‘INDIA’ ਨਕਾਰੇ ਹੋਏ ਭ੍ਰਿਸ਼ਟ, ਪਰਿਵਾਰਵਾਦ ਵੰਸ਼ਵਾਦ ਅਤੇ ਤੁਸ਼ਟੀਕਰਨ ਦੇ ਨਾਇਕਾਂ ਦਾ ਗਠਜੋੜ : ਤਰੁਣ ਚੁਘ

Thursday, Aug 17, 2023 - 06:28 PM (IST)

‘INDIA’ ਨਕਾਰੇ ਹੋਏ ਭ੍ਰਿਸ਼ਟ, ਪਰਿਵਾਰਵਾਦ ਵੰਸ਼ਵਾਦ ਅਤੇ ਤੁਸ਼ਟੀਕਰਨ ਦੇ ਨਾਇਕਾਂ ਦਾ ਗਠਜੋੜ : ਤਰੁਣ ਚੁਘ

ਚੰਡੀਗੜ੍ਹ (ਬਿਊਰੋ) : ਪੰਜਾਬ ਤੋਂ ਤਰੁਣ ਚੁਘ ਨੂੰ ਇਕ ਵਾਰ ਫਿਰ ਤੋਂ ਭਾਰਤੀ ਜਨਤਾ ਪਾਰਟੀ ਨੇ ਕੇਂਦਰੀ ਟੀਮ ’ਚ ਜਨਰਲ ਸਕੱਤਰ ਦੇ ਤੌਰ ’ਤੇ ਜਗ੍ਹਾ ਦਿੱਤੀ ਹੈ। ਉਹ ਜੰਮੂ-ਕਸ਼ਮੀਰ, ਲੱਦਾਖ ਅਤੇ ਤੇਲੰਗਾਨਾ ਦੇ ਇੰਚਾਰਜ ਹੋਣ ਦੇ ਨਾਲ-ਨਾਲ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦੇ ਵੀ ਕੌਮੀ ਇੰਚਾਰਜ ਹਨ। ਉਹ ਕੇਂਦਰ ਦੀ ਮੋਦੀ ਸਰਕਾਰ ਦੇ 9 ਸਾਲ ਪੂਰਾ ਹੋਣ ’ਤੇ ਸੇਵਾ, ਸੁਸ਼ਾਸਨ ਅਤੇ ਗਰੀਬ ਭਲਾਈ ਏਜੰਡੇ ’ਤੇ ਚੱਲੀ ਮਹਾ ਜਨਸੰਪਰਕ ਮੁਹਿੰਮ ਦੇ ਵੀ ਇੰਚਾਰਜ ਸਨ। ਪਰਦੇ ਦੇ ਪਿੱਛੇ ਰਹਿ ਕੇ ਉਹ ਪਾਰਟੀ ਲਈ ਨੀਤੀਆਂ-ਯੋਜਨਾਵਾਂ ਬਣਾਉਣ ਵਿਚ ਸਹਿਯੋਗ ਦਿੰਦੇ ਹਨ। ਉਨ੍ਹਾਂ ਨਾਲ ਵੱਖ-ਵੱਖ ਰਾਜਨੀਤਕ ਮਸਲਿਆਂ ’ਤੇ ਗੱਲਬਾਤ ਕੀਤੀ ਜਗਬਾਣੀ ਦੇ ਹਰੀਸ਼ਚੰਦਰ ਨੇ। ਗੱਲਬਾਤ ਦੇ ਮੁੱਖ ਅੰਸ਼ :-
‘ਆਈ. ਐੱਨ. ਡੀ. ਆਈ. ਏ.’ ਦੇ ਹਰੇਕ ਅੱਖਰ ਤੋਂ ਬਾਅਦ ਡਾਟ ਹੈ, ਇਸ ਦਾ ਮਤਲੱਬ ਸਾਫ਼ ਹੈ ਕਿ ਕਦਮ-ਕਦਮ ’ਤੇ ਸ਼ੱਕ ਅਤੇ ਸਵਾਲ। ਹਰੇਕ ਡਾਟ ਦਾ ਮਤਲੱਬ ਹੈ ਕਿ ਇਨ੍ਹਾਂ ਦੀਆਂ ਨੀਤੀਆਂ, ਨੀਅਤ, ਲੀਡਰਸ਼ਿਪ, ਨਿਸ਼ਠਾ ਸ਼ੱਕ ਅਤੇ ਸਵਾਲਾਂ ਨਾਲ ਘਿਰੀ ਹੋਈ ਹੈ। ਇਹ ਆਪਣੇ-ਆਪਣੇ ਸੂਬਿਆਂ ਵਿਚ ਨਕਾਰੇ ਹੋਏ ਭ੍ਰਿਸ਼ਟਾਚਾਰ, ਪਰਿਵਾਰਵਾਦ, ਵੰਸ਼ਵਾਦ ਅਤੇ ਤੁਸ਼ਟੀਕਰਣ ਦੇ ਨਾਇਕਾਂ ਦਾ ਗਠਜੋੜ ਹੈ। ਉਂਝ ਵੀ ਮਾਨਸਿਕ ਤੌਰ ’ਤੇ ਤੰਗ ਨੇਤਾਵਾਂ ਦੇ ਮਿਲਣ ਨਾਲ ਲੋਕਾਂ ’ਤੇ ਕੋਈ ਫਰਕ ਪੈਣ ਵਾਲਾ ਨਹੀਂ ਹੈ। ਗਠਜੋੜ ਵਿਚ ਸ਼ਾਮਲ ਪਾਰਟੀਆਂ ਆਪਣਾ ਵਜੂਦ ਬਚਾਉਣ ਲਈ ਬੇਚੈਨ ਹਨ।

