ਜਲੰਧਰ: ਸਾਈਂ ਪ੍ਰੇਟਿੰਗ ਦੀ ਦੁਕਾਨ 'ਤੇ ਇਨਕਮ ਟੈਕਸ ਦੀ ਰੇਡ

09/25/2019 11:34:21 AM

ਜਲੰਧਰ (ਸੋਨੂੰ)— ਇਨਕਮ ਟੈਕਸ ਵਿਭਾਗ ਦੇ ਇਨਵੈਸਟੀਗੇਸ਼ਨ ਵਿੰਗ ਵੱਲੋਂ ਅੱਜ ਸਵੇਰੇ ਲੈਦਰ ਕੰਪਲੈਕਸ ਦੇ ਟ੍ਰੇਸਰ ਸ਼ੂਜ਼, ਜੋਤੀ ਚੌਕ ਦੇ ਸਾਈ ਪ੍ਰਿੰਟਰ ਅਤੇ ਭਾਟੀਆ ਟ੍ਰੇਵਲ 'ਤੇ ਵੱਡੇ ਪੱਧਰ 'ਤੇ ਸਰਚ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਵਿੰਗ ਦੇ ਡਾਇਰੈਕਟਰ ਅਵਧੇਸ਼ ਕੁਮਾਰ ਮਿਸ਼ਰਾ ਦੇ ਹੁਕਮਾਂ ਅਨੁਸਾਰ ਹੋਈ ਇਸ ਵੱਡੀ ਸਰਚ ਵਿਚ 100 ਤੋਂ ਵੱਧ ਵਿਭਾਗੀ ਅਧਿਕਾਰੀਆਂ ਨੇ ਇਨਵੈਸਟੀਗੇਸ਼ਨ ਦਾ ਕੰਮ ਸ਼ੁਰੂ ਕੀਤਾ ਜੋ ਕਿ ਦੇਰ ਰਾਤ ਤੱਕ ਚੱਲਦਾ ਰਿਹਾ। ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਅਧਿਕਾਰੀਆਂ ਨੇ ਨਿਤਿਨ ਕੋਹਲੀ, ਦੀਪਕ ਭਾਟੀਆ ਅਤੇ ਸਾਈ ਪ੍ਰਿੰਟਰਸ ਦੇ ਹੇਮੰਤ ਸਰੀਨ ਦੇ ਦਫਤਰ ਅਤੇ ਉਨ੍ਹਾਂ ਦੇ ਘਰ ਵਿਚ ਛਾਪੇਮਾਰੀ ਕਰ ਕੇ ਜਾਂਚ ਸ਼ੁਰੂ ਕੀਤੀ। ਜਾਂਚ ਦੌਰਾਨ ਵਿਭਾਗ ਵੱਲੋਂ ਉਕਤ ਸੰਸਥਾਵਾਂ ਦੇ ਬੈਂਕ ਖਾਤੇ ਤੇ ਲਾਕਰ ਸੀਲ ਕਰ ਦਿੱਤੇ ਗਏ।

ਇਸ ਤੋਂ ਇਲਾਵਾ ਫਰਮਾਂ ਦੇ ਬਿਜ਼ਨੈੱਸ, ਪ੍ਰਾਪਰਟੀ, ਜਿਊਲਰੀ, ਕੈਸ਼ ਅਤੇ ਹੋਰ ਲੈਣ-ਦੇਣ ਸਬੰਧੀ ਜ਼ਰੂਰੀ ਕਾਗਜ਼ਾਤ ਆਪਣੇ ਕਬਜ਼ੇ ਵਿਚ ਲੈ ਲਏ। ਵਿਭਾਗ ਵੱਲੋਂ ਚਲਾਈ ਗਈ ਉਕਤ ਮੁਹਿੰਮ ਹੁਣ ਤੱਕ ਦੀ ਸਭ ਤੋਂ ਵੱਡੀ ਸਰਚ ਮੁਹਿੰਮ ਦੱਸੀ ਜਾ ਰਹੀ ਹੈ, ਜਿਸ ਨਾਲ ਸ਼ਹਿਰ ਦੀਆਂ ਹੋਰ ਵਪਾਰਕ ਅਦਾਰਿਆਂ 'ਚ ਚਿੰਤਾ ਦਾ ਮਾਹੌਲ ਬਣ ਗਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਵਿਭਾਗ ਉਕਤ ਸਰਚ ਮੁਹਿੰਮ ਉਦੋਂ ਚਲਾਉਂਦਾ ਹੈ ਜਦੋਂ ਕੋਈ ਅਦਾਰਾ ਵੱਡੇ ਪੱਧਰ 'ਤੇ ਆਪਣੀ ਇਨਕਮ ਤੇ ਟਰਾਂਜੈਕਸ਼ਨ ਦੀ ਸਹੀ ਜਾਣਕਾਰੀ ਸਰਕਾਰ ਨੂੰ ਨਾ ਦੇਵੇ ਅਤੇ ਇਸ ਨਾਲ ਸਰਕਾਰ ਨੂੰ ਵੱਡੇ ਪੱਧਰ 'ਤੇ ਰੈਵੇਨਿਊ ਦਾ ਨੁਕਸਾਨ ਹੋਇਆ ਹੋਵੇ। ਦੇਰ ਰਾਤ ਖਬਰ ਲਿਖੇ ਜਾਣ ਤੱਕ ਸਰਚ ਮੁਹਿੰਮ ਜਾਰੀ ਸੀ।

