ਆਮਦਨ ਟੈਕਸ ਵਿਭਾਗ ਵਲੋਂ ਮਾਛੀਵਾੜਾ ਇਲਾਕੇ ''ਚ ਛਾਪੇਮਾਰੀ
Tuesday, Oct 23, 2018 - 04:46 PM (IST)

ਮਾਛੀਵਾੜਾ ਸਾਹਿਬ (ਟੱਕਰ) : ਆਮਦਨ ਕਰ ਵਿਭਾਗ ਵਲੋਂ ਮਾਛੀਵਾੜਾ ਇਲਾਕੇ ਦੇ ਪਿੰਡ ਝਾੜ ਸਾਹਿਬ ਵਿਖੇ ਕੋਲਡ ਸਟੋਰ ਅਤੇ ਮੈਰਿਜ ਪੈਲੇਸ 'ਤੇ ਛਾਪੇਮਾਰੀ ਕੀਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਝਾੜ ਸਾਹਿਬ ਨੇੜ੍ਹੇ ਨਾਇਬ ਸਿੰਘ ਦੇ ਨਾਮ ਦੇ ਇੱਕ ਵਿਅਕਤੀ ਦਾ ਸੋਹੀ ਕੋਲਡ ਸਟੋਰ, ਸੋਹੀ ਮੈਰਿਜ ਪੈਲੇਸ ਅਤੇ ਮੱਛੀ ਫਾਰਮ ਹੈ। ਮੰਗਲਵਾਰ ਬਾਅਦ ਦੁਪਹਿਰ 12.30 ਵਜੇ ਦੇ ਕਰੀਬ ਆਮਦਨ ਕਰ ਵਿਭਾਗ ਦੀ ਟੀਮ ਜਿਸ 'ਚ 3 ਆਈ. ਟੀ. ਓ, 3 ਇੰਸਪੈਕਟਰ ਸ਼ਾਮਿਲ ਹਨ, ਉਨ੍ਹਾਂ ਵਲੋਂ ਕੋਲਡ ਸਟੋਰ ਦੇ ਦਫ਼ਤਰ 'ਚ ਜਾ ਕੇ ਸਾਰਾ ਰਿਕਾਰਡ ਦੇਖਿਆ ਜਾ ਰਿਹਾ ਹੈ।
ਛਾਪੇਮਾਰੀ ਟੀਮ 'ਚ ਸ਼ਾਮਲ ਆਈ. ਟੀ. ਓ. ਮਨਜੀਤ ਸਿੰਘ ਨੇ ਦੱਸਿਆ ਕਿ ਵਿਭਾਗ ਦੇ ਡਿਪਟੀ ਕਮਿਸ਼ਨਰ ਆਕਰਸ਼ਣ ਸਿੰਘ ਅਤੇ ਜੁਆਇੰਟ ਕਮਿਸ਼ਨਰ ਅਰਵਿੰਦਰ ਸੁਦਰਸ਼ਨ ਦੀਆਂ ਹਦਾਇਤਾਂ 'ਤੇ ਅੱਜ ਟੀਮ ਨੇ ਕੋਲਡ ਸਟੋਰ ਤੇ ਮੈÎਰਿਜ ਪੈਲੇਸ ਦੀ ਛਾਪੇਮਾਰੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕੋਲਡ ਸਟੋਰ 'ਚ ਕਿੰਨਾ ਆਲੂ ਜਾਂ ਹੋਰ ਕੋਈ ਸਮਾਨ ਸਟੋਰ ਕੀਤਾ ਹੋਇਆ ਹੈ, ਇਸ ਦੇ ਮਾਲਕ ਕੌਣ-ਕੌਣ ਹਨ, ਉਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੈਰਿਜ ਪੈਲੇਸ ਦਾ ਵੀ ਰਿਕਾਰਡ ਦੇਖਿਆ ਜਾ ਰਿਹਾ ਹੈ। ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਮਾਮਲਾ ਧਿਆਨ 'ਚ ਆਇਆ ਸੀ ਕਿ ਉਕਤ ਕੋਲਡ ਸਟੋਰ ਤੇ ਮੈਰਿਜ ਪੈਲੇਸ ਦਾ ਮਾਲਕ ਆਮਦਨ ਕਰ ਦੀ ਰਿਟਰਨ ਘੱਟ ਦਰਸਾਉਂਦਾ ਹੈ, ਜਿਸ ਕਾਰਨ ਵਿਭਾਗ ਵਲੋਂ ਛਾਪੇਮਾਰੀ ਕਰਕੇ ਉਸ ਦੀ ਸਾਰੀ ਆਮਦਨ ਤੇ ਕੰਮਕਾਰ ਦਾ ਲੇਖਾ-ਜੋਖਾ ਕੀਤਾ ਜਾਵੇਗਾ।
ਅਧਿਕਾਰੀਆਂ ਨੇ ਦੱਸਿਆ ਕਿ ਇਹ ਛਾਪੇਮਾਰੀ ਦੌਰਾਨ ਸਾਰੇ ਦਸਤਾਵੇਜ਼ਾਂ ਦੀ ਜਾਂਚ ਉਪਰੰਤ ਹੀ ਸਾਰੀ ਜਾਣਕਾਰੀ ਦੇ ਸਕਣਗੇ ਕਿ ਉਕਤ ਕੋਲਡ ਸਟੋਰ, ਮੈਰਿਜ ਪੈਲੇਸ ਦੇ ਮਾਲਕ ਵਲੋਂ ਆਮਦਨ ਕਰ ਟੈਕਸ ਭਰਨ 'ਚ ਬੇਨਿਯਮੀਆਂ ਕੀਤੀਆਂ ਹਨ ਜਾਂ ਨਹੀਂ। ਆਮਦਨ ਕਰ ਵਿਭਾਗ ਦੀ ਟੀਮ 'ਚ ਮਨਜੀਤ ਸਿੰਘ, ਕਪਿਲ ਸਿੰਘ, ਕਿਰਨ ਬਾਲਾ (ਸਾਰੇ ਆਈ. ਟੀ. ਓ), ਗੁਰਪ੍ਰੀਤ ਸਿੰਘ ਸੋਢੀ, ਗੁਰਮੇਲ ਸਿੰਘ, ਹਰਸਿਮਰਤ ਸਿੰਘ (ਸਾਰੇ ਇੰਸਪੈਕਟਰ) ਮੌਜੂਦ ਸਨ।