ਭਾਰਤ-ਪਾਕਿਸਤਾਨ ਸਰਹੱਦ : ਬੰਦੂਕਾਂ ਦੇ ਸਾਏ ''ਚ ਕਣਕ ਦੀ ਕਟਾਈ ਸ਼ੁਰੂ

Tuesday, Apr 30, 2019 - 04:08 PM (IST)

ਅੰਮ੍ਰਿਤਸਰ (ਨੀਰਜ) - ਕਣਕ ਦੀ ਫਸਲ ਪਕਦੇ ਹੀ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਅੰਮ੍ਰਿਤਸਰ ਸੈਕਟਰ ਦੇ 120 ਕਿਲੋਮੀਟਰ ਲੰਬੇ ਬਾਰਡਰ 'ਤੇ ਬੰਦੂਕਾਂ ਦੇ ਸਾਏ 'ਚ ਕਣਕ ਦੀ ਖੜ੍ਹੀ ਫਸਲ ਦੀ ਕਟਾਈ ਸ਼ੁਰੂ ਹੋ ਗਈ ਹੈ। ਅੰਮ੍ਰਿਤਸਰ ਜ਼ਿਲੇ ਦੀ ਸਮੂਹ ਅਨਾਜ ਮੰਡੀਆਂ 'ਚ ਕਣਕ ਦੀ ਭਾਰੀ ਆਮਦ ਹੋਣੀ ਸ਼ੁਰੂ ਹੋ ਚੁੱਕੀ ਹੈ, ਜਿਸ ਕਾਰਨ ਸਰਹੱਦ 'ਤੇ ਫੈਂਸਿੰਗ ਦੇ ਪਾਰ ਖੇਤੀ ਕਰਨ ਵਾਲੇ ਕਿਸਾਨਾਂ ਨੇ ਆਪਣੀਆਂ ਫਸਲਾਂ ਦੀ ਕਟਾਈ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਕੰਮ 'ਚ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਏ ਅਤੇ ਇਸ ਲਈ ਬੀ. ਐੱਸ. ਐੱਫ. ਤੈਅ ਸਮੇਂ 'ਤੇ ਕਿਸਾਨਾਂ ਨੂੰ ਫਸਲਾਂ ਦੀ ਕਟਾਈ ਲਈ ਸਮਾਂ ਦੇ ਰਹੀ ਹੈ। ਇਸ ਦੇ ਇਲਾਵਾ ਪਾਕਿਸਤਾਨੀ ਅੱਤਵਾਦੀਆਂ ਤੇ ਪਾਕਿਸਤਾਨੀ ਸਮੱਗਲਰਾਂ ਵਲੋਂ ਸੁਰੱਖਿਆ ਲਈ ਬੀ.ਐੱਸ.ਐੱਫ. ਦੇ ਜਵਾਨ ਕਿਸਾਨਾਂ ਨਾਲ ਜਾ ਕੇ ਨਾ ਸਿਰਫ ਪਹਿਰਾ ਦੇ ਰਹੇ ਹਨ ਸਗੋਂ ਕਣਕ ਦੀ ਕਟਾਈ ਕਰਨ ਵਾਲੀਆਂ ਕੰਬਾਈਨਾਂ ਅਤੇ ਟਰੈਕਟਰਾਂ ਤੱਕ ਕਿਸਾਨਾਂ ਦੇ ਨਾਲ ਬੈਠ ਕੇ ਉਨ੍ਹਾਂ ਦੀ ਸੁਰੱਖਿਆ ਕਰ ਰਹੇ ਹਨ।

