ਆਉਣ ਵਾਲੀ ਅਕਾਲੀ ਦਲ ਤੇ ਬਸਪਾ ਸਰਕਾਰ ਪੰਜਾਬ ਦੇ ਸਾਰੇ ਪਿੰਡਾਂ ’ਚ ਬੁਨਿਆਦੀ ਢਾਂਚੇ ’ਚ ਕਰੇਗੀ ਸੁਧਾਰ : ਸੁਖਬੀਰ ਬਾਦਲ

Thursday, Feb 03, 2022 - 08:15 PM (IST)

ਬਠਿੰਡਾ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਸੂਬੇ 'ਚ ਅਕਾਲੀ ਦਲ ਤੇ ਬਸਪਾ ਸਰਕਾਰ ਦੇ ਸੱਤਾ 'ਚ ਵਾਪਸ ਪਰਤਣ ਤੋਂ ਬਾਅਦ ਉਹ ਸਾਰੇ 12,000 ਪਿੰਡਾਂ 'ਚ ਕੰਕ੍ਰੀਟ ਸੜਕਾਂ ਬਣਾਉਣ ਦੇ ਨਾਲ ਹੀ ਪੀਣ ਵਾਲਾ ਸਾਫ਼ ਪਾਣੀ ਤੇ ਸੀਵਰੇਜ ਸਹੂਲਤਾਂ ਪ੍ਰਦਾਨ ਕਰਨ ਲਈ ਇਕ ਵਿਆਪਕ ਪ੍ਰਾਜੈਕਟ ਲਿਆਵੇਗੀ। ਸ਼੍ਰੋਮਣੀ ਅਕਾਲੀ ਦਲ ਦੇ ਜਿਨ੍ਹਾਂ ਨੇ ਪ੍ਰਕਾਸ਼ ਸਿੰਘ ਭੱਟੀ ਦੇ ਹੱਕ 'ਚ ਬਠਿੰਡਾ ਦਿਹਾਤੀ ਹਲਕੇ ਅਤੇ ਦਰਸ਼ਨ ਸਿੰਘ ਕੋਟਫੱਤਾ ਦੇ ਹੱਕ 'ਚ ਭੁੱਚੋ ਮੰਡੀ 'ਚ ਜਨਤਕ ਇਕੱਠਾਂ ਨੁੰ ਸੰਬੋਧਨ ਕੀਤਾ, ਨੇ ਕਿਹਾ ਕਿ ਅਸੀਂ ਆਪਣੇ ਪਿੰਡਾਂ 'ਚ ਬੁਨਿਆਦੀ ਢਾਂਚਾ ਸ਼ਹਿਰਾਂ ਵਾਂਗ ਸੁਧਾਰਨ ਲਈ ਦ੍ਰਿੜ੍ਹ ਸੰਕਲਪ ਹਾਂ।

