ਡਾ. ਇੰਦਰਬੀਰ ਸਿੰਘ ਨਿੱਝਰ ਨੇ 61 ਜੂਨੀਅਰ ਨਕਸ਼ਾ-ਨਵੀਸਾਂ ਨੂੰ ਸੌਂਪੇ ਨਿਯੁਕਤੀ-ਪੱਤਰ

08/03/2022 4:56:28 PM

ਚੰਡੀਗੜ੍ਹ (ਬਿਊਰੋ) - ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦੀ ਮੁਹਿੰਮ ਨੂੰ ਅੱਗੇ ਵਧਾਉਂਦਿਆਂ ਅੱਜ ਭੂਮੀ ਤੇ ਜਲ ਸੰਭਾਲ ਅਤੇ ਸਥਾਨਕ ਸਰਕਾਰਾਂ ਮੰਤਰੀ ਡਾ. ਇੰਦਰਜੀਤ ਸਿੰਘ ਨਿੱਝਰ ਨੇ 61 ਜੂਨੀਅਰ ਨਕਸ਼ਾ-ਨਵੀਸਾਂ ਨੂੰ ਨਿਯੁਕਤੀ-ਪੱਤਰ ਸੌਂਪੇ। ਇੱਥੋਂ ਦੇ ਮਿਊਂਸੀਪਲ ਭਵਨ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਆਪਣੇ ਸੰਬੋਧਨ ਵਿੱਚ ਡਾ. ਨਿੱਝਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਵਾਅਦੇ ਅਨੁਸਾਰ ਰੁਜ਼ਗਾਰ ਦੇ ਨਵੇਂ ਮੌਕੇ ਪ੍ਰਦਾਨ ਕਰ ਰਹੇ ਹਨ ਤਾਂ ਜੋ ਨਵੀਂ ਪੀੜ੍ਹੀ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਵਿਦੇਸ਼ਾਂ ਵੱਲ ਨਾ ਜਾਵੇ। 

ਭੂਮੀ ਅਤੇ ਜਲ ਸੰਭਾਲ ਅਧੀਨ ਨਵ-ਨਿਯੁਕਤ ਮੁਲਾਜ਼ਮਾਂ ਨੂੰ ਵਧਾਈ ਦਿੰਦਿਆਂ ਕੈਬਨਿਟ ਮੰਤਰੀ ਨੇ ਉਨ੍ਹਾਂ ਨੂੰ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਲਈ ਪ੍ਰੇਰਿਆ। ਉਨ੍ਹਾਂ ਨਵ-ਨਿਯੁਕਤ ਮੁਲਾਜ਼ਮਾਂ ਨੂੰ ਜ਼ੋਰ ਦੇ ਕੇ ਕਿਹਾ ਕਿ ਭ੍ਰਿਸ਼ਟਾਚਾਰ ਵਿਰੁੱਧ ਸਿਰਫ਼ ਸਹਿਣਸ਼ੀਲਤਾ ਦੀ ਨੀਤੀ ਅਪਣਾਉਂਦਿਆਂ ਕੰਮ ਕਰਨ। ਵਿਭਾਗ ਵਿੱਚ ਇਨ੍ਹਾਂ ਕਰਮਚਾਰੀਆਂ ਦੀ ਘਾਟ ਕਾਰਨ ਪ੍ਰਾਜੈਕਟਾਂ ਦੇ ਅਨੁਮਾਨਾਂ ਦੀ ਤਕਨੀਕੀ ਚੈਕਿੰਗ ਅਤੇ ਤਸਦੀਕੀਕਰਨ ਜਿਹੇ ਅਹਿਮ ਕੰਮਾਂ ਨੂੰ ਨੇਪਰੇ ਚਾੜ੍ਹਨ ਵਿਚ ਦਿੱਕਤ ਆ ਰਹੀ ਸੀ ਅਤੇ ਇਸ ਬੈਚ ਦੇ ਆਉਣ ਨਾਲ ਵਿਭਾਗ ਨੂੰ ਵੱਡੀ ਰਾਹਤ ਮਿਲੇਗੀ।

ਕੈਬਨਿਟ ਮੰਤਰੀ ਨੇ ਪੰਜਾਬ ਵਿੱਚ ਪਾਣੀ ਦੇ ਡਿੱਗ ਰਹੇ ਪੱਧਰ ਦੇ ਸਨਮੁਖ ਚੱਲ ਰਹੇ ਭੂਮੀ ਅਤੇ ਜਲ ਸੰਭਾਲ ਦੇ ਕੰਮਾਂ ਵਿਚ ਨਵੇਂ ਉਪਰਾਲੇ ਅਤੇ ਹੋਰ ਨਵੇਂ ਪ੍ਰੋਗਰਾਮ ਉਲੀਕਣ ਲਈ ਆਖਿਆ। ਉਨ੍ਹਾਂ ਕਿਹਾ ਕਿ ਰਾਜ ਵਿਚ, ਖ਼ਾਸ ਤੌਰ 'ਤੇ ਖੇਤੀਬਾੜੀ ਖੇਤਰ ਵਿੱਚ ਪਾਣੀ ਸੰਭਾਲ ਦੀ ਮੁਹਿੰਮ ਵੱਡੀ ਪੱਧਰ 'ਤੇ ਸ਼ੁਰੂ ਕਰਨ ਦੀ ਲੋੜ ਹੈ। ਵਿਭਾਗ ਵਿੱਚ ਹੋਰਨਾਂ ਮੁਲਾਜ਼ਮਾਂ ਦੀ ਘਾਟ ਬਾਰੇ ਕੈਬਨਿਟ ਮੰਤਰੀ ਨੇ ਭਰੋਸਾ ਦੁਆਇਆ ਕਿ ਸੂਬਾ ਸਰਕਾਰ ਇਨ੍ਹਾਂ ਮੁੱਦਿਆਂ ਉਤੇ ਜੀਅ-ਜਾਨ ਨਾਲ ਕੰਮ ਕਰ ਰਹੀ ਹੈ ਅਤੇ ਖ਼ਾਲੀ ਪਈਆਂ ਆਸਾਮੀਆਂ ਨੂੰ ਪਾਰਦਰਸ਼ੀ ਢੰਗ ਨਾਲ ਭਰਨ ਦੇ ਉਪਰਾਲੇ ਨਿਰੰਤਰ ਜਾਰੀ ਹਨ।

ਵਧੀਕ ਸਕੱਤਰ (ਖੇਤੀਬਾੜੀ) ਸ੍ਰੀ ਰਾਹੁਲ ਗੁਪਤਾ ਅਤੇ ਮੁੱਖ ਭੂਮੀ ਪਾਲ ਤੇ ਵਿਭਾਗ ਮੁਖੀ ਸ੍ਰੀ ਮਹਿੰਦਰ ਸਿੰਘ ਨੇ ਨਵ-ਨਿਯੁਕਤ ਕਰਮਚਾਰੀਆਂ ਦਾ ਸਵਾਗਤ ਕਰਦਿਆਂ ਉਮੀਦ ਜਤਾਈ ਕਿ ਉਨ੍ਹਾਂ ਦੇ ਆਉਣ ਨਾਲ ਵਿਭਾਗ ਦੇ ਕੰਮਾਂ ਵਿੱਚ ਮਜ਼ਬੂਤੀ ਆਵੇਗੀ।


rajwinder kaur

Content Editor

Related News