ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਗੁਰਦਾਸਪੁਰ 'ਚ ਨਿਭਾਈ 'ਤਿਰੰਗਾ' ਲਹਿਰਾਉਣ ਦੀ ਰਸਮ
Sunday, Aug 15, 2021 - 04:35 PM (IST)
ਗੁਰਦਾਸਪੁਰ (ਸਰਬਜੀਤ) : ਸਥਾਨਕ ਲੈਫ. ਨਵਦੀਪ ਸਿੰਘ (ਅਸ਼ੋਕ ਚੱਕਰ) ਖੇਡ ਸਟੇਡੀਅਮ ’ਚ 75ਵਾਂ ਆਜ਼ਾਦੀ ਦਿਹਾੜਾ ਪੂਰੇ ਉਤਸ਼ਾਹ ਅਤੇ ਜਾਹੋਂ ਜਲਾਲ ਨਾਲ ਮਨਾਇਆ ਗਿਆ। ਇਸ ਸਮਾਗਮ ’ਚ ਵਿਸ਼ੇਸ ਤੌਰ ’ਤੇ ਪਹੁੰਚੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵੱਲੋਂ ਰਾਸ਼ਟਰੀ ਝੰਡਾ ਲਹਿਰਾਇਆ ਗਿਆ ਅਤੇ ਜ਼ਿਲ੍ਹਾ ਵਾਸੀਆਂ ਨੂੰ ਸੰਦੇਸ਼ ਦਿੱਤਾ ਗਿਆ। ਆਪਣੇ ਸੰਦੇਸ਼’ਚ ਕੈਬਨਿਟ ਮੰਤਰੀ ਬਾਜਵਾ ਕਿ ਕਿਹਾ ਕਿ ਅੱਜ ਅਸੀਂ 75ਵਾਂ ਆਜ਼ਾਦੀ ਦਿਵਸ ਮਨਾ ਰਹੇ ਹਾਂ ਅਤੇ ਇਸ ਮੌਕੇ ਆਪ ਸਭ ਨੂੰ ਹਾਰਦਿਕ ਵਧਾਈ। ਵੱਖ-ਵੱਖ ਲਹਿਰਾਂ ਅਤੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਸਰਦਾਰ ਕਰਤਾਰ ਸਿੰਘ ਸਰਾਭਾ, ਮਦਨ ਲਾਲ ਢੀਂਗਰਾ, ਲਾਲਾ ਲਾਜਪਤ ਰਾਏ, ਦੀਵਾਨ ਸਿੰਘ ਕਾਲੇਪਾਣੀ, ਸ਼ਹੀਦ ਊਧਮ ਸਿੰਘ ਅਤੇ ਹੋਰ ਆਜ਼ਾਦੀ ਘੁਲਾਟੀਆਂ ਵੱਲੋਂ ਸਮੇਂ-ਸਮੇਂ ’ਤੇ ਆਰੰਭੇ ਗਏ ਸੰਘਰਸ਼ਾਂ ਕਾਰਨ ਹੀ ਅੱਜ ਅਸੀਂ ਆਜ਼ਾਦ ਮੁਲਕ ਦੇ ਵਾਸੀ ਹਾਂ। ਸਾਨੂੰ ਮਾਣ ਹੈ ਕਿ ਦੇਸ਼ ਦੇ ਆਜ਼ਾਦੀ ਸੰਘਰਸ਼ ਦੌਰਾਨ ਪੰਜਾਬੀਆਂ ਦੀਆਂ ਸਭ ਤੋਂ ਜ਼ਿਆਦਾ ਕੁਰਬਾਨੀਆਂ ਦਿੱਤੀਆਂ। ਉਨ੍ਹਾ ਇਸ ਸ਼ੁੱਭ ਮੌਕੇ’ਤੇ ਹਾਲ ਹੀ ਵਿਚ ਟੋਕੀਓ ਓਲੰਪਿਕ ਵਿਚ ਸ਼ਾਨਦਾਰ ਪ੍ਰਦਰਸ਼ਨ ਦਿਖਾਉਣ ਵਾਲੇ ਖਿਡਾਰੀਆਂ, ਕੋਚਿੰਗ ਸਟਾਫ ਦੇ ਨਾਲ-ਨਾਲ ਸਾਰੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਦੇਸ਼ ਦੇ ਖਿਡਾਰੀਆਂ ਨੇ 7 ਮੈਡਲ ਜਿੱਤ ਕੇ ਖੇਡਾਂ ਪ੍ਰਤੀ ਨਵੀਂ ਸੋਚ ਪੈਦਾ ਕੀਤੀ ਹੈ। 41 ਸਾਲ ਬਾਅਦ ਹਾਕੀ ਵਿਚ ਮੈਡਲ ਜਿੱਤ ਕੇ ਹਾਕੀ ਟੀਮ ਨੇ ਦੇਸ਼ ਅੰਦਰ ਨਵੀਂ ਉਮੰਗ ਛੇੜੀ ਹੈ। ਲੜਕੀਆਂ ਦੀ ਟੀਮ ਵੱਲੋਂ ਵੀ ਸੈਮੀਫਾਈਨਲ ਖੇਡਣਾ ਵੱਡੀ ਪ੍ਰਾਪਤੀ ਹੈ।