ਮਾਰਚ ਤੋਂ ਅਪ੍ਰੈਲ ਤੱਕ ਦਾ ਮਹੀਨਾ ਅਤਿ ਸੰਵੇਦਨਸ਼ੀਲ
ਕਣਕ ਦੀ ਕਟਾਈ ਦੌਰਾਨ ਬੀ.ਐੱਸ.ਐੱਫ. ਦੇ ਜਵਾਨ ਅਜਿਹੇ ਕਿਸਾਨਾਂ 'ਤੇ ਸਖਤ ਨਜ਼ਰ ਰੱਖ ਰਹੇ ਹਨ, ਜੋ ਕਿਸਾਨ ਦੇ ਭੇਸ 'ਚ ਦੇਸ਼ ਦੇ ਨਾਲ ਗ਼ਦਾਰੀ ਕਰ ਰਹੇ ਹਨ। ਪਾਕਿਸਤਾਨੀ ਸਮੱਗਲਰਾਂ ਨਾਲ ਮਿਲ ਕੇ ਹੈਰੋਇਨ ਵਰਗੇ ਖਤਰਨਾਕ ਨਸ਼ੀਲੇ ਪਦਾਰਥ ਚਿੱਟੇ ਦੀ ਸਮੱਗਲਿੰਗ ਦੇ ਕਾਲੇ ਧੰਦੇ 'ਚ ਸ਼ਾਮਲ ਹਨ। ਮਾਰਚ ਮਹੀਨੇ ਤੋਂ ਲੈ ਕੇ ਅਪ੍ਰੈਲ ਤੱਕ ਦਾ ਮਹੀਨਾ ਬੀ.ਐੱਸ.ਐੱਫ. ਲਈ ਸੁਰੱਖਿਆ ਦੇ ਲਿਹਾਜ ਨਾਲ ਉਂਝ ਚੁਣੌਤੀ ਬਣਿਆ ਰਹਿੰਦਾ ਹੈ ਕਿਉਂਕਿ ਇਸ ਮਹੀਨੇ ਦੌਰਾਨ ਕਣਕ ਦੀ ਖੜ੍ਹੀ ਫਸਲ ਦੀ ਆੜ 'ਚ ਪਾਕਿਸਤਾਨੀ ਸਮੱਗਲਰ ਹੈਰੋਇਨ ਦੀ ਖੇਪ ਨੂੰ ਭਾਰਤੀ ਸਰਹੱਦ 'ਚ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਨ। ਬੀ.ਐੱਸ.ਐੱਫ. ਵਲੋਂ ਇਨ੍ਹਾਂ ਦਿਨਾਂ 'ਚ ਸਵੇਰੇ 6 ਤੋਂ ਲੈ ਕੇ ਸਵੇਰੇ 9 ਵਜੇ ਤੱਕ ਦੋਵੇਂ ਪਾਸੇ ਖੜ੍ਹੀ ਫਸਲ 'ਚ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ।
ਪੰਜਾਬ ਦਾ 553 ਕਿਲੋਮੀਟਰ ਲੰਮਾ ਸਰਹੱਦ ਪਾਕਿ ਨਾਲ ਲੱਗਦੈ
ਪਾਕਿ ਨਾਲ ਲੱਗਦਾ ਪੰਜਾਬ ਸਰਹੱਦ 'ਤੇ ਨਜ਼ਰ ਮਾਰੀਏ ਤਾਂ ਪਤਾ ਲਗਦਾ ਹੈ ਕਿ ਅੰਮ੍ਰਿਤਸਰ ਸੈਕਟਰ 'ਚ ਪਾਕਿ ਨਾਲ ਲੱਗਦਾ 120 ਕਿਲੋਮੀਟਰ ਲੰਮਾ ਸਰਹੱਦ ਹੈ ਜਦੋਂ ਕਿ ਪੰਜਾਬ ਦਾ 553 ਕਿਲੋਮੀਟਰ ਲੰਮਾ ਸਰਹੱਦ ਪਾਕਿਸਤਾਨ ਨਾਲ ਲੱਗਦਾ ਹੈ ਜਿਸ 'ਚ ਫੈਂਸਿੰਗ ਦੇ ਪਾਰ ਅਤੇ ਫੈਂਸਿੰਗ ਤੋਂ ਪਹਿਲਾਂ ਭਾਰਤੀ ਸਰਹੱਦ ਦੇ ਅੰਦਰ ਕਣਕ ਦੀ ਫਸਲ ਖੜ੍ਹੀ ਹੈ।