ਇਹ ਵੀ ਪੜ੍ਹੋ : ਦਿੱਲੀ ਦੀਆਂ ਸਾਰੀਆਂ 7 ਸੀਟਾਂ ’ਤੇ ਚੋਣ ਲੜ ਸਕਦੀ ਹੈ ਕਾਂਗਰਸ!

ਸਵਾਲ : ਜੰਮੂ-ਕਸ਼ਮੀਰ ’ਚ ਧਾਰਾ 370 ਹਟਾਇਆਂ ਨੂੰ 4 ਸਾਲ ਬੀਤ ਚੁੱਕੇ ਹਨ। ਤੁਸੀਂ ਉੱਥੋਂ ਦੇ ਪਾਰਟੀ ਇੰਚਾਰਜ ਵੀ ਹੋ, ਕਿਵੇਂ ਦਾ ਬਦਲਾਅ ਇਨ੍ਹਾਂ 4 ਸਾਲਾਂ ਵਿਚ ਉਥੇ ਤੁਸੀਂ ਵੇਖਦੇ ਹੋ?
ਜਵਾਬ : ਜੰਮੂ ਅਤੇ ਕਸ਼ਮੀਰ ’ਚ 5 ਅਗਸਤ 2019 ਤੋਂ ਬਾਅਦ ਇਕ ਯੁਗਾਂਤਰਕਾਰੀ ਤਬਦੀਲੀ ਆਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਜੰਮੂ ਅਤੇ ਕਸ਼ਮੀਰ ਵਿਚ ਇਕ ਨਵੇਂ ਅਧਿਆਏ ਦੀ ਸ਼ੁਰੂਆਤ ਹੋਈ ਹੈ। ਜੇਕਰ ਬਦਲਾਅ ਦੀ ਗੱਲ ਕਰੀਏ ਤਾਂ ਅਜੋਕੇ ਜੰਮੂ ਅਤੇ ਕਸ਼ਮੀਰ ਵਿਚ ਸ਼ਾਂਤੀ ਅਤੇ ਵਿਸ਼ਵਾਸ ਦਾ ਮਾਹੌਲ ਪੈਦਾ ਹੋਇਆ ਹੈ। ਇਕ ਸਮਾਂ ਸੀ ਜਦੋਂ 6-6 ਮਹੀਨਿਆਂ ਤੱਕ ਸਕੂਲ, ਵਿਦਿਕਅਕ ਸੰਸਥਾਨ, ਬਾਜ਼ਾਰ ਬੰਦ ਰਹਿੰਦੇ ਸਨ, ਲਾਲ ਚੌਕ 4 ਵਜੇ ਬੰਦ ਹੁੰਦਾ ਸੀ, ਹੁਰੀਅਤ ਵਲੋਂ ਹਫ਼ਤਾਵਾਰ ਕਰਫਿਊ ਲਈ ਕੈਲੇਂਡਰ ਜਾਰੀ ਹੁੰਦੇ ਸਨ ਪਰ ਅਜੋਕੇ ਜੰਮੂ-ਕਸ਼ਮੀਰ ਵਿਚ ਇਕ ਸ਼ਾਂਤੀ, ਸੁਰੱਖਿਆ ਅਤੇ ਵਿਸ਼ਵਾਸ ਦਾ ਮਾਹੌਲ ਪੈਦਾ ਹੋਇਆ ਹੈ। ਪਿਛਲੇ 1 ਸਾਲ ਵਿਚ 1 ਕਰੋੜ 80 ਲੱਖ ਤੋਂ ਜਿ਼ਆਦਾ ਸੈਲਾਨੀ ਜੰਮੂ ਕਸ਼ਮੀਰ ਵਿਚ ਆਏ ਹਨ। ਇਹ ਦਰਸਾਉਂਦਾ ਹੈ ਕਿ ਸ਼ਾਂਤੀ ਅਤੇ ਸੁਰੱਖਿਆ ਦੇ ਮਾਹੌਲ ਵਿਚ ਆਰਥਿਕ ਮੌਕੇ ਵੀ ਵਧੇ ਹਨ। ਜੀ-20 ਵਰਗੇ ਅੰਤਰਰਾਸ਼ਟਰੀ ਪੱਧਰ ਦਾ ਸਫਲ ਆਯੋਜਨ ਇਸ ਸ਼ਾਂਤੀ ਦਾ ਗਵਾਹ ਹੈ। ਉੱਥੇ ਬਦਲਾਅ ਦਿਸਿਆ ਹੈ ਕਿ ਕਿਵੇਂ ਵੱਖਵਾਦ ਨੂੰ ਖਤਮ ਕਰ ਕੇ ਅੱਤਵਾਦੀ ਘਟਨਾਵਾਂ ਪੂਰੀ ਤਰ੍ਹਾਂ ਖ਼ਤਮ ਹੋਈਆਂ ਹਨ। ਕਰਾਸ ਬਾਰਡਰ ਫਾਇਰਿੰਗ ਵੀ ਲਗਭਗ ਪੂਰੀ ਤਰ੍ਹਾਂ ਬੰਦ ਹੈ। ਜੰਮੂ ਅਤੇ ਕਸ਼ਮੀਰ ਦੇ ਵਿਕਾਸ ਦਾ ਪੈਸਾ ਹੁਣ ਭ੍ਰਿਸ਼ਟਾਚਾਰ ਦੇ ਰਾਹ ਵੱਖਵਾਦ ਅਤੇ ਅੱਤਵਾਦ ਨੂੰ ਪਾਲਣ ਵਿਚ ਨਹੀਂ, ਸਗੋਂ ਜੰਮੂ ਕਸ਼ਮੀਰ ਦੇ ਸੁਨਹਿਰੇ ਭਵਿੱਖ ਦਾ ਨਿਰਮਾਣ ਕਰਨ ਵਿਚ ਖਰਚ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਸੁਪਰੀਮ ਕੋਰਟ ਨੇ ਔਰਤਾਂ ਲਈ ਵਰਤੇ ਜਾਂਦੇ ਇਤਰਾਜ਼ਯੋਗ ਸ਼ਬਦਾਂ 'ਤੇ ਲਾਈ ਰੋਕ, ਬਦਲਵੇਂ ਸ਼ਬਦਾਂ ਦੀ ਹੈਂਡਬੁੱਕ ਜਾਰੀ

