ਰੋਜ਼ਾਨਾ ਕਰੋੜਾਂ ਦੀ ਹੋ ਰਹੀ ਹੈ ਟ੍ਰਾਂਜ਼ੈਕਸ਼ਨ, ਆਮਦਨ ਕਰ ਵਿਭਾਗ ਨੂੰ ਪਤਾ ਤੱਕ ਨਹੀਂ

Thursday, Jan 25, 2018 - 07:10 AM (IST)

ਰੋਜ਼ਾਨਾ ਕਰੋੜਾਂ ਦੀ ਹੋ ਰਹੀ ਹੈ ਟ੍ਰਾਂਜ਼ੈਕਸ਼ਨ, ਆਮਦਨ ਕਰ ਵਿਭਾਗ ਨੂੰ ਪਤਾ ਤੱਕ ਨਹੀਂ

ਲੁਧਿਆਣਾ  (ਧੀਮਾਨ) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ. ਐੱਸ. ਟੀ. ਸਿਸਟਮ ਨੂੰ ਟੈਕਸ ਚੋਰੀ ਅਤੇ ਕਾਲਾ ਧਨ ਫੜਨ ਲਈ ਲਾਗੂ ਕੀਤਾ ਪਰ ਟੈਕਸ ਚੋਰ ਸ਼ਰੇਆਮ ਜੀ. ਐੱਸ. ਟੀ. ਸਿਸਟਮ ਨੂੰ ਅੰਗੂਠਾ ਦਿਖਾ ਕੇ ਆਪਣਾ ਕਾਰੋਬਾਰ ਚਮਕਾ ਰਹੇ ਹਨ।
ਰੋਜ਼ਾਨਾ ਦੋ ਨੰਬਰ 'ਚ ਕਰੋੜਾਂ ਰੁਪਏ ਦੀ ਬੈਂਕਾਂ ਵਿਚ ਟ੍ਰਾਂਜ਼ੈਕਸ਼ਨ ਹੋ ਰਹੀ ਹੈ ਪਰ ਮੋਦੀ ਦਾ ਆਮਦਨ ਕਰ ਵਿਭਾਗ ਨੀਂਦ ਤੋਂ ਹੁਣ ਤੱਕ ਨਹੀਂ ਜਾਗਿਆ। ਉਸ ਨੂੰ ਟੈਕਸ ਚੋਰਾਂ ਨੇ ਜੀ. ਐੱਸ. ਟੀ. ਬਿੱਲ ਵੇਚ ਕੇ ਗਲਤ ਤਰੀਕੇ ਨਾਲ ਪੈਸਾ ਕਮਾਉਣ ਦੀ ਖ਼ਬਰ ਕੰਨੋ ਕੰਨ ਨਹੀਂ ਲੱਗਣ ਦਿੱਤੀ। ਹਾਲਾਂਕਿ ਮੋਦੀ ਅਤੇ ਵਿੱਤ ਮੰਤਰੀ ਅਰੁਣ ਜੇਤਲੀ ਨੇ ਦਾਅਵਾ ਕੀਤਾ ਸੀ ਕਿ ਜਿਹੜਾ ਵੀ ਦੋ ਲੱਖ ਤੋਂ ਉੱਪਰ ਨਕਦ ਟ੍ਰਾਂਜ਼ੈਕਸ਼ਨ ਕਰੇਗਾ, ਉਸ ਦਾ ਆਮਦਨ ਕਰ ਵਿਭਾਗ ਨੂੰ ਤੁਰੰਤ ਪਤਾ ਲੱਗ ਜਾਵੇਗਾ। ਟੈਕਸ ਚੋਰਾਂ ਨੇ ਜੀ. ਐੱਸ. ਟੀ. ਦੇ ਬਿੱਲ ਵੇਚ ਕੇ ਇਸ ਸਾਰੇ ਸਿਸਟਮ ਅਤੇ ਦਾਅਵਿਆਂ ਨੂੰ ਕਟਹਿਰੇ ਵਿਚ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਸਭ ਤੋਂ ਵੱਡਾ ਸਵਾਲ ਹੈ ਕਿ ਆਮਦਨ ਕਰ ਵਿਭਾਗ ਨੂੰ ਪਤਾ ਕਿਉਂ ਨਹੀਂ ਲਗਦਾ ਕਿ ਕਰੋੜਾਂ ਰੁਪਏ ਦੀ ਨਕਦ ਟ੍ਰਾਂਜੈਕਸ਼ਨ ਹੋ ਰਹੀ ਹੈ? ਕੀ ਆਮਦਨ ਕਰ ਵਿਭਾਗ ਸਿਰਫ ਡਰਾਵਾ ਦੇਣ ਲਈ ਹੈ ਕਿ 2 ਲੱਖ ਤੋਂ ਉੱਪਰ ਹੋਣ ਵਾਲੀ ਟ੍ਰਾਂਜ਼ੈਕਸ਼ਨ ਦੀ ਖ਼ਬਰ ਤੁਰੰਤ ਉਨ੍ਹਾਂ ਨੂੰ ਮਿਲੇ ਜਾਵੇਗੀ ਜਾਂ ਇਨ੍ਹਾਂ ਦਾ ਵੀ ਸਾਰਾ ਸਿਸਟਮ ਠੱਪ ਹੋ ਗਿਆ? ਜੇਕਰ ਮੰਨ ਲਿਆ ਜਾਵੇ ਕਿ ਟ੍ਰਾਂਜ਼ੈਕਸ਼ਨ ਦੀ ਜਾਣਕਾਰੀ ਵਾਲਾ ਸਿਸਟਮ ਸਹੀ ਹੈ ਤਾਂ ਫਿਰ ਵੀ ਹੁਣ ਤੱਕ ਅਧਿਕਾਰੀ ਆਪਣੇ ਕਮਰਿਆਂ ਤੋਂ ਬਾਹਰ ਕਿਉਂ ਨਹੀਂ ਆਏ, ਜਦੋਂਕਿ ਪੰਜਾਬ ਦੇ ਜੀ. ਐੱਸ. ਟੀ. ਵਿਭਾਗ ਦੇ ਐਡੀਸ਼ਨਲ ਕਮਿਸ਼ਨਰ ਸੌਰਵ ਰਾਜ ਆਪ ਲੁਧਿਆਣਾ ਪੁੱਜ ਕੇ ਬੈਂਕਾਂ ਤੋਂ ਸਟੇਟਮੈਂਟ ਲੈ ਕੇ ਚਲੇ ਗਏ ਅਤੇ ਉਨ੍ਹਾਂ ਨੇ ਪਤਾ ਕਰਵਾ ਲਿਆ ਕਿ ਰੋਜ਼ਾਨਾ ਕਿੱਥੇ-ਕਿੱਥੇ ਟ੍ਰਾਂਜੈਕਸ਼ਨ ਆਈ ਹੈ ਅਤੇ ਨਕਦ ਵਿਚ 40 ਲੱਖ ਤੋਂ 1 ਕਰੋੜ ਰੁਪਏ ਤੱਕ ਬੈਂਕਾਂ ਤੋਂ ਨਿਕਲੇ ਪਰ ਆਮਦਨ ਕਰ ਵਿਭਾਗ ਨੂੰ ਇਸ ਦਾ ਪਤਾ ਤੱਕ ਨਹੀਂ ਲੱਗਾ।
ਅਜੇ ਜੀ. ਐੱਸ. ਟੀ. ਸਿਸਟਮ ਪੂਰੀ ਤਰ੍ਹਾਂ ਸ਼ੁਰੂ ਹੀ ਨਹੀਂ ਹੋਇਆ, ਕਿਉਂਕਿ ਜੀ. ਐੱਸ. ਟੀ. ਆਰ.-1 ਅਤੇ 2 ਦੀ ਰਿਟਰਨ ਭਰਨੀ ਬਾਕੀ ਹੈ ਪਰ ਕਰ ਚੋਰੀ ਦਾ ਸਿਸਟਮ ਜ਼ੋਰਾਂ 'ਤੇ ਜਾਰੀ ਹੈ। ਈਮਾਨਦਾਰੀ ਨਾਲ ਕਾਰੋਬਾਰ ਕਰਨ ਵਾਲਿਆਂ ਲਈ ਬਾਜ਼ਾਰ ਵਿਚ ਆਪਣਾ ਮਾਲ ਵੇਚਣਾ ਮੁਸ਼ਕਲ ਹੋ ਰਿਹਾ ਹੈ।
ਨਕਦ ਟ੍ਰਾਂਜ਼ੈਕਸ਼ਨ ਫੜੀ ਨਹੀਂ ਜਾ ਰਹੀ, ਫਿਰ ਵੀ ਚੀਫ ਕਮਿਸ਼ਨਰ ਬਿਜ਼ੀ
ਆਮਦਨ ਕਰ ਵਿਭਾਗ ਲੁਧਿਆਣਾ ਦੇ ਚੀਫ ਕਮਿਸ਼ਨਰ ਬੀ. ਕੇ. ਝਾਅ ਨੂੰ ਤਿੰਨ ਵਾਰ ਫੋਨ ਕੀਤਾ ਗਿਆ। ਹਰ ਵਾਰ ਪਰਸਨਲ ਸਕੱਤਰ ਤੋਂ ਇਹ ਹੀ ਜਵਾਬ ਮਿਲਿਆ ਕਿ ਆਪਣਾ ਮੋਬਾਇਲ ਨੰਬਰ ਦੇ ਦਿਓ, ਅਸੀਂ ਗੱਲ ਕਰਵਾ ਦੇਵਾਂਗੇ। ਸਾਹਬ ਅਜੇ ਬਿਜ਼ੀ ਹਨ। ਸਵਾਲ ਇਥੇ ਵੀ ਖੜ੍ਹਾ ਹੋ ਗਿਆ ਹੈ ਕਿ ਆਮਦਨ ਕਰ ਵਿਭਾਗ ਦੇ ਅਧਿਕਾਰੀ ਪ੍ਰੈੱਸ ਦੇ ਸਾਹਮਣੇ ਕਿਉਂ ਨਹੀਂ ਆ ਰਹੇ। ਉਨ੍ਹਾਂ ਦੀ ਇਹ ਕਾਰਜਸ਼ੈਲੀ ਨੇ ਆਮਦਨ ਕਰ ਵਿਭਾਗ ਦੇ ਟੈਕਸ ਚੋਰੀ ਅਤੇ ਕਾਲਾ ਧਨ ਫੜਨ ਵਾਲੇ ਸਿਸਟਮ 'ਚ ਗੜਬੜ ਹੋਣ ