ਮੋਹਾਲੀ ''ਚ ਆਯੋਜਿਤ ਹੋਵੇਗਾ ''ਆਜ਼ਾਦੀ ਦਿਹਾੜੇ'' ਦਾ ਸੂਬਾ ਪੱਧਰੀ ਸਮਾਰੋਹ

Wednesday, Aug 05, 2020 - 10:41 AM (IST)

ਮੋਹਾਲੀ ''ਚ ਆਯੋਜਿਤ ਹੋਵੇਗਾ ''ਆਜ਼ਾਦੀ ਦਿਹਾੜੇ'' ਦਾ ਸੂਬਾ ਪੱਧਰੀ ਸਮਾਰੋਹ

ਮੋਹਾਲੀ (ਨਿਆਮੀਆਂ) : ਆਜ਼ਾਦੀ ਦਿਹਾੜੇ ਦੇ ਸੂਬਾ ਪੱਧਰੀ ਸਮਾਰੋਹ ਦੇ ਪ੍ਰਬੰਧਾਂ ਲਈ ਆਨ-ਸਾਈਟ ਮੀਟਿੰਗ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ (ਸ਼ੌਰਿਆ ਚੱਕਰ) ਸਰਕਾਰੀ ਕਾਲਜ ਮੋਹਾਲੀ ਵਿਖੇ ਹੋਈ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕੋਰੋਨਾ ਆਫ਼ਤ ਦੇ ਮੱਦੇਨਜ਼ਰ ਵਿਦਿਆਰਥੀਆਂ ਦੀ ਸ਼ਮੂਲੀਅਤ ਨਾ ਕਰਨ ਲਈ ਸਪੱਸ਼ਟ ਨਿਰਦੇਸ਼ ਦਿੱਤੇ।

ਉਨ੍ਹਾਂ ਦੱਸਿਆ ਕਿ ਆਜ਼ਾਦੀ ਦਿਹਾੜੇ ਦੇ ਸਮਾਰੋਹ ਦਾ ਰਸਮੀ ਹਿੱਸਾ ਢੁਕਵੇਂ ਢੰਗ ਨਾਲ ਮਨਾਇਆ ਜਾਵੇਗਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਾਸ਼ਟਰੀ ਝੰਡਾ ਲਹਿਰਾਇਆ ਜਾਵੇਗਾ ਅਤੇ ਉਸ ਤੋਂ ਬਾਅਦ ਪੁਲਸ ਦੇ ਜਵਾਨ ਮਾਰਚ 'ਚ ਹਿੱਸਾ ਲੈਣਗੇ ਅਤੇ ਮੁੱਖ ਮਹਿਮਾਨ ਸੰਬੋਧਨ ਕਰਨਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਸਕੂਲੀ ਵਿਦਿਆਰਥੀਆਂ ਨਾਲ ਸਬੰਧਿਤ ਕੋਈ ਵੀ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ ਨਹੀਂ ਕੀਤਾ ਜਾਵੇਗਾ।

ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (ਪ੍ਰਾਇਮਰੀ ਅਤੇ ਸੈਕੰਡਰੀ) ਨੂੰ ਇਹ ਯਕੀਨੀ ਬਣਾਉਣ ਲਈ ਹਦਾਇਤ ਦਿੱਤੀ ਕਿ ਕੋਈ ਵੀ ਸਰਕਾਰੀ ਜਾਂ ਨਿੱਜੀ ਸਕੂਲ ਆਪਣੇ ਵਿਦਿਆਰਥੀਆਂ ਦੀ ਸ਼ਮੂਲੀਅਤ ਨਾਲ ਕੋਈ ਵੀ ਸਮਾਰੋਹ ਆਯੋਜਿਤ ਨਾ ਕਰਨ। ਉਨ੍ਹਾਂ ਨੇ ਸਮਾਰੋਹ ਵਾਲੀ ਥਾਂ ਦੀ ਸਾਫ-ਸਫਾਈ ਅਤੇ ਮੁਕੰਮਲ ਸੈਨੀਟਾਈਜੇਸ਼ਨ ਕਰਨ ਦੇ ਨਿਰਦੇਸ਼ ਦਿੱਤੇ ਅਤੇ ਸਬੰਧਿਤ ਅਧਿਕਾਰੀਆਂ ਨੂੰ ਸਿਹਤ ਅਤੇ ਸੁਰੱਖਿਆ ਪ੍ਰੋਟੋਕਾਲ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਕਿਹਾ। ਇਸ ਮੌਕੇ ਆਸ਼ੀਕਾ ਜੈਨ ਏ. ਡੀ. ਸੀ.(ਜੀ), ਕਮਲ ਕੁਮਾਰ ਗਰਗ, ਕਮਿਸ਼ਨਰ ਨਗਰ ਨਿਗਮ ਤੋਂ ਇਲਾਵਾ ਸਿਵਲ ਅਤੇ ਪੁਲਸ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।


author

Babita

Content Editor

Related News