ਇਹ ਵੀ ਪੜ੍ਹੋ : ਈਰਾਨ ਦੇ ਸਰਕਾਰੀ TV ਦੀ ਸਟ੍ਰੀਮਿੰਗ ਸਾਈਟ ਨੂੰ ਹੈਕਰਾਂ ਨੇ ਬਣਾਇਆ ਨਿਸ਼ਾਨਾ

ਉਨ੍ਹਾਂ ਕਿਹਾ ਕਿ ਇਕ ਵਾਰ ਸੱਤਾ 'ਚ ਆਉਣ ਤੋਂ ਮਗਰੋਂ ਅਸੀਂ ਇਸ ਉਦੇਸ਼ ਦੀ ਪੂਰਤੀ ਲਈ ਵਿਆਪਕ ਯੋਜਨਾ ਲਿਆਵਾਂਗੇ। ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਸਾਰੇ ਕਿਸਾਨ ਜਿਨ੍ਹਾਂ ਕੋਲ ਟਿਊਬਵੈਲ ਕੁਨੈਕਸ਼ਨ ਨਹੀਂ ਹਨ, ਉਨ੍ਹਾਂ ਨੂੰ ਸਰਕਾਰ ਬਣਨ ਦੇ ਇਕ ਮਹੀਨੇ ਦੇ ਅੰਦਰ-ਅੰਦਰ ਕੁਨੈਕਸ਼ਨ ਦਿੱਤੇ ਜਾਣਗੇ ਤੇ ਨਾਲ ਹੀ ਉਨ੍ਹਾਂ ਸਾਰੇ ਬੇਘਰੇ ਲੋਕਾਂ ਨੁੰ ਪੰਜ-ਪੰਜ ਮਰਲੇ ਦੇ ਪਲਾਟ ਦੇਣ ਦਾ ਵੀ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਪਿੰਡਾਂ 'ਚ ਸਾਡੇ ਕੋਲ ਸ਼ਾਮਲਾਟ ਹੈ ਜੋ ਸਰਕਾਰ ਖਰੀਦੇਗੀ ਤੇ ਇਸ ਨੂੰ ਬੇਘਰੇ ਲੋਕਾਂ ਨੂੰ ਦੇਵੇਗੀ।ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਇਸ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਭਗਵੰਤ ਮਾਨ ਨੁੰ ਵੀ ਕਰੜੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਕੇਜਰੀਵਾਲ ਕਿਸਾਨਾਂ ਨੂੰ ਮੁਫਤ ਬਿਜਲੀ ਨਹੀਂ ਦੇ ਰਹੇ। ਕੇਜਰੀਵਾਲ ਸਰਕਾਰ ਨਾ ਤਾਂ ਬੁਢਾਪਾ ਪੈਨਸ਼ਨਾਂ ਦੇ ਰਹੀ ਹੈ ਤੇ ਨਾ ਹੀ ਸ਼ਗਨ ਸਕੀਮ ਦੇ ਰਹੀ ਹੈ।

ਇਹ ਵੀ ਪੜ੍ਹੋ : ਯੂਕੇਨ ਦੀ ਸਰਹੱਦ 'ਤੇ ਤਣਾਅ ਦਰਮਿਆਨ ਬਾਈਡੇਨ ਹੋਰ ਜ਼ਿਆਦਾ ਫੌਜੀਆਂ ਨੂੰ ਭੇਜ ਰਹੇ ਹਨ ਯੂਰਪ

ਜੇਕਰ ਇਹ ਪੰਜਾਬ 'ਚ ਸੱਤਾ 'ਚ ਆ ਗਈ ਤਾਂ ਇਹ ਪੰਜਾਬ 'ਚ ਵੀ ਉਹੀ ਮਾਡਲ ਅਪਣਾਏਗੀ। ਉਨ੍ਹਾਂ ਕਿਹਾ ਕਿ ਇਹ ਸਾਰੀਆਂ ਸਹੂਲਤਾਂ ਪੰਜਾਬ 'ਚ ਨਹੀਂ ਦਿੱਤੀਆਂ ਜਾਣਗੀਆਂ ਤੇ ਸਗੋਂ ਦਿੱਲੀ ਦੀ ਤਰਜ ’ਤੇ ਬਿਜਲੀ ਦਰਾਂ 'ਚ ਵਾਧਾ ਕਰ ਦਿੱਤਾ ਜਾਵੇਗਾ। ਭਗਵੰਤ ਮਾਨ ਦੀ ਗੱਲ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਲੋਕਾਂ ਨੂੰ ਅਜਿਹਾ ਆਗੂ ਨਹੀਂ ਚਾਹੀਦਾ ਜਿਹੜਾ ਆਦਤਨ ਸ਼ਰਾਬੀ ਹੋਵੇ ਤੇ ਜਿਸ ਨੂੰ ਤਲਵੰਡੀ ਸਾਬੋ ਵਿਖੇ ਤਖਤ ਸ੍ਰੀ ਦਮਦਮਾ ਸਾਹਿਬ 'ਚ ਨਤਮਸਤਕ ਹੋਣ ਵੇਲੇ ਸ਼ਰਾਬ ਨਾਲ ਟੁੰਨ ਪਾਇਆ ਗਿਆ ਹੋਵੇ। ਉਨ੍ਹਾਂ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਉਸ ਨੇ ਸ਼ਰਾਬ ਨਾ ਪੀਣ ਲਈ ਆਪਣੀ ਮਾਂ ਦੀ ਝੂਠੀ ਸਹੁੰ ਖਾਧੀ ਸੀ ਤੇ ਫਿਰ ਇਹ ਸਹੁੰ ਤੋੜ ਦਿੱਤੀ। ਅਜਿਹੇ ਬੰਦੇ ’ਤੇ ਕਦੇ ਭਰੋਸਾ ਨਹੀਂ ਕੀਤਾ ਜਾ ਸਕਦਾ।

ਇਹ ਵੀ ਪੜ੍ਹੋ : ਬ੍ਰਿਟਿਸ਼ ਏਅਰ ਫੋਰਸ ਨੇ 'ਅਣਜਾਣ ਜਹਾਜ਼ਾਂ' ਵਿਰੁੱਧ ਲੜਾਕੂ ਜਹਾਜ਼ ਭੇਜੇ

ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਆਮ ਆਦਮੀ ਪਾਰਟੀ ਨੇ 2017 'ਚ ਵੀ ਪੰਜਾਬੀਆਂ ਨਾਲ ਧੋਖਾ ਕੀਤਾ ਸੀ ਤੇ ਇਸ ਵਾਰ ਵੀ ਇਹੋ ਕੁਝ ਕੀਤਾ ਹੈ। 2017 ਵਾਂਗ ਆਮ ਆਦਮੀ ਪਾਰਟੀ ਨੇ 65 ਉਮੀਦਵਾਰਾਂ ਨੁੰ ਟਿਕਟਾਂ ਵੇਚੀਆਂ ਹਨ। ਇਸ ਨੇ ਦਾਗੀ ਲੋਕਾਂ ਨੁੰ ਵੀ ਟਿਕਟਾਂ ਦਿੱਤੀਆਂ ਹਨ ਤੇ ਅਮਿਤ ਰਤਨ ਵਰਗੇ ਬੰਦੇ ਨੂੰ ਬਠਿੰਡਾ ਦਿਹਾਤੀ ਹਲਕੇ ਤੋਂ ਉਮੀਦਵਾਰ ਬਣਾਇਆ ਹੈ ਜਦੋਂ ਕਿ ਅਕਾਲੀ ਦਲ ਨੇ ਕਿਸਾਨਾਂ ਨਾਲ ਠੱਗੀ ਮਾਰਨ ਦੇ ਦੋਸ਼ 'ਚ ਇਸ ਨੂੰ ਪਾਰਟੀ 'ਚੋਂ ਕੱਢ ਦਿੱਤਾ ਸੀ। ਬਾਦਲ ਨੇ ਲੋਕਾਂ ਨੁੰ ਅਪੀਲ ਕੀਤੀ ਕਿ ਉਹ ਅਕਾਲੀ ਦਲ ਵਰਗੀ ਭਰੋਸੇਯੋਗ ਪਾਰਟੀ ਨੂੰ ਇਕ ਮੌਕਾ ਦੇਣ ਨਾ ਕਿ ਆਮ ਆਦਮੀ ਪਾਰਟੀ ਨੂੰ। ਉਨ੍ਹਾਂ ਕਿਹਾ ਕਿ ਅਸੀਂ ਤੁਹਾਡੇ ਗੁਆਂਢ 'ਚ ਰਹਿੰਦੇ ਹਾਂ। ਤੁਸੀਂ ਪ੍ਰਕਾਸ਼ ਸਿੰਘ ਬਾਦਲ ਦਾ ਕੰਮ ਕਰਨ ਦਾ ਤਰੀਕਾ ਵੇਖਿਆ ਹੈ ਜੋ ਤੁਹਾਡੇ ਘਰਾਂ 'ਚ ਆਏ ਹਨ।

