ਵਧਦੀ ਗਰਮੀ ਕਿਸਾਨਾਂ ਲਈ ਖ਼ਤਰੇ ਦੀ ਘੰਟੀ, ਵੱਡੀ ਚੁਣੌਤੀ ਹੋ ਸਕਦੈ ‘ਅਲ ਨੀਨੋ’
Monday, Feb 27, 2023 - 07:46 PM (IST)
ਜਲੰਧਰ (ਇੰਟ.) : ਖੇਤੀਬਾੜੀ ਮੰਤਰਾਲਾ ਵੱਲੋਂ ਖੇਤੀਬਾੜੀ ਸਾਲ 2022-23 ਦੇ ਦੂਜੇ ਅਗਾਊਂ ਅਨੁਮਾਨ ’ਚ 11 ਕਰੋੜ 21 ਲੱਖ ਟਨ ਕਣਕ ਦੇ ਉਤਪਾਦਨ ਦਾ ਦਾਅਵਾ ਕੀਤਾ ਗਿਆ ਸੀ ਪਰ ਉਦੋਂ ਤੋਂ ਲਗਾਤਾਰ ਵਧ ਰਹੀ ਗਰਮੀ ਕਾਰਨ ਸਭ ਤੋਂ ਵੱਧ ਕਣਕ ਨੂੰ ਨੁਕਸਾਨ ਹੋਣ ਦਾ ਖਦਸ਼ਾ ਪ੍ਰਗਟਾਇਆ ਹੈ। ਕੁਝ ਨਿੱਜੀ ਏਜੰਸੀਆਂ ਹਾੜ੍ਹੀ ਦੇ ਸੀਜ਼ਨ ’ਚ ਫ਼ਸਲਾਂ ਦੇ ਨੁਕਸਾਨ ਨੂੰ ਲੈ ਕੇ ਅਨੁਮਾਨ ਜਾਰੀ ਕਰਨ ਲੱਗੀਆਂ ਹਨ। ਸੁਤੰਤਰ ਵਿਸ਼ਲੇਸ਼ਣ ਏਜੰਸੀ ਕ੍ਰਿਸਿਲ ਦੀ ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਜੇਕਰ ਮਾਰਚ ਤੱਕ ਤਾਪਮਾਨ ’ਚ ਇਸੇ ਤਰ੍ਹਾਂ ਵਾਧਾ ਹੁੰਦਾ ਰਿਹਾ ਤਾਂ ਕਣਕ ਦੀ ਪੈਦਾਵਾਰ ’ਤੇ ਅਸਰ ਪੈ ਸਕਦਾ ਹੈ ਜਾਂ ਤਾਂ ਕਣਕ ਦੀ ਪੈਦਾਵਾਰ ਪਿਛਲੇ ਹਾੜ੍ਹੀ ਸੀਜ਼ਨ ਦੇ ਪੱਧਰ ’ਤੇ ਰਹੇਗੀ ਜਾਂ ਇਸ ਤੋਂ ਵੀ ਘੱਟ ਹੋ ਸਕਦੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਹੋਰ ਸਖ਼ਤ ਹੋਵੇਗੀ ਕਾਨੂੰਨ-ਵਿਵਸਥਾ, ਡੀ. ਜੀ. ਪੀ. ਨੇ ਉੱਚ ਪੁਲਸ ਅਧਿਕਾਰੀਆਂ ਨੂੰ ਅਲਾਟ ਕੀਤੇ ਜ਼ਿਲ੍ਹੇ
ਕਿਹੜੇ ਸੂਬਿਆਂ ’ਚ ਫ਼ਸਲ ਹੋਵੇਗੀ ਪ੍ਰਭਾਵਿਤ
ਕ੍ਰਿਸਿਲ ਨੇ ਰਾਜ-ਵਾਰ ਵੇਰਵੇ ਦਿੰਦੇ ਹੋਏ ਕਿਹਾ ਕਿ ਪੂਰਬੀ ਉੱਤਰ ਪ੍ਰਦੇਸ਼ ’ਚ ਸਮੇਂ ਸਿਰ ਬਿਜਾਈ ਹੋਣ ਕਾਰਨ ਕਣਕ ’ਤੇ ਕੋਈ ਅਸਰ ਨਹੀਂ ਪਵੇਗਾ ਪਰ ਪੱਛਮੀ ਉੱਤਰ ਪ੍ਰਦੇਸ਼ ’ਚ ਕਣਕ ਦੀ ਫ਼ਸਲ ਪ੍ਰਭਾਵਿਤ ਹੋ ਸਕਦੀ ਹੈ। ਪੰਜਾਬ ਅਤੇ ਹਰਿਆਣਾ ’ਚ ਕਿਉਂਕਿ ਇਸ ਸਮੇਂ ਕਣਕ ’ਚ ਫੁੱਲ ਆਉਣ ਦੀ ਹਾਲਤ ਹੈ ਅਤੇ ਅਗੇਤੀ ਕਣਕ ਕੱਚੀ ਹਾਲਤ ’ਚ ਹੈ। ਦੋਵਾਂ ਸਥਿਤੀਆਂ ’ਚ ਉੱਚ ਤਾਪਮਾਨ ਫ਼ਸਲ ਲਈ ਨੁਕਸਾਨਦੇਹ ਹੋ ਸਕਦਾ ਹੈ। ਕ੍ਰਿਸਿਲ ਨੇ ਮੱਧ ਪ੍ਰਦੇਸ਼ ਅਤੇ ਬਿਹਾਰ ’ਚ ਵੀ ਕਣਕ ਦੇ ਨੁਕਸਾਨ ਦਾ ਖਦਸ਼ਾ ਪ੍ਰਗਟਾਇਆ ਹੈ। ਦੂਜੇ ਪਾਸੇ ਜਿਨ੍ਹਾਂ ਇਲਾਕਿਆਂ ’ਚ ਹਾੜ੍ਹੀ ਦੇ ਸੀਜ਼ਨ ’ਚ ਝੋਨੇ ਦੀ ਕਾਸ਼ਤ ਕੀਤੀ ਜਾਂਦੀ ਹੈ, ਉੱਥੇ ਝੋਨੇ ਦੀ ਪੈਦਾਵਾਰ ਘਟਣ ਦਾ ਖ਼ਦਸ਼ਾ ਹੈ। ਇਸ ਮਾਮਲੇ ’ਚ ਤਾਮਿਲਨਾਡੂ ਇਕ ਵੱਡੀ ਮਿਸਾਲ ਹੈ। ਇੱਥੇ ਇਹ ਸਮਝਣਾ ਮਹੱਤਵਪੂਰਨ ਹੈ ਕਿ ਅਲ ਨੀਨੋ ਆਉਣ ਵਾਲੇ ਮਾਨਸੂਨ ਸੀਜ਼ਨ ਨੂੰ ਕਿਵੇਂ ਪ੍ਰਭਾਵਿਤ ਕਰ ਸਕਦਾ ਹੈ।
ਇਹ ਵੀ ਪੜ੍ਹੋ : ਕਿਸਾਨਾਂ ਲਈ ਪੰਜਾਬ ਸਰਕਾਰ ਦਾ ਵੱਡਾ ਉਪਰਾਲਾ, ਲਾਭ ਲੈਣ ਲਈ ਸਿਰਫ਼ ਦੋ ਦਿਨ ਬਾਕੀ
‘ਅਲ ਨੀਨੋ’ ਦੌਰਾਨ ਹੋ ਸਕਦਾ ਹੈ ਨੁਕਸਾਨ
‘ਅਲ ਨੀਨੋ’ ਦੌਰਾਨ ਮੱਧ ਅਤੇ ਪੂਰਬੀ ਭੂਮੱਧ ਰੇਖਾ ਪ੍ਰਸ਼ਾਂਤ ਮਹਾਸਾਗਰ ’ਚ ਸਤਹਿ ਦਾ ਪਾਣੀ ਅਸਧਾਰਨ ਤੌਰ ’ਤੇ ਗਰਮ ਹੁੰਦਾ ਹੈ। ਪੂਰਬ ਤੋਂ ਪੱਛਮ ਦੀਆਂ ਹਵਾਵਾਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਪੱਛਮੀ ਪ੍ਰਸ਼ਾਂਤ ਖੇਤਰ ’ਚ ਰਹਿਣ ਵਾਲੀ ਗਰਮ ਸਤਹਿ ਵਾਲਾ ਪਾਣੀ ਭੂਮੱਧ ਰੇਖਾ ਦੇ ਨਾਲ ਪੂਰਬ ਵੱਲ ਵਧਣ ਲੱਗਦਾ ਹੈ। ਇਸ ਕਾਰਨ ਮਾਨਸੂਨ ਦੌਰਾਨ ਘੱਟ ਮੀਂਹ ਪੈਂਦਾ ਹੈ। ਹਾਲਾਂਕਿ ਭਾਰਤੀ ਏਜੰਸੀਆਂ ਇਹ ਨਹੀਂ ਮੰਨ ਰਹੀਆਂ ਹਨ ਕਿ ਇਸ ਸਾਲ ਅਲ ਨੀਨੋ ਸਰਗਰਮ ਹੋਵੇਗਾ ਪਰ ਉਹ ਇਸ ਸੰਭਾਵਨਾ ਤੋਂ ਵੀ ਪੂਰੀ ਤਰ੍ਹਾਂ ਇਨਕਾਰ ਨਹੀਂ ਕਰ ਰਹੀਆਂ ਹਨ। ਭਾਰਤੀ ਮੌਸਮ ਵਿਭਾਗ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਅਪ੍ਰੈਲ ਤੱਕ ਹੀ ਸਪੱਸ਼ਟ ਹੋ ਸਕੇਗਾ ਕਿ ਅਲ ਨੀਨੋ ਸਰਗਰਮ ਹੋਵੇਗਾ ਜਾਂ ਨਹੀਂ। ਹਾਲਾਂਕਿ ਮਾਹਿਰਾਂ ਦਾ ਕਹਿਣਾ ਹੈ ਕਿ ਸਾਨੂੰ ਇਸ ਸਾਲ ਅਲ ਨੀਨੋ ਲਈ ਤਿਆਰ ਰਹਿਣਾ ਚਾਹੀਦਾ ਹੈ ਪਰ ਜੇਕਰ ਅਲ ਨੀਨੋ ਸਰਗਰਮ ਹੋ ਜਾਂਦਾ ਹੈ ਤਾਂ ਪਹਿਲਾਂ ਤੋਂ ਹੀ ਸੰਕਟ ’ਚ ਘਿਰੀ ਭਾਰਤੀ ਅਰਥਵਿਵਸਥਾ ਲਈ ਇਕ ਨਵੀਂ ਚੁਣੌਤੀ ਖੜ੍ਹੀ ਹੋ ਜਾਵੇਗੀ। ਖ਼ਾਸ ਕਰ ਕੇ ਦੇਸ਼ ਨੂੰ ਬੇਮਿਸਾਲ ਅਨਾਜ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਹ ਵੀ ਪੜ੍ਹੋ : 10ਵੀਂ-12ਵੀਂ ਦੀਆਂ ਪ੍ਰੀਖਿਆਵਾਂ ਦਰਮਿਆਨ ਸੀ. ਬੀ. ਐੱਸ. ਈ. ਦਾ ਸਕੂਲਾਂ ਨੂੰ ਨਵਾਂ ਫ਼ਰਮਾਨ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