ਕੋਹਰੇ ਤੇ ਧੁੰਦ ਕਾਰਨ ਵਧਿਆ ਡਰੋਨਜ਼ ਦਾ ਖਤਰਾ, ਸੁਰੱਖਿਆ ਤੰਤਰ ਚੌਕਸ

Tuesday, Jan 14, 2020 - 11:18 PM (IST)

ਕੋਹਰੇ ਤੇ ਧੁੰਦ ਕਾਰਨ ਵਧਿਆ ਡਰੋਨਜ਼ ਦਾ ਖਤਰਾ, ਸੁਰੱਖਿਆ ਤੰਤਰ ਚੌਕਸ

ਚੰਡੀਗੜ੍ਹ, (ਰਮਨਜੀਤ)— ਵਿਗੜੇ ਮੌਸਮ, ਧੁੰਦ ਤੇ ਕੋਹਰੇ ਦੀ ਸ਼ੁਰੂਆਤ ਹੋਣ ਦੇ ਨਾਲ ਹੀ ਭਾਰਤ-ਪਾਕਿ ਸੀਮਾ 'ਤੇ ਹਥਿਆਰ ਅਤੇ ਨਸ਼ਾ ਤਸਕਰਾਂ ਵਲੋਂ ਡਰੋਨਜ਼ ਦਾ ਇਸਤੇਮਾਲ ਕਰਨ ਦਾ ਖ਼ਤਰਾ ਵੀ ਵੱਧ ਗਿਆ ਹੈ। ਸੋਮਵਾਰ ਨੂੰ ਹਾਲਾਂਕਿ ਤਰਨਤਾਰਨ ਦੇ ਇਲਾਕੇ 'ਚ ਡਰੋਨ ਵੇਖੇ ਜਾਣ ਦੀ ਚਰਚਾ ਰਹੀ, ਪਰ ਪੁਲਸ ਅਧਿਕਾਰੀਆਂ ਵਲੋਂ ਉਸਦੀ ਪੁਸ਼ਟੀ ਨਹੀਂ ਕੀਤੀ ਗਈ। ਉਧਰ, ਧੁੰਦ ਤੇ ਕੋਹਰੇ ਦੀ ਆੜ 'ਚ ਤਸਕਰੀ ਦੀਆਂ ਸੰਭਾਵਨਾਵਾਂ ਨੂੰ ਵੇਖਦੇ ਹੋਏ ਪੰਜਾਬ ਪੁਲਸ ਵੱਲੋਂ ਸਾਰੇ ਸਰਹੱਦੀ ਜ਼ਿਲਿਆਂ ਦੀ ਪੁਲਸ ਨੂੰ ਅਲਰਟ 'ਤੇ ਰੱਖਿਆ ਗਿਆ ਹੈ ਅਤੇ ਸੀਮਾ ਨਜ਼ਦੀਕ ਵਾਲੇ ਇਲਾਕਿਆਂ 'ਚ ਪੈਟਰੋਲਿੰਗ ਨੂੰ ਵਧਾਉਣ ਲਈ ਕਿਹਾ ਗਿਆ ਹੈ।
ਪਿਛਲੇ ਸਾਲ ਅਗਸਤ ਮਹੀਨੇ ਦੌਰਾਨ ਫੜੇ ਗਏ ਹਥਿਆਰ ਅਤੇ ਨਸ਼ਾ ਤਸਕਰਾਂ ਵਲੋਂ ਸੀਮਾ ਪਾਰ ਸਪਲਾਈ ਲਈ ਡਰੋਨਜ਼ ਦਾ ਇਸਤੇਮਾਲ ਕਰਨ ਦੇ ਮਾਮਲੇ ਤੋਂ ਬਾਅਦ ਹਾਲਾਂਕਿ ਪੰਜਾਬ ਪੁਲਸ ਲਗਾਤਾਰ ਚੌਕਸੀ ਰੱਖ ਰਹੀ ਹੈ ਅਤੇ ਕੇਂਦਰੀ ਏਜੰਸੀਆਂ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਤੋਂ ਬਾਅਦ ਤੋਂ ਬੀ.ਐੱਸ.ਐੱਫ. ਵੀ ਡਰੋਨਜ਼ ਨੂੰ ਲੈ ਕੇ ਅਤੇ ਜ਼ਿਆਦਾ ਅਲਰਟ ਹੋਈ ਹੈ, ਪਰ ਪਿਛਲੇ ਇੱਕ-ਦੋ ਦਿਨਾਂ ਤੋਂ ਸ਼ੁਰੂ ਹੋਈ ਧੁੰਧਦ ਤੇ ਕੋਹਰੇ ਕਾਰਨ ਸੀਮਾ 'ਤੇ ਦੂਰ ਤੱਕ ਨਜ਼ਰ ਬਣਾਈ ਰੱਖਣਾ ਮੁਸ਼ਕਿਲ ਹੋ ਰਿਹਾ ਹੈ। ਅਜਿਹੀ ਸਥਿਤੀ ਦਾ ਫਾਇਦਾ ਚੁੱਕ ਕੇ ਤਾਕ 'ਚ ਬੈਠੇ ਤਸਕਰ ਆਪਣੇ ਕੰਮ ਨੂੰ ਅੰਜ਼ਾਮ ਦੇ ਸਕਦੇ ਹਨ, ਜਿਸ ਕਾਰਨ ਪੰਜਾਬ ਪੁਲਸ ਦੇ ਉੱਚ ਅਧਿਕਾਰੀਆਂ ਵਲੋਂ ਸਾਰੇ ਸਰਹੱਦੀ ਜ਼ਿਲ੍ਹਿਆਂ ਨੂੰ ਬਾਰਡਰ ਦੇ ਨਾਲ-ਨਾਲ ਦਿਨ ਅਤੇ ਰਾਤ ਦੇ ਸਮੇਂ ਪੈਟਰੋਲਿੰਗ ਵਧਾਉਣ ਲਈ ਕਿਹਾ ਗਿਆ ਹੈ। ਨਾਲ ਹੀ ਇਹ ਵੀ ਨਿਰਦੇਸ਼ ਦਿੱਤਾ ਗਿਆ ਹੈ ਕਿ ਪੁਲਸ ਥਾਣੇ ਪੱਧਰ 'ਤੇ ਮੁਖਬਰਾਂ ਦੇ ਨੈੱਟਵਰਕ ਨੂੰ ਮਜ਼ਬੂਤ ਕੀਤਾ ਜਾਵੇ ਤਾਂਕਿ ਮੁਲਜ਼ਮਾਂ ਵਲੋਂ ਡਰੋਨਜ਼ ਦਾ ਇਸਤੇਮਾਲ ਹੋਣ ਦੀ ਕੋਈ ਵੀ ਸੰਭਾਵਨਾ ਨੂੰ ਕੁਚਲਿਆ ਜਾ ਸਕੇ।
ਆਈ.ਜੀ. ਬਾਰਡਰ ਰੇਂਜ ਸੁਰਿੰਦਰਪਾਲ ਸਿੰਘ ਪਰਮਾਰ ਨੇ ਕਿਹਾ ਕਿ ਇਸ 'ਚ ਕੋਈ ਦੋ ਰਾਏ ਨਹੀਂ ਹਨ ਕਿ ਧੁੰਦ ਅਤੇ ਕੋਹਰੇ ਦੀ ਆੜ 'ਚ ਅਪਰਾਧੀ ਡਰੋਨਜ਼ ਦੀ ਉਡਾਨ ਭਰਨ ਦੀ ਕੋਸ਼ਿਸ਼ ਕਰ ਸਕਦੇ ਹਨ, ਪਰ ਪੁਲਸ ਅਤੇ ਬੀ.ਐੱਸ.ਐੱਫ. ਵੱਲੋਂ ਅਜਿਹੀਆਂ ਸੰਭਾਵਨਾਵਾਂ ਨੂੰ ਵੇਖਦੇ ਹੋਏ ਪਹਿਲਾਂ ਤੋਂ ਹੀ ਪੂਰਾ ਇੰਤਜ਼ਾਮ ਕੀਤਾ ਹੋਇਆ ਹੈ। ਆਈ.ਜੀ. ਪਰਮਾਰ ਨੇ ਕਿਹਾ ਕਿ ਪੈਟਰੋਲਿੰਗ ਵਧਾਉਣ ਦੇ ਨਾਲ-ਨਾਲ ਐਰੀਅਲ ਸਰਵਿਲਾਂਸ ਨੂੰ ਵੀ ਵੱਖ-ਵੱਖ ਏਜੰਸੀਆਂ ਨਾਲ ਮਿਲਕੇ ਵਧਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਪੁਲਸ ਸੀਮਾ 'ਤੇ ਦੂਜੀ ਕੰਧ ਬਣਕੇ ਮਜ਼ਬੂਤੀ ਨਾਲ ਖੜ੍ਹੀ ਹੈ ਅਤੇ ਅਜਿਹੀ ਕਿਸੇ ਵੀ ਗਤੀਵਿਧੀ ਨੂੰ ਹੋਣ ਨਹੀਂ ਦਿੱਤਾ ਜਾਵੇਗਾ।


author

KamalJeet Singh

Content Editor

Related News