ਬਾਜਵਾ ਨੇ ਕਿਹਾ ਕਿ ਪੰਜਾਬ ਸੂਬਾ ਅੱਜ ਖੇਤੀਬਾੜੀ, ਬਿਜਲੀ, ਬੁਨਿਆਦੀ ਢਾਂਚੇ, ਸ਼ਹਿਰੀ ਵਿਕਾਸ, ਪਿੰਡਾਂ ਦੇ ਸਰਵਪੱਖੀ ਵਿਕਾਸ, ਸਿੱਖਿਆ, ਸਿਹਤ, ਵਾਤਾਵਰਣ ਪੱਖੀ ਮਾਹੌਲ ਸਿਰਜਣ, ਉਦਯੋਗ, ਨਾਗਰਿਕ ਸੇਵਾਵਾਂ ਅਤੇ ਵੀ.ਆਈ.ਪੀ. ਕਲਚਰ ਖਤਮ ਕਰਨ ਕਰਕੇ ਨਾਮਣਾ ਖੱਟ ਰਿਹਾ ਹੈ। ਉਨ੍ਹਾਂ ਕਿਹਾ ਕਿ ਬੀਤੇ ਲਗਭੱਗ ਡੇਢ ਸਾਲ ਦੌਰਾਨ ਆਪਾਂ ਸਾਰੇ ਕੋਰੋਨਾ ਦੇ ਜਿਸ ਦੌਰ ਵਿਚੋਂ ਗੁਜਰੇ ਹਾਂ, ਮੈਂ ਉਮੀਦ ਕਰਦਾ ਹਾਂ ਕਿ ਉਸੇ ਹੌਂਸਲੇ ਅਤੇ ਹਿੰਮਤ ਨਾਲ ਕੋਰੋਨਾ ਦੀ ਤੀਜੀ ਲਹਿਰ ਤੋਂ ਵੀ ਨਿਜਾਤ ਪਾ ਲਵਾਂਗੇ। ਉਨ੍ਹਾਂ ਦਿੱਲੀ ਦੀ ਸਰਹੱਦ ’ਤੇ ਬੈਠੇ ਕਿਸਾਨਾਂ ਦੇ ਸੰਘਰਸ਼ ਦੀ ਸਫਲਤਾ ਲਈ ਅਰਦਾਸ ਕਰਦਿਆਂ ਕਿਹਾ ਕਿ ਪਰਮਾਤਮਾ ਜਲਦ ਉਨ੍ਹਾਂ ਦੇ ਵਿੱਢੇ ਸੰਘਰਸ਼ ਨੂੰ ਸਫਲਤਾ ਬਖਸ਼ੇ।
ਇਸ ਤੋਂ ਪਹਿਲਾਂ ਬਾਜਵਾ ਵਲੋਂ ਸਥਾਪਤ ਕੀਤੀ ਗਈ ਸ਼ਹੀਦਾਂ ਦੀ ਗੈਲਰੀ ਵਿਖੇ ਪਹੁੰਚੇ ਅਤੇ ਸ਼ਹੀਦਾਂ ਨੂੰ ਸ਼ਰਧਾਂ ਦੇ ਫੁੱਲ ਅਰਪਨ ਕੀਤੇ ਗਏ। ਇਸ ਉਪਰੰਤ ਬਾਜਵਾ ਵੱਲੋਂ ਵੀਰ ਨਾਰੀਆਂ, ਸੁਤੰਤਰਤਾ ਸੈਨਾਨੀਆਂ ਦੇ ਪਰਿਵਾਰਕ ਮੈਂਬਰਾਂ ਤੇ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ।
ਇਸ ਸਮਾਗਮ ਵਿਚ ਬਰਿੰਦਰਮੀਤ ਸਿੰਘ ਪਾਹੜਾ ਹਲਕਾ ਵਿਧਾਇਕ ਗੁਰਦਾਸਪੁਰ, ਇਕਬਾਲ ਸਿੰਘ ਸਹੋਤਾ ਏ. ਡੀ. ਜੀ. ਪੀ. ਪੰਜਾਬ, ਐੱਸ. ਪੀ. ਐੱਸ. ਪਰਮਾਰ ਆਈ. ਜੀ. ਬਾਰਡਰ ਰੇਂਜ ਸ੍ਰੀ ਅੰਮ੍ਰਿਰਤਸਰ, ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ, ਡਾ. ਨਾਨਕ ਸਿੰਘ ਐੱਸ. ਐੱਸ. ਪੀ. ਗੁਰਦਾਸਪੁਰ, ਮੈਡਮ ਸਹਿਲਾ ਕਾਦਰੀ ਧਰਮ ਪਤਨੀ ਡਿਪਟੀ ਕਮਿਸ਼ਨਰ ਗੁਰਦਾਸਪੁਰ, ਰਮਨ ਬਹਿਲ ਚੇਅਰਮੈਨ ਐੱਸ. ਐੱਸ. ਬੋਰਡ ਪੰਜਾਬ, ਚੇਅਰਮੈਨ ਗੁਰਮੀਤ ਸਿੰਘ ਪਾਹੜਾ ਸਮੇਤ ਪ੍ਰਮੁੱਖ ਹਸਤੀਆਂ ਮੌਜੂਦ ਸਨ।