ਤਰ੍ਹਾਂ-ਤਰ੍ਹਾਂ ਦੇ ਪੈਂਤੜੇ ਬਦਲ ਰਹੇ ਪਾਕਿਸਤਾਨੀ ਸਮੱਗਲਰ
ਬੀ.ਓ.ਪੀ. ਬੈਰੋਪਾਲ ਹੋਵੇ ਜਾਂ ਫਿਰ ਭਾਰਤ-ਪਾਕਿ ਸਰਹੱਦ ਨਾਲ ਲੱਗਦਾ ਕੋਈ ਹੋਰ ਬੀ. ਓ. ਪੀ. ਪਾਕਿਸਤਾਨੀ ਸਮੱਗਲਰ ਆਪਣੇ ਇਰਾਦਿਆਂ ਨੂੰ ਸਫਲ ਬਣਾਉਣ ਲਈ ਪੈਂਤੜੇ ਬਦਲ ਕੇ ਹੈਰੋਇਨ ਸਮੱਗਲਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਬੀ. ਓ. ਪੀ. ਬੈਰੋਪਾਲ 'ਚ ਹਰੀ ਤੇ ਕਾਲੀ ਗੇਂਦ ਦੀ ਸ਼ੇਪ 'ਚ ਹੈਰੋਇਨ ਲੁੱਕਾ ਕੇ ਭੇਜੀ ਗਈ ਜਿਸ ਦੇ ਨਾਲ ਪਤਾ ਲੱਗਦਾ ਹੈ ਕਿ ਹਰੇ ਖੇਤ ਲਈ ਹਰੀ ਗੇਂਦ ਤੇ ਕਾਲੇ ਖੇਤ ਲਈ ਕਾਲੀ ਗੇਂਦ (ਕਾਲੇ ਖੇਤ ਦਾ ਮਤਲੱਬ ਉਹ ਖੇਤ ਜਿਸ 'ਚ ਪਰਾਲੀ ਨੂੰ ਸਾੜਿਆ ਗਿਆ ਹੁੰਦਾ ਹੈ) ਉਸ 'ਚ ਸੁੱਟਣ ਲਈ ਬਣਾਈ ਗਈ ਸੀ। ਹਰੀ ਗੇਂਦ ਨੂੰ ਹਰੇ ਖੇਤ 'ਚ ਆੜ ਮਿਲ ਜਾਂਦੀ ਹੈ ਤੇ ਉਸ ਨੂੰ ਆਸਾਨੀ ਨਾਲ ਟਰੇਸ ਵੀ ਨਹੀਂ ਕੀਤਾ ਜਾ ਸਕਦਾ ਹੈ ਇਹੀ ਹਾਲ ਕਾਲੀ ਗੇਂਦ ਦੇ ਮਾਮਲੇ 'ਚ ਸਾਹਮਣੇ ਆਇਆ ਹੈ। ਪਾਕਿਸਤਾਨੀ ਸਮੱਗਲਰ ਨੇ ਕਦੇ ਪਲਾਸਟਿਕ ਦੀਆਂ ਪਾਣੀ ਵਾਲੀਆਂ ਬੋਤਲਾਂ 'ਚ ਹੈਰੋਇਨ ਦੀ ਖੇਪ ਭੇਜੀ ਤਾਂ ਕਦੇ ਸਟਿੱਕਸ ਦੇ ਰੂਪ ਵਿਚ ਛੋਟੇ-ਛੋਟੇ ਪੈਕਟਾਂ 'ਚ ਹੈਰੋਇਨ ਭੇਜਣ ਦੀ ਕੋਸ਼ਿਸ਼ ਕੀਤੀ ਤਾਂ ਕਦੇ ਜੁਰਾਬਾਂ 'ਚ ਹੈਰੋਇਨ ਦੀ ਖੇਪ ਭਰ ਕੇ ਫੈਂਸਿੰਗ ਦੇ ਪਾਰ ਭੇਜਣ ਦੀ ਕੋਸ਼ਿਸ਼ ਕੀਤੀ ਪਰ ਸਾਰੀ ਕੋਸ਼ਿਸ਼ ਅਸਫਲ ਕਰ ਦਿੱਤੀ ਗਈ।