ਸਵਾਲ : ਤੁਹਾਨੂੰ ਭਾਜਪਾ ਸਿਖਰ ਲੀਡਰਸ਼ਿਪ ਨੇ ਮੁੜ ਕੌਮੀ ਜਨਰਲ ਸਕੱਤਰ ਬਣਾਇਆ ਹੈ, ਪੰਜਾਬ ਤੋਂ ਇਕ ਬੂਥ ਵਰਕਰ ਤੋਂ ਸਿਖਰ ਲੀਡਰਸ਼ਿਪ ਵਿਚ ਤੁਹਾਨੂੰ ਮੁੜ ਸਥਾਨ ਮਿਲਿਆ, ਕਿਵੇਂ ਵੇਖਦੇ ਹੋ ਤੁਸੀਂ ?
ਜਵਾਬ : ਸਭ ਤੋਂ ਪਹਿਲਾਂ ਤਾਂ ਮੇਰੇ ਵਰਗੇ ਛੋਟੇ ਸ਼ਹਿਰ ਤੋਂ, ਮਿਡਲ ਕਲਾਸ ਤੋਂ ਆਏ ਵਰਕਰ ਨੂੰ ਭਾਜਪਾ ਨੇ ਆਪਣੀ ਸਿਖਰ ਲੀਡਰਸ਼ਿਪ ਵਿਚ ਮੁੜ ਸਥਾਨ ਦਿੱਤਾ, ਇਸ ਲਈ ਮੈਂ ਭਾਜਪਾ ਦੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਹਾਂ ਅਤੇ ਮੈਂ ਇਸ ਜਿ਼ੰਮੇਵਾਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ ਅਤੇ ਜੇ. ਪੀ. ਨੱਢਾ ਅਤੇ ਲੀਡਰਸ਼ਿਪ ਦੇ ਮਾਰਗਦਰਸ਼ਨ ਵਿਚ ਪੂਰੀ ਨਿਸ਼ਠਾ, ਈਮਾਨਦਾਰੀ ਅਤੇ ਮਿਹਨਤ ਨਾਲ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗਾ। ਭਾਜਪਾ ਵਿਚ ਅਹੁਦੇ ਨਹੀਂ ਸਗੋਂ ‘ਕਰਤੱਵ ਪ੍ਰਧਾਨਤਾ’ ਪਾਰਟੀ ਦੀ ਵਿਸ਼ੇਸ਼ਤਾ ਹੈ ਅਤੇ ਇਹ ਰਾਜਨੀਤਕ ਖੇਤਰ ਵਿਚ ਸਾਡੀ ਪਾਰਟੀ ਨੂੰ ਬਾਕੀ ਪਾਰਟੀਆਂ ਤੋਂ ਵੱਖ ਸ਼੍ਰੇਣੀ ਵਿਚ ਖੜ੍ਹਾ ਰੱਖਦਾ ਹੈ। ਇਹ ਭਾਜਪਾ ਵਿਚ ਹੀ ਸੰਭਵ ਹੈ ਕਿ ਇਕ ਛੋਟੇ ਜਿਹੇ ਬੂਥ ਪੱਧਰ ’ਤੇ ਕੰਮ ਕਰ ਕੇ ਮੰਡਲ, ਜ਼ਿਲਾ, ਪ੍ਰਦੇਸ਼ ਵਿਚ ਕੰਮ ਕੀਤੇ ਵਰਕਰ ਨੂੰ ਸਿਖਰ ਲੀਡਸ਼ਿਪ ਵਿਚ ਸਥਾਨ ਮਿਲਦਾ ਰਿਹਾ ਹੈ।

ਸਵਾਲ : ਸਾਲ 2024 ਦੀਆਂ ਲੋਕ ਸਭਾ ਚੋਣਾਂ ’ਚ ਪਾਰਟੀ ਦਾ ਏਜੰਡਾ ਕੀ ਹੋਵੇਗਾ ?
ਜਵਾਬ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਏਜੰਡਾ ਸਾਫ਼ ਹੈ, ਭਾਰਤ ਦੇ ਗਰੀਬਾਂ ਦੇ ਜੀਵਨ ਵਿਚ ਸਕਾਰਾਤਮਕ ਤਬਦੀਲੀ, ਦੇਸ਼ ਦਾ ਮੁੱਢਲਾ ਵਿਕਾਸ, ਰਾਸ਼ਟਰਵਾਦ, ਸਭ ਦਾ ਸਾਥ, ਸਭ ਦਾ ਵਿਕਾਸ, ਸਭ ਦਾ ਵਿਸ਼ਵਾਸ ਅਤੇ ਸਭ ਦਾ ਪ੍ਰਯਾਸ। ਭ੍ਰਿਸ਼ਟਾਚਾਰ ’ਤੇ ਜ਼ੀਰੋ ਟੋਲਰੈਂਸ ਦੀ ਨੀਤੀ ਨੂੰ ਜਾਰੀ ਰੱਖਦੇ ਹੋਏ ਅੱਤਵਾਦ, ਪਰਿਵਾਰਵਾਦ ਅਤੇ ਵੰਸ਼ਵਾਦ ਤੋਂ ਭਾਰਤ ਨੂੰ ਮੁਕਤ ਕਰਵਾਉਂਦੇ ਹੋਏ ਆਤਮ-ਨਿਰਭਰ ਭਾਰਤ ਬਣਾਉਣਾ, ਜਿਸ ਦੀ ਚਮਕ ਪੂਰੇ ਸੰਸਾਰ ਵਿਚ ਫੈਲੇ। ਭਾਜਪਾ ਸਰਕਾਰ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸੇਵਾ, ਸੁਸ਼ਾਸਨ ਅਤੇ ਗਰੀਬ ਭਲਾਈ ਦੇ ਮੂਲ-ਮੰਤਰ ਵਾਲੀ ਸਰਕਾਰ ਹੈ, 9 ਸਾਲ ਵਿਚ ਕਈ ਵਿਕਾਸ ਕਾਰਜ ਹੋਏ ਹਨ। ਸਰਕਾਰ ਦੀਆਂ ਜਿ਼ਆਦਾਤਰ ਯੋਜਨਾਵਾਂ ਦਾ ਲਾਭ ਸਮਾਜ ਦੀ ਅੰਤਿਮ ਕਤਾਰ ਤੱਕ ਪਹੁੰਚ ਰਿਹਾ ਹੈ, ਸਮਾਜ ਦੇ ਨੌਜਵਾਨ, ਔਰਤ, ਗਰੀਬ, ਐੱਸ. ਸੀ., ਐੱਸ. ਟੀ., ਪਛੜੇ, ਘੱਟ ਗਿਣਤੀ ਸਾਰੇ ਇਸ ਨਾਲ ਲਾਭ ਲੈ ਰਹੇ ਹਨ। ਦੇਸ਼ ਨੂੰ ਪ੍ਰਧਾਨ ਮੰਤਰੀ ਦੀ ਅਗਵਾਈ ਵਿਚ ਇਕ ਮਜ਼ਬੂਤ ਅਤੇ ਜਨਹਿਤ ਵਿਚ ਫ਼ੈਸਲਾ ਲੈਣ ਵਾਲੀ ਸਰਕਾਰ ਮਿਲੀ ਹੈ ਅਤੇ ਇਸ ਦਾ ਭਰਪੂਰ ਅਸ਼ੀਰਵਾਦ ਜਨਤਾ ਵਲੋਂ ਅਗਲੀਆਂ ਚੋਣਾਂ ਵਿਚ ਮਿਲੇਗਾ।