ਇਨਵੈਸਟੀਗੇਸ਼ਨ 'ਚ ਬੰਦ ਕਰਵਾਏ ਫੋਨ
ਸਰਚ ਮੁਹਿੰਮ ਸਬੰਧੀ ਜਾਣਕਾਰੀ ਲੈਣ ਲਈ ਜਦ ਉਕਤ ਫਰਮਾਂ ਦੇ ਮਾਲਕ ਨਿਤਿਨ ਕੋਹਲੀ, ਹੇਮੰਤ ਸਰੀਨ ਅਤੇ ਦੀਪਕ ਭਾਟੀਆ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਦੇ ਫੋਨ ਬੰਦ ਮਿਲੇ। ਇਸ ਲਈ ਇਸ ਮਾਮਲੇ ਸਬੰਧੀ ਕਿਸੇ ਨਾਲ ਕੋਈ ਗੱਲਬਾਤ ਨਹੀਂ ਹੋ ਸਕੀ।
PunjabKesari

6-8 ਮਹੀਨੇ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ ਜਾਂਚ ਪ੍ਰਕਿਰਿਆ
ਪ੍ਰਾਪਤ ਜਾਣਕਾਰੀ ਅਨੁਸਾਰ ਇਨਕਮ ਟੈਕਸ ਵਿਭਾਗ ਜਦੋਂ ਵੀ ਕਿਸੇ ਫਰਮ ਦੀ ਅਜਿਹੀ ਇਨਵੈਸਟੀਗੇਸ਼ਨ ਕਰਦਾ ਹੈ ਤਾਂ 6-8 ਮਹੀਨੇ ਪਹਿਲਾਂ ਤੋਂ ਹੀ ਵਿਭਾਗ ਉਕਤ ਫਰਮ 'ਤੇ ਆਪਣੀ ਨਜ਼ਰ ਬਣਾਈ ਰੱਖਦਾ ਹੈ ਅਤੇ ਇਸ ਸਬੰਧੀ ਠੋਸ ਸਬੂਤ ਮਿਲਣ ਤੋਂ ਬਾਅਦ ਹੀ ਆਪਣੀ ਕਾਰਵਾਈ ਆਰੰਭ ਕਰਦਾ ਹੈ। ਕਾਰਵਾਈ ਤੋਂ ਪਹਿਲਾਂ ਆਪਣੀ ਜਾਂਚ 'ਚ ਜਿੱਥੇ ਇਨਕਮ ਟੈਕਸ ਵਿਭਾਗ ਉਕਤ ਫਰਮ ਦੀ ਇਨਕਮ ਸਬੰਧੀ ਪੂਰੇ ਸਬੂਤ ਇਕੱਠੇ ਕਰਦਾ ਹੈ। ਉਥੇ ਹੀ ਹਰੇਕ ਲੈਣ-ਦੇਣ ਦਾ ਵੀ ਹਿਸਾਬ ਰੱਖਦਾ ਹੈ। ਜ਼ਿਕਰਯੋਗ ਹੈ ਕਿ ਇਨਕਮ ਟੈਕਸ ਵਿਭਾਗ ਸਮੇਂ-ਸਮੇਂ 'ਤੇ ਇਨਕਮ ਟੈਕਸ ਦਾਤਿਆਂ ਨੂੰ ਆਪਣੀ ਇਨਕਮ ਦੀ ਪੂਰੀ ਜਾਣਕਾਰੀ ਮੁਹੱਈਆ ਕਰਵਾਉਣ ਲਈ ਵੱਖ-ਵੱਖ ਤਰ੍ਹਾਂ ਦੇ ਜਾਗਰੂਕਤਾ ਪ੍ਰੋਗਰਾਮ ਵੀ ਕਰਵਾਉਂਦਾ ਰਹਿੰਦਾ ਹੈ।


shivani attri

Content Editor

Related News