ਕਿਸਾਨ ਰੂਪੀ ਸਮੱਗਲਰ ਤੋਂ ਦੇਸ਼ਭਗਤ ਕਿਸਾਨ ਨਾਰਾਜ਼
ਕਿਸਾਨ ਦੇ ਭੇਸ ਵਿਚ ਕੰਮ ਕਰ ਰਹੇ ਦੇਸ਼ ਦੇ ਗ਼ਦਾਰ ਕਿਸਾਨਾਂ ਤੋਂ ਦੇਸ਼ਭਗਤ ਕਿਸਾਨ ਵੀ ਖਾਸੇ ਨਾਰਾਜ਼ ਨਜ਼ਰ ਆਉਂਦੇ ਹਨ ਕਿਉਂਕਿ ਜਦੋਂ ਵੀ ਬੀ.ਐੱਸ.ਐੱਫ. ਕਿਸੇ ਗ਼ਦਾਰ ਕਿਸਾਨ ਨੂੰ ਹੈਰੋਇਨ ਦੀ ਖੇਪ ਨਾਲ ਫੜਦੀ ਹੈ ਤਾਂ ਇਸ ਨਾਲ ਸਾਰੇ ਕਿਸਾਨ ਭਾਈਚਾਰੇ ਦੀ ਬਦਨਾਮੀ ਹੁੰਦੀ ਹੈ। ਖੇਤੀਬਾੜੀ ਦੇ ਔਜਾਰਾਂ 'ਚ ਗ਼ਦਾਰ ਕਿਸਾਨ ਹੈਰੋਇਨ ਦੀ ਖੇਪ ਲੈ ਕੇ ਬੀ.ਐੱਸ.ਐੱਫ. ਨੂੰ ਚਕਮਾ ਦੇਣ ਦੀ ਕੋਸ਼ਿਸ਼ ਕਰਦੇ ਹਨ ਪਰ ਫੜੇ ਜਾਂਦੇ ਹਨ।
ਕਣਕ ਦੀ ਕਟਾਈ ਦੌਰਾਨ ਲੈਂਡਮਾਰਕਰਜ਼ 'ਤੇ ਤਿੱਖੀ ਨਜ਼ਰ
ਕਣਕ ਦੀ ਕਟਾਈ ਦੇ ਦੌਰਾਨ ਜਿਥੇ ਬੀ.ਐੱਸ.ਐੱਫ. ਦੇ ਜਵਾਨ ਕਿਸਾਨਾਂ ਦੇ ਨਾਲ ਖੜ੍ਹੇ ਪਹਿਰਾ ਦੇ ਰਹੇ ਹਨ ਤਾਂ ਉਥੇ ਹੀ ਫੈਂਸਿੰਗ ਦੇ ਪਾਰ ਵਾਲੀ ਜ਼ਮੀਨ ਦੇ ਇੰਪੋਰਟੈਂਟ ਲੈਂਡਮਾਰਕਰਜ਼ 'ਤੇ ਵੀ ਬੀ.ਐੱਸ.ਐੱਫ. ਪੂਰੀ ਨਜ਼ਰ ਰੱਖ ਰਹੀ ਹੈ। ਇਸ ਲੈਂਡਮਾਰਕਰਜ਼ ਵਿਚ ਫੈਂਸਿੰਗ ਦੇ ਪਾਰ ਵਾਲਾ ਕੋਈ ਵੱਡਾ ਦਰੱਖਤ ਜਿਵੇਂ ਪਿੱਪਲ, ਬੋਹੜ ਜਾਂ ਫਿਰ ਬੇਰੀ ਦਾ ਦਰਖਤ, ਟਿਊਬਵੈੱਲ, ਸੈਨਾ ਦੇ ਡਿਫਿਊਜ਼ਡ ਬੰਕਰਜ਼, ਬਿਜਲੀ ਦਾ ਕੋਈ ਖੰਭਾ ਆਦਿ ਸ਼ਾਮਲ ਹੈ।


rajwinder kaur

Content Editor

Related News