ਤੇਲੰਗਾਨਾ ਵਿਚ ਭਾਜਪਾ ਲਗਾਤਾਰ ਮਜ਼ਬੂਤ ਹੋ ਰਹੀ ਹੈ। ਉੱਥੇ ਕੇ. ਸੀ. ਆਰ. ਵਿਰੋਧੀ ਲਹਿਰ ਹੈ। ਤੇਲੰਗਾਨਾ ਦੀਆਂ ਜਨਭਾਵਨਾਵਾਂ ਨਾਲ ਕੇ. ਸੀ. ਆਰ. ਨੇ ਧੋਖਾ ਕੀਤਾ ਹੈ ਅਤੇ ਇਕ ਗੱਲ ਤੇਲੰਗਾਨਾ ਵਿਚ ਸਪੱਸ਼ਟ ਹੋ ਚੁੱਕੀ ਹੈ ਕਿ ਕਾਂਗਰਸ ਨੂੰ ਵੋਟ ਦਾ ਮਤਲੱਬ ਹੈ, ਕੇ. ਸੀ. ਆਰ. ਨੂੰ ਵੋਟ। ਬੀ. ਆਰ. ਐੱਸ. ਅਤੇ ਕਾਂਗਰਸ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਇਸ ਲਈ ਭਾਜਪਾ ਤੇਲੰਗਾਨਾ ਦੇ ਵਿਕਾਸ ਲਈ ਸਭ ਤੋਂ ਮਜ਼ਬੂਤ ਅਤੇ ਸਥਿਰ ਬਦਲ ਹੈ। ਕਾਂਗਰਸ ਦੇ ਕੁਸ਼ਾਸਨ ਤੋਂ ਲੋਕ ਅੱਕ ਚੁੱਕੇ ਹਨ।

ਇਹ ਵੀ ਪੜ੍ਹੋ : ਦੁੱਖਦਾਇਕ ਖ਼ਬਰ : ਮੇਲੇ ’ਚ ਸੇਵਾ ਕਰ ਰਹੇ 14 ਸਾਲਾ ਬੱਚੇ ਦੀ ਕਰੰਟ ਲੱਗਣ ਨਾਲ ਮੌਤ

ਸਵਾਲ : ਪਾਰਟੀ ਦਾ ਇਕ ਖੇਮਾ ਸੁਨੀਲ ਜਾਖੜ ਨੂੰ ਪ੍ਰਧਾਨ ਬਣਾਏ ਜਾਣ ’ਤੇ ਨਰਾਜ਼ਗੀ ਪ੍ਰਗਟਾ ਰਿਹਾ ਹੈ।
ਜਵਾਬ : ਨਹੀਂ, ਅਜਿਹਾ ਕੁਝ ਨਹੀਂ ਹੈ। ਭਾਜਪਾ ਵਿਚ ਨਰਾਜ਼ਗੀ ਜਾਂ ਨਾਖੁਸ਼ੀ ਵਰਗੇ ਸ਼ਬਦ ਨਹੀਂ ਹੁੰਦੇ। ਇਹ ਪਾਰਟੀ ਇਕ ਪਰਿਵਾਰ ਹੈ, ਜਿਸ ਵਿਚ ਆਉਣ ਵਾਲੇ ਨੂੰ ਖੁਸ਼ੀ ਨਾਲ ਸਵੀਕਾਰ ਕੀਤਾ ਜਾਂਦਾ ਹੈ। ਕੁਝ ਲੋਕ ਇਸ ਤਰ੍ਹਾਂ ਦੀ ਅਫਵਾਹ ਫੈਲਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਇਸਦਾ ਸੱਚਾਈ ਨਾਲ ਕੋਈ ਸਬੰਧ ਨਹੀਂ ਹੈ। ਸਾਰੇ ਲੋਕ ਮਿਲ ਕੇ ਕੰਮ ਕਰਦੇ ਰਹੇ ਹਨ, ਕਰ ਰਹੇ ਹਨ ਅਤੇ ਕਰਦੇ ਰਹਿਣਗੇ। ਜਾਖੜ ਨੂੰ ਪੰਜਾਬ ਦੇ ਸਾਰੇ ਵਰਗਾਂ, ਖੇਤਰਾਂ ਤੋਂ ਕਾਫ਼ੀ ਪਿਆਰ ਅਤੇ ਉਤਸ਼ਾਹ ਮਿਲ ਰਿਹਾ ਹੈ, ਜੋ ਕਿ ਸ਼ੁਭ ਸੰਕੇਤ ਹੈ।

ਸਵਾਲ : ਕੌਮੀ ਪੱਧਰ ’ਤੇ ਆਮ ਆਦਮੀ ਪਾਰਟੀ ਅਤੇ ਕਾਂਗਰਸ, ਦੋਵੇਂ ਹੀ ਨਵੇਂ ਗਠਜੋੜ ਵਿਚ ਸ਼ਾਮਿਲ ਹਨ ਜਦ ਕਿ ਪੰਜਾਬ ਵਿਚ ਉਹ ਸੱਤਾਧਿਰ ਅਤੇ ਵਿਰੋਧੀ ਧਿਰ ਦੀ ਭੂਮਿਕਾ ਵਿਚ ਹੈ।
ਜਵਾਬ : ਪੰਜਾਬ ਦੀ 3 ਕਰੋੜ ਜਨਤਾ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੀ ‘ਨੂਰਾ ਕੁਸ਼ਤੀ’ ਨੂੰ ਸਮਝ ਚੁੱਕੀ ਹੈ, ਇਹ ਦੋਵੇਂ ਪਾਰਟੀਆਂ ਭਰਮ ਫੈਲਾਉਣ ਦੀ ਰਾਜਨੀਤੀ ਕਰ ਰਹੇ ਹਨ। ਆਮ ਆਦਮੀ ਪਾਰਟੀ ਨੂੰ ਪੰਜਾਬ ਅਤੇ ਦਿੱਲੀ ਦੀ ਜਨਤਾ ਨੇ ਕਾਂਗਰਸ ਨੂੰ ਸੱਤਾ ਤੋਂ ਬਾਹਰ ਕਰਨ ਲਈ ਵੋਟ ਕੀਤਾ ਪਰ ਹੁਣ ਕੌਮੀ ਪੱਧਰ ’ਤੇ ਤਥਾਕਥਿਤ ਗਠਜੋੜ ਬਣਾ ਲਿਆ ਗਿਆ, ਇਹ ਜਨਤਾ ਦੇ ਵੋਟ ਨਾਲ ਧੋਖਾ ਹੈ। ਲੋਕ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਕਾਂਗਰਸ ਲਗਭਗ ਖ਼ਤਮ ਹੋ ਚੁੱਕੀ ਹੈ। ਨਾ ਨੇਤਾ, ਨਾ ਨੀਤੀ, ਨਾ ਨੀਅਤ, ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਜਨਤਾ ਵਿਚਕਾਰ ਨਾ ‘ਪਾਲਿਟੀਕਲ ਟੂਰਿਜ਼ਮ’ ਵਿਚ ਜਿ਼ਆਦਾ ਮਸ਼ਰੂਫ ਰਹਿੰਦੀ ਹੈ। ‘ਆਪ’ ਸਰਕਾਰ ਆਪਣੇ ਚੋਣ ਵਾਅਦਿਆਂ ਨੂੰ ਪੂਰਾ ਕਰਨ ਵਿਚ ਪੂਰੀ ਤਰ੍ਹਾਂ ਅਸਫਲ ਰਹੀ ਹੈ, ਚਾਹੇ ਉਹ ਔਰਤਾਂ ਨੂੰ 1000 ਰੁਪਏ ਦੇਣ ਦੀ ਗੱਲ ਹੋਵੇ ਜਾਂ ਆਰਥਿਕ ਸੰਕਟ ਤੋਂ ਛੁਟਕਾਰੇ ਦੀ, ਆਏ ਦਿਨ ਪੰਜਾਬ ’ਤੇ ਕਰਜ਼ ਵਧਦਾ ਜਾ ਰਿਹਾ ਹੈ, ਮਾਨ ਸਰਕਾਰ ਕੋਲ ਕੋਈ ਠੋਸ ਆਰਥਿਕ ਨੀਤੀ ਨਹੀਂ ਹੈ।