ਕੇਜਰੀਵਾਲ ਦਿੱਲੀ ਰਹਿੰਦਾ ਹੈ। ਇਕ ਵਾਰ ਪੰਜਾਬ 'ਚ ਉਸ ਦੀ ਪਾਰਟੀ ਹਾਰ ਗਈ ਤਾਂ ਉਹ ਕਿਸੇ ਦੂਜੇ ਰਾਜ 'ਚ ਚਲਾ ਜਾਵੇਗਾ, ਤੁਸੀਂ ਉਸ ਨੂੰ ਕਿਥੇ ਮਿਲੋਗੇ ? ਇਲਾਕੇ ਦੇ ਵਿਕਾਸ ਦੀ ਗੱਲ ਕਰਦਿਆਂ ਬਾਦਲ ਨੇ ਕਿਹਾ ਕਿ ਤੁਸੀਂ ਬਠਿੰਡਾ ਅਤੇ ਇਸ ਦੇ ਆਲੇ ਦੁਆਲੇ ਦੇ ਇਲਾਕਿਆਂ ਦਾ ਪਿਛਲੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਵੇਲੇ ਹੋਇਆ ਵਿਕਾਸ ਵੇਖਿਆ ਹੈ। ਤੁਸੀਂ ਇਥੇ ਏਮਜ਼ ਬਣਦਾ ਵੇਖਿਆ ਹੈ। ਇਕ ਸੈਂਟਰ ਯੂਨੀਵਰਸਿਟੀ ਵੀ ਬਣੀ ਤੇ ਤੁਹਾਡੇ ਨੇੜਲੇ ਇਲਾਕੇ 'ਚ ਥਰਮਲ ਪਲਾਂਟ ਵੀ ਲੱਗੇ। ਤੁਸੀਂ ਵੇਖਿਆ ਕਿ ਕਿਵੇਂ ਸੜਕ ਨੈਟਵਰਕ ਵਿਚ ਸੁਧਾਰ ਕੀਤਾ ਗਿਆ। ਕਿਵੇਂ ਇਲਾਕੇ ਵਿਚ ਰਿਫਾਇਨਰੀ ਲੱਗਣ ਨਾਲ ਇਲਾਕੇ ਵਿਚ ਖੁਸ਼ਹਾਲੀ ਆਈ ਹੈ। ਇਹ ਸਭ ਪ੍ਰਕਾਸ਼ ਸਿੰਘ ਬਾਦਲ ਦੀ ਦੂਰਅੰਦੇਸ਼ੀ ਸੋਚ ਦੀ ਰਾਜਨੀਤੀ ਸਦਕਾ ਸੰਭਵ ਹੋਇਆ ਹੈ। ਅਸੀਂ ਇਸ ਵਿਰਸੇ ਨੁੰ ਅੱਗੇ ਲਿਜਾਣ ਲਈ ਵਚਨਬੱਧ ਹਾਂ। ਇਸ ਮੌਕੇ ਬਾਦਲ ਨੇ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਦੀ ਸਾਬਕਾ ਚੇਅਰਪਰਸਨ ਰਾਜਵਿੰਦਰ ਕੌਰ ਤੇ ਅਕਾਲੀ ਦਲ ਸੰਯੁਕਤ ਦੇ ਐੱਸ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅੰਗਰੇਜ਼ ਸਿੰਘ ਨੂੰ ਅਕਾਲੀ ਦਲ ਵਿਚ ਸ਼ਾਮਲ ਵੀ ਕੀਤਾ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Karan Kumar

Content Editor

Related News