ਆਜ਼ਾਦੀ ਦਿਵਸ ਸਮਾਗਮ ਦੀ ਫੁੱਲ ਡ੍ਰੈੱਸ ਰਿਹਸਲ ਹੋਈ ਮੁਕੰਮਲ
Monday, Aug 14, 2017 - 02:47 PM (IST)
ਮੁਕਤਸਰ (ਤਰਸੇਮ ਢੁੱਡੀ) — 15 ਅਗਸਤ 2017 ਨੂੰ ਮਨਾਏ ਜਾਣ ਵਾਲੇ ਆਜ਼ਾਦੀ ਦਿਵਸ ਦੇ ਸਾਮਗਮ ਸੰਬੰਧਿਤ ਅੱਜ ਫੁੱਲ ਡਰੈੱਸ ਰਿਹਸਲ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਹੋਈ ਤੇ ਇਸ ਮੌਕੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਸੁਮਿਤ ਜਾਰੰਗਲ, ਆਈ. ਏ. ਐੱਸ. ਨੇ ਤਿਰੰਗਾ ਲਹਿਰਾ ਕੇ ਇਸ ਰਿਹਸਲ ਦਾ ਆਗਾਜ਼ ਕੀਤਾ। ਸੁਤੰਤਰਤਾ ਦਿਵਸ ਮੌਕੇ ਇਥੇ ਹੋਣ ਵਾਲੇ ਜ਼ਿਲਾ ਪੱਧਰੀ ਸਮਾਗਮ ਮੌਕੇ ਤਿਰੰਗਾ ਲਹਿਰਾਉਣ ਦੀ ਰਸਮ ਡਿਪਟੀ ਕਮਿਸ਼ਨਰ ਸੁਮਿਤ ਜਾਰੰਗਲ ਹੀ ਅਦਾ ਕਰਨਗੇ।
ਇਸ ਮੌਕੇ ਪੰਜਾਬ ਪੁਲਸ ਦੀਆਂ ਟੁਕੜੀਆਂ ਤੇ ਸਕੂਲਾਂ ਦੀ ਐੱਨ. ਐੱਸ. ਐੱਸ., ਐੱਨ. ਸੀ. ਸੀ. ਕੈਡਿਟ ਦੀਆਂ ਟੁਕੜੀਆਂ ਨੇ ਪਰੇਡ ਕਮਾਂਡਰ ਡੀ. ਐੱਸ. ਪੀ. ਰਾਜਪਾਲ ਸਿੰਘ ਦੀ ਅਗਵਾਈ 'ਚ ਤਿਰੰਗੇ ਨੂੰ ਸਲਾਮੀ ਦਿੱਤੀ। ਇਸ ਪਿੱਛੋਂ ਪੀ. ਟੀ. ਸ਼ੋਅ ਤੇ ਸੰਸਕ੍ਰਿਤ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਜਿਮਨਾਸਟਕ ਸ਼ੋਅ ਨੇ ਦਰਸ਼ਕਾਂ ਦਾ ਖਾਸ ਤੌਰ 'ਤੇ ਖਿੱਚਿਆ। ਇਹ ਸ਼ੋਅ ਜਿਮਨਾਸਟਿਕ ਟ੍ਰੇਨਰ ਦੀਪੀ ਰਾਣੀ ਨੇ ਤਿਆਰ ਕਰਵਾਇਆ ਹੈ।
ਰਿਹਸਲ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਦੇ ਨਾਲ ਬੈਠਕ ਕਰ ਕੇ ਸੁਤੰਤਰਤਾ ਦਿਵਸ ਮੌਕੇ ਕੀਤੇ ਜਾਣ ਵਾਲੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਤੇ ਕਿਹਾ ਕਿ ਜ਼ਿਲਾ ਪੱਧਰੀ ਸਮਾਗਮ 'ਚ ਕੋਈ ਵੀ ਕਮੀ ਨਾ ਰਹੇ। ਉਨ੍ਹਾਂ ਦੱਸਿਆ ਕਿ ਇਸ ਵਾਰ ਝਾਕੀਆਂ ਦਾ ਵੀ ਆਯੋਜਨ ਕੀਤਾ ਜਾਵੇਗਾ। ਉਨ੍ਹਾਂ ਜ਼ਿਲਾ ਨਿਵਾਸੀਆਂ ਨੂੰ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਹੋਣ ਵਾਲੇ ਜ਼ਿਲਾ ਪਧੱਰੀ ਆਜ਼ਾਦੀ ਦਿਹਾੜੇ ਦੇ ਸਮਾਗਮ 'ਚ ਸ਼ਿਰਕਤ ਕਰਨ ਦਾ ਖੁੱਲ੍ਹਾ ਸੱਦਾ ਦਿੱਤਾ ਤੇ ਕਿਹਾ ਕਿ ਸਾਨੂੰ ਸਭ ਨੂੰ ਇਸ ਰਾਸ਼ਟਰੀ ਤਿਉਹਾਰ ਨੂੰ ਧੂਮਧਾਮ ਨਾਲ ਮਨਾਉਣਾ ਚਾਹੀਦਾ ਹੈ।
ਬੈਠਕ 'ਚ ਐੱਸ. ਪੀ. ਜਸਪਾਲ, ਬਲਜੀਤ ਸਿੰਘ ਸਿੱਧੂ, ਐੱਸ. ਡੀ. ਐੱਮ. ਰਾਜਪਾਲ ਸਿੰਘ, ਸਹਾਇਕ ਕਮਿਸ਼ਨਰ ਜਰਨਲ ਗੋਪਾਲ ਸਿੰਘ, ਏ. ਸੀ. ਯੂ. ਟੀ. ਮੈਡਮ ਕਨੂੰ ਗਰਗ ਤੇ ਮੈਡਮ ਵੀਰਪਾਲ ਕੌਰ ਆਦਿ ਹਾਜ਼ਰ ਸਨ।