ਸਵਾਲ : ਲੋਕ ਸਭਾ ਚੋਣਾਂ ਤੋਂ ਪਹਿਲਾਂ ਕੁਝ ਰਾਜਾਂ ਵਿਚ ਵਿਧਾਨ ਸਭਾ ਚੋਣਾਂ ਹਨ, ਉਸ ਵਿਚ ਭਾਜਪਾ ਦੀ ਕੀ ਸਥਿਤੀ ਰਹੇਗੀ ?
ਜਵਾਬ : ਇਨ੍ਹਾਂ ਚੋਣ ਵਾਲੇ ਰਾਜਾਂ ਵਿਚ ਭਾਜਪਾ ਦੀ ਸਥਿਤੀ ਮਜ਼ਬੂਤ ਹੈ, ਭਾਜਪਾ ਰਿਕਾਰਡ ਬਹੁਮਤ ਨਾਲ ਸਰਕਾਰ ਬਣਾਏਗੀ। ਰਾਜਸਥਾਨ ਅਤੇ ਛੱਤੀਸਗੜ੍ਹ ਦੀ ਜਨਤਾ ਕਾਂਗਰਸ ਦੇ ਕੁਸ਼ਾਸਨ ਤੋਂ ਅੱਕ ਚੁੱਕੀ ਹੈ। ਤੇਲੰਗਾਨਾ ਵਿਚ ਵੀ ਜਨਤਾ ਕੇ. ਸੀ. ਆਰ. ਦੇ ਭ੍ਰਿਸ਼ਟਾਚਾਰ ਅਤੇ ਪਰਿਵਾਰਵਾਦ ਅਤੇ ਅਹੰਕਾਰੀ ਸਰਕਾਰ ਤੋਂ ਜਨਤਾ ਤ੍ਰਸਤ ਆ ਚੁੱਕੀ ਹੈ। ਜਨਹਿਤ ਅਤੇ ਗਰੀਬ ਹਿੱਤ ਵਿਚ ਕੀਤੇ ਗਏ ਕੰਮਾਂ ਕਾਰਣ ਮੱਧਪ੍ਰਦੇਸ਼ ਵਿਚ ਭਾਜਪਾ ਦੀ ਸਰਕਾਰ ਬੇਹੱਦ ਬਹੁਮਤ ਨਾਲ ਬਣੇਗੀ।

