨ੍ਹਾਂ ਜਿਸ ਦਲੇਰੀ ਅਤੇ ਬਹਾਦਰੀ ਨਾਲ ਪਾਣੀ 'ਚ ਕੁੱਦ ਕੇ ਤਿੰਨ ਮਾਸੂਮਾਂ ਨੂੰ ਨਵੀਂ ਜ਼ਿੰਦਗੀ ਦਿੱਤੀ, ਉਸ ਤੋਂ ਸਾਫ ਹੈ ਕਿ ਉਨ੍ਹਾਂ ਆਪਣੀ ਢਲਦੀ ਉਮਰ ਨੂੰ ਆਪਣੀ ਬਹਾਦਰੀ ਦੇ ਜਜ਼ਬੇ 'ਤੇ ਹਾਵੀ ਨਹੀਂ ਹੋਣ ਦਿੱਤਾ। ਉਨ੍ਹਾਂ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਗੈਰ ਇਕ ਫੌਜੀ ਅਫਸਰ ਦੇ ਧਰਮ ਅਤੇ ਡਿਊਟੀ ਨੂੰ ਮੁੱਖ ਰੱਖਦੇ ਹੋਏ 72 ਵਰ੍ਹਿਆਂ ਦੀ ਉਮਰ 'ਚ ਵੀ ਭਾਰਤੀ ਫੌਜ ਦੀ ਜਾਂਬਾਜ਼ੀ ਅਤੇ ਬਹਾਦਰੀ ਦੀ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਆਪਣੇ ਪ੍ਰਾਣ ਤਿਆਗੇ। ਇਹ ਘਟਨਾ 31 ਮਾਰਚ 2018 ਦੀ ਹੈ ਅਤੇ ਦਿੱਲੀ ਆਪਣੇ ਗ੍ਰਹਿ ਨਿਵਾਸ ਤੋਂ 400 ਕਿਲੋਮੀਟਰ ਦੂਰ ਹਰਿਦੁਆਰ ਅਤੇ ਰਿਸ਼ੀਕੇਸ਼ ਦੇ ਦਰਮਿਆਨ ਗੰਗਾ ਕਿਨਾਰੇ ਬਣੇ ਸਪਤ ਰਿਸ਼ੀ ਆਸ਼ਰਮ 'ਚ ਉਹ ਹਰ ਸਾਲ ਦੀ ਤਰ੍ਹਾਂ ਪਰਿਵਾਰ ਸਮੇਤ ਗੰਗਾ ਇਸ਼ਨਾਨ ਲਈ ਗਏ ਸਨ। ਦੁਪਹਿਰ ਲਗਭਗ 2 ਵਜੇ ਜਦੋਂ ਤਿੰਨ ਬੱਚੇ ਗੰਗਾ 'ਚ ਇਸ਼ਨਾਨ ਕਰਨ ਲਈ ਉਤਰੇ ਅਤੇ ਥੋੜ੍ਹੀ ਹੀ ਦੇਰ ਬਾਅਦ ਡੁੱਬਣ ਲੱਗੇ ਤਾਂ ਬੱਚਿਆਂ ਦੀ ਫੋਟੋ ਖਿੱਚ ਰਹੇ ਉਨ੍ਹਾਂ ਦੇ ਪਿਤਾ ਅਤੇ ਕਰਨਲ ਓ. ਪੀ. ਮਹਿਤਾ ਦੇ ਪੁੱਤਰ ਡਾ. ਵਿਨੇ ਮਹਿਤਾ ਨੇ ਬੱਚਿਆਂ ਨੂੰ ਬਚਾਉਣ ਲਈ ਗੰਗਾ 'ਚ ਛਾਲ ਮਾਰ ਦਿੱਤੀ ਪਰ ਤੈਰਾਕ ਨਾ ਹੋਣ ਕਾਰਨ ਉਹ ਵੀ ਪਾਣੀ ਦੀ ਲਪੇਟ 'ਚ ਆ ਕੇ ਡੁੱਬਣ ਲੱਗਾ, ਕਿਨਾਰੇ 'ਤੇ ਮੌਜੂਦ ਕਰਨਲ ਓ. ਪੀ. ਮਹਿਤਾ ਨੇ ਇਹ ਸਭ ਕੁਝ ਵੇਖਦੇ ਹੋਏ ਗੰਗਾ 'ਚ ਛਾਲ ਮਾਰ ਦਿੱਤੀ ਅਤੇ ਛੇਤੀ ਛੇਤੀ ਬੱਚਿਆਂ ਨੂੰ ਬਚਾਉਣ ਲੱਗੇ। ਸਭ ਕੁਝ ਇੰਨੀ ਤੇਜ਼ੀ ਨਾਲ ਵਾਪਰਿਆ ਕਿ 4-5 ਮਿੰਟਾਂ ਤੱਕ ਕਿਸੇ ਨੂੰ ਕੋਈ ਸੁਧ ਨਹੀਂ ਲੱਗੀ। ਅੰਤ ਉਹ ਤਿੰਨ ਬੱਚਿਆਂ ਨੂੰ ਡੂੰਘੇ ਪਾਣੀ 'ਚੋਂ ਬਾਹਰ ਧੱਕਣ 'ਚ ਕਾਮਯਾਬ ਹੋਏ ਪਰ ਮੌਤ ਨਾਲ ਆਪਣੀ ਜ਼ਿੰਦਗੀ ਦੀ ਆਖਰੀ ਲੜਾਈ ਹਾਰ ਗਏ। ਨੇੜੇ ਖੜ੍ਹੇ ਗੋਤਾ ਖੋਰਾਂ ਵੱਲੋਂ ਜਦੋਂ ਕੁਝ ਮਿੰਟਾਂ ਬਾਅਦ ਉਨ੍ਹਾਂ ਨੂੰ ਬਾਹਰ ਕੱਢਿਆ ਗਿਆ ਤਾਂ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਇਸ ਜਾਂਬਾਜ਼ੀ ਅਤੇ ਬਹਾਦਰੀ ਦੇ ਜਜ਼ਬੇ ਨਾਲ ਉਨ੍ਹਾਂ ਆਪਣੀ ਉਮਰ ਦੀ ਪ੍ਰਵਾਹ ਕੀਤੇ ਬਗੈਰ ਇਕ ਸੱਚੇ ਫੌਜੀ ਦਾ ਧਰਮ ਨਿਭਾਇਆ ਅਤੇ ਇਕ ਪੂਰੇ ਪਰਿਵਾਰ ਦੀ ਜਾਨ ਨੂੰ ਆਪਣੀ ਜਾਨ ਦੀ ਆਹੂਤੀ ਦੇ ਕੇ ਬਚਾ ਲਿਆ, ਜਿਸ ਤੋਂ ਬਾਅਦ ਉੁਨ੍ਹਾਂ ਦਾ ਮ੍ਰਿਤਕ ਸਰੀਰ ਦਿੱਲੀ ਸਥਿਤ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਲਿਆਂਦਾ ਗਿਆ, ਜਿਥੇ ਅਗਲੇ ਦਿਨ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਨ੍ਹਾਂ ਨਮਿੱਤ ਅੰਤਿਮ ਅਰਦਾਸ ਅਤੇ ਕਿਰਿਆ ਦੀ ਰਸਮ 12 ਅਪ੍ਰੈਲ 2018 ਨੂੰ ਦਿੱਲੀ ਵਿਖੇ ਦੁਪਹਿਰ 2 ਤੋਂ 3 ਵਜੇ ਤੱਕ ਹੋਵੇਗੀ। ਉਨ੍ਹਾਂ ਦੀ ਅੰਤਿਮ ਇੱਛਾ ਮੁਤਾਬਕ ਉਨ੍ਹਾਂ ਦੀ ਰਾਖ ਅਤੇ ਅਸਥੀਆਂ ਨੂੰ ਉਨ੍ਹਾਂ ਦੀ ਜੱਦੀ ਪੁਸ਼ਤੀ ਜ਼ਮੀਨ ਜੋ ਕਿ ਕਿੜਿਆਂ ਵਾਲੀ ਅਤੇ ਚੱਕ ਪੁੰਨਾ ਵਾਲੀ 'ਚ ਹੈ, ਵਿਖੇ ਪ੍ਰਵਾਹ ਕੀਤਾ ਜਾਵੇਗਾ। ਕਰਨਲ ਓ. ਪੀ. ਮਹਿਤਾ ਲਾਧੂਕਾ ਦੇ ਕਿਸਾਨ ਘਰਾਣੇ ਦੇ ਮਰਹੂਮ ਸ਼੍ਰੀ ਦੀਵਾਨ ਚੰਦ ਮਹਿਤਾ ਦੇ ਪੁੱਤਰ ਸਨ ਅਤੇ ਪ੍ਰੇਮ ਨਾਥ, ਅਸ਼ੋਕ ਕੁਮਾਰ, ਵਿਨੋਦ ਮਹਿਤਾ ਅਤੇ ਅਜੈ ਕੁਮਾਰ ਦੇ ਵੱਡੇ ਭਰਾ ਸਨ।


Related News