ਆਜ਼ਾਦੀ ਦਿਹਾੜੇ ਮੌਕੇ ਅੱਜ ਕਿਸਾਨ ਕਰਨਗੇ ਟਰੈਕਟਰ ਮਾਰਚ, ਪ੍ਰਸ਼ਾਸਨ ਅਲਰਟ ''ਤੇ

Thursday, Aug 15, 2024 - 08:45 AM (IST)

ਆਜ਼ਾਦੀ ਦਿਹਾੜੇ ਮੌਕੇ ਅੱਜ ਕਿਸਾਨ ਕਰਨਗੇ ਟਰੈਕਟਰ ਮਾਰਚ, ਪ੍ਰਸ਼ਾਸਨ ਅਲਰਟ ''ਤੇ

ਚੰਡੀਗੜ੍ਹ : ਆਪਣੀਆਂ ਵੱਖ-ਵੱਖ ਮੰਗਾਂ ਸਣੇ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਲਈ ਪੰਜ ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਪੰਜਾਬ ਦੇ ਕਿਸਾਨ ਅੱਜ ਆਜ਼ਾਦੀ ਦਿਵਸ ਮੌਕੇ ਟਰੈਕਟਰ ਮਾਰਚ ਕਰਨਗੇ। ਇਸ ਦੌਰਾਨ ਕਿਸਾਨ ਆਪਣੇ ਟਰੈਕਟਰਾਂ 'ਤੇ ਕਿਸਾਨ ਝੰਡੇ ਅਤੇ ਤਿਰੰਗੇ ਨਾਲ ਨਿਕਲਣਗੇ। ਇਸ ਦੇ ਨਾਲ ਹੀ ਘੱਗਰ ਨਦੀ ਵਿੱਚ ਹੜ੍ਹ ਆਉਣ ਦੀ ਸੂਰਤ ਵਿਚ ਸ਼ੰਭੂ ਨੇੜਲੇ ਸਾਰੇ ਪਿੰਡਾਂ ਵਿਚ ਕਿਸਾਨ ਮਦਦ ਅਤੇ ਹੋਰ ਸਮਾਨ ਦੇਣ ਲਈ ਪੂਰੀ ਤਰ੍ਹਾਂ ਤਿਆਰ ਹਨ। ਦੂਜੇ ਪਾਸੇ ਕਿਸਾਨਾਂ ਦੇ ਟਰੈਕਟਰ ਮਾਰਚ ਦੇ ਚੱਲਦੇ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਅਲਰਟ 'ਤੇ ਹੈ ਅਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।

ਟਰੈਕਟਰ ਮਾਰਚ ਲਈ ਸਾਰੇ ਕਿਸਾਨ ਆਗੂਆਂ ਦੀਆਂ ਬਕਾਇਦਾ ਵੱਖ-ਵੱਖ ਜ਼ਿਲ੍ਹਿਆਂ ਵਿਚ ਡਿਊਟੀਆਂ ਲਗਾਈਆਂ ਗਈਆਂ ਹਨ। ਸ਼ੰਭੂ ਮੋਰਚੇ 'ਤੇ ਖੜ੍ਹੇ ਸਾਰੇ ਆਗੂ ਬਾਜਵਾ ਢਾਬੇ ਤੋਂ ਮਾਰਚ ਦੀ ਸ਼ੁਰੂਆਤ ਕਰਨਗੇ। ਇਸ ਤੋਂ ਬਾਅਦ ਫੌਜਦਾਰੀ ਕਾਨੂੰਨ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ।

ਜਾਣਕਾਰੀ ਮੁਤਾਬਕ ਕਿਸਾਨ ਸਰਵਣ ਸਿੰਘ ਪੰਧੇਰ ਅੰਮ੍ਰਿਤਸਰ ਰਹਿਣਗੇ। ਉਹ ਬਾਘਾ ਬਾਰਡਰ ਤੋਂ ਅੰਮ੍ਰਿਤਸਰ ਤੱਕ ਟ੍ਰੈਕਟਰ ਮਾਰਚ ਕੱਢ ਕੇ ਤਿੰਨ ਫੌਜਦਾਰੀ ਕਾਨੂੰਨਾਂ ਦੀਆਂ ਕਾਪੀਆਂ ਸਾੜਨਗੇ। ਸੁਰਜੀਤ ਸਿੰਘ ਫੂਲ ਭਗਤਾ ਮੰਡੀ, ਮਨਜੀਤ ਸਿੰਘ ਰਾਏ ਹੁਸ਼ਿਆਰਪੁਰ ਵਿਖੇ ਹਾਜ਼ਰ ਹੋਣਗੇ। ਸੁਖਵਿੰਦਰ ਕੌਰ ਮੋੜ ਮੰਡੀ, ਸੁਖਵਿੰਦਰ ਸਿੰਘ ਗਿੱਲ ਜੀਰਾ ਤਹਿਸੀਲ ਤੇ ਫਿਰ ਡੀਸੀ ਦਫ਼ਤਰ ਫਿਰੋਜ਼ਪੁਰ, ਬਲਦੇਵ ਸਿੰਘ ਜੀਰਾ ਵੱਲੋਂ ਜੀਰਾ ਟਰੈਕਟਰ ਮਾਰਚ ਵਿੱਚ ਸ਼ਾਮਲ ਹੋਣਗੇ।


 


author

Gurminder Singh

Content Editor

Related News