ਸਵਾਲ : ਕੀ ਭਾਜਪਾ ਇਨ੍ਹਾਂ ਚੋਣਾਂ ਲਈ ਮੁੜ ਅਕਾਲੀ ਦਲ ਨਾਲ ਗੱਠਜੋੜ ਕਰ ਸਕਦੀ ਹੈ ?
ਜਵਾਬ : ਭਾਜਪਾ ਵਿਚਾਰਧਾਰਕ ਪਾਰਟੀ ਹੈ, ਇਥੇ ਸਮੂਹਿਕ ਫ਼ੈਸਲੇ ਲਏ ਜਾਂਦੇ ਹਨ ਅਤੇ ਭਾਜਪਾ ਵਿਚ ਕਿਸੇ ਵਿਸ਼ੇ ’ਤੇ ਫੈਸਲਾ ਲੈਣ ਦੀ ਆਪਣੀ ਵਿਵਸਥਾ ਹੈ। ਇਸ ਲਈ ਇਸ ਵਿਸ਼ੇ ’ਤੇ ਫ਼ੈਸਲਾ ਸਿਖਰ ਲੀਡਰਸਿ਼ਪ ਨੇ ਕਰਨਾ ਹੈ। ਪੰਜਾਬ ਵਿਚ ਸਾਡਾ ਗਠਜੋੜ ਅਕਾਲੀ ਦਲ ਢੀਂਡਸਾ ਨਾਲ ਹੈ ਅਤੇ ਭਾਜਪਾ ਵੀ ਹਰ ਵਰਗ ਅਤੇ ਹਰ ਖੇਤਰ ਵਿਚ ਤੇਜ਼ੀ ਨਾਲ ਵਧ ਰਹੀ ਹੈ।

ਸਵਾਲ : ਭਾਜਪਾ ਨੇ ਕਾਂਗਰਸ ਤੋਂ ਸਾਲ ਭਰ ਪਹਿਲਾਂ ਆਏ ਸੁਨੀਲ ਜਾਖੜ ਨੂੰ ਚੋਣ ਸਾਲ ਵਿਚ ਪੰਜਾਬ ਦੀ ਜਿ਼ੰਮੇਵਾਰੀ ਸੌਂਪੀ ਹੈ, ਇਸ ਦੇ ਪਿੱਛੇ ਕੀ ਕਾਰਣ ਰਿਹਾ?
ਜਵਾਬ : ਸੁਨੀਲ ਜਾਖੜ ਸਸ਼ਕਤ, ਈਮਾਨਦਾਰ, ਮਿਹਨਤੀ ਨੇਤਾ ਹਨ, ਉਨ੍ਹਾਂ ਦੀ ਮਿਹਨਤ ਅਤੇ ਹਰ ਛੋਟੇ-ਵੱਡੇ ਵਰਕਰ ਮਿਹਨਤ ਨਾਲ ਨਾਲ ਪੰਜਾਬ ਭਾਜਪਾ ਅੱਗੇ ਵਧੇਗੀ। ਭਾਜਪਾ ਕੋਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੁਸ਼ਲ ਲੀਡਰਸਿ਼ਪ, ਦੇਸ਼ ਅਤੇ ਪੰਜਾਬ ਲਈ ਵਿਕਾਸ ਲਈ ਕੀਤੇ ਗਏ ਕੰਮਾਂ ਦੀ ਲੰਬੀ ਸੂਚੀ ਹੈ, ਜਿਸ ਕਾਰਣ ਪੰਜਾਬ ਦੇ ਕਈ ਨੇਤਾਵਾਂ ਨੇ ਆਪਣੀ ਸ਼ਰਧਾ ਭਾਜਪਾ ਵਿਚ ਪ੍ਰਗਟਾਈ ਹੈ। ਪੰਜਾਬ ਦੇ ਵਿਕਾਸ ਲਈ ਸਾਨੂੰ ਕੰਮ ਕਰਨਾ ਹੈ। ਆਸ ਹੈ ਕਿ ਜਾਖੜ ਦੀ ਅਗਵਾਈ ਵਿਚ ਪਾਰਟੀ ਪੰਜਾਬ ਵਿਚ ਮਜ਼ਬੂਤੀ ਨਾਲ ਵਿਸਥਾਰ ਕਰੇਗੀ ਅਤੇ ਧਰਾਤਲ ’ਤੇ ਮਜ਼ਬੂਤ ਹੋਵੇਗੀ, ਪੰਜਾਬ ਦੇ ਵਿਕਾਸ ਨੂੰ ਹੋਰ ਰਫ਼ਤਾਰ ਪ੍ਰਦਾਨ ਕਰੇਗੀ।

ਇਹ ਵੀ ਪੜ੍ਹੋ : ਬਰਨਾਲਾ 'ਚ ਹੋਏ ਦੋਹਰੇ ਕਤਲ ਕੇਸ ਦੀ ਗੁੱਥੀ ਸੁਲਝੀ, ਘਰ ਜਵਾਈ ਹੀ ਨਿਕਲਿਆ ਕਾਤਲ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 


author

Anuradha

Content Editor

Related News