ਗਰਮੀ ਦਾ ਪਾਰਾ ਵਧਿਆ, ਧੁੱਪ ਨਾਲ ਸੜ ਰਹੀਆਂ ਹਨ ਸਬਜ਼ੀਆਂ ਤੇ ਨਰਮਾ

Saturday, May 29, 2021 - 02:26 PM (IST)

ਗਰਮੀ ਦਾ ਪਾਰਾ ਵਧਿਆ, ਧੁੱਪ ਨਾਲ ਸੜ ਰਹੀਆਂ ਹਨ ਸਬਜ਼ੀਆਂ ਤੇ ਨਰਮਾ

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ) : ਪਿਛਲੇਂ ਤਿੰਨ ਦਿਨਾਂ ਤੋਂ ਗਰਮੀ ਦਾ ਪੂਰਾ ਜ਼ੋਰ ਹੈ ਅਤੇ ਪਾਰਾ ਵਧਿਆ ਪਿਆ ਹੈ । ਦਿਨ ਵੇਲੇ ਸੂਰਜ ਦੀ ਬੜੀ ਗਰਮਾਇਸ਼ ਰਹਿੰਦੀ ਹੈ ਅਤੇ ਧੁੱਪ ਨਾਲ ਬੁਰਾ ਹਾਲ ਹੋ ਜਾਂਦਾ ਹੈ । ਤੱਤੀਆਂ ਹਵਾਵਾਂ ਵੱਗਦੀਆਂ ਹਨ, ਜੋ ਪਿੰਡੇ ਨੂੰ ਚੀਰਦੀਆਂ ਹਨ । ਤਾਪਮਾਨ 40 ਡਿਗਰੀ ਤੋਂ ਲੈ ਕੇ 44 ਡਿਗਰੀ ਤੱਕ ਚਲਾ ਜਾਂਦਾ ਹੈ ਅਤੇ ਆਉਣ ਵਾਲੇ ਦੋ ਹਫ਼ਤਿਆਂ ਤੱਕ ਗਰਮੀਂ ਤੋਂ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ । ਗਰਮੀਂ ਦੇ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਆ ਰਹੀਂ ਹੈ । ਖ਼ਾਸ ਕਰਕੇ ਜਿਹੜੇ ਲੋਕ ਮਿਹਨਤ ਮਜ਼ਦੂਰੀ ਕਰਦੇ ਹਨ, ਉਹ ਤਾਂ ਪਸੀਨੋ ਪਸੀਨੀ ਹੋ ਜਾਂਦੇ ਹਨ। ਇਸ ਤੋਂ ਇਲਾਵਾ ਪੈ ਰਹੀ ਧੁੱਪ ਦੇ ਕਾਰਨ ਹਰੀਆਂ ਸਬਜ਼ੀਆਂ ਵੀ ਸੜ ਰਹੀਆਂ ਹਨ । ਕੱਦੂ , ਤੋਰੀਆਂ , ਹਰੀਆਂ ਮਿਰਚਾਂ , ਸ਼ਿਮਲਾ ਮਿਰਚਾਂ , ਭਿੰਡੀ , ਟਮਾਟਰ , ਖੀਰੇ , ਤਰਾਂ , ਵੈਗਣ ਆਦਿ ਦੇ ਜੋ ਛੋਟੇ ਬੂਟੇ ਹਨ , ਉਨ੍ਹਾਂ ’ਤੇ ਧੁੱਪ ਦਾ ਜ਼ਿਆਦਾ ਅਸਰ ਪੈ ਰਿਹਾ ਹੈ । ਇਹ ਸਬਜ਼ੀਆਂ ਗਰਮੀ ਦੇ ਕਰਕੇ ਪਾਣੀ ਵੀ ਨਿੱਤ ਰੋਜ਼ ਭਾਲਦੀਆਂ ਹਨ ਪਰ ਐਨਾ ਪਾਣੀ ਮਿਲ ਨਹੀਂ ਰਿਹਾ ।

PunjabKesari

ਦੂਜੇ ਪਾਸੇ ਕਿਸਾਨਾਂ ਵੱਲੋਂ ਬੀਜੀ ਗਈ ਨਰਮੇ ਦੀ ਫ਼ਸਲ ’ਤੇ ਵੀ ਗਰਮੀਂ ਦੀ ਮਾਰ ਪੈ ਰਹੀ ਹੈ ਅਤੇ ਕਈ ਥਾਵਾਂ ’ਤੇ ਨਰਮੇ ਦੇ ਪੱਤੇ ਸੁੱਕ ਰਹੇ ਹਨ । ਪਸ਼ੂਆਂ ਦੇ ਖਾਣ ਲਈ ਬੀਜੇ ਗਏ ਹਰੇ ਚਾਰੇ ’ਤੇ ਵੀ ਅਸਰ ਪੈ ਰਿਹਾ ਹੈ । ਜ਼ਿਆਦਾ ਗਰਮੀ ਦਾ ਨੁਕਸਾਨ ਹੀ ਨੁਕਸਾਨ ਹੈ । ਮਨੁੱਖੀ ਸਿਹਤ ਲਈ ਵੀ ਇਹ ਗਰਮੀ ਨੁਕਸਾਨਦੇਹ ਹੈ ਅਤੇ ਖਾਸ ਕਰਕੇ ਬੱਚਿਆਂ ਅਤੇ ਵੱਡੀ ਉਮਰ ਦੇ ਬਜ਼ੁਰਗਾਂ ਲਈ ਹਾਨੀਕਾਰਕ ਹੈ । ਜਿਉਂ ਜਿਉਂ ਗਰਮੀਂ ਵੱਧ ਰਹੀ ਹੈ, ਉਸ ਦੇ ਨਾਲ ਹੀ ਗਰਮੀਆਂ ਦੇ ਤੋਹਫ਼ੇ ਖਰਬੂਜ਼ੇ ਅਤੇ ਤਰਬੂਜ਼ ਦੀ ਮੰਗ ਵੀ ਵੱਧ ਰਹੀਂ ਹੈ । ਲੋਕ ਰਾਹਾਂ ਵਿੱਚ ਗੰਨੇ ਵਾਲੀਆਂ ਰੇਹੜੀਆਂ ’ਤੇ ਖੜ੍ਹ ਕੇ ਜੂਸ ਪੀ ਕੇ ਆਪਣੀ ਪਿਆਸ ਬੁਝਾਉਂਦੇ ਰਹੇ ਹਨ ।


PunjabKesari


author

Anuradha

Content Editor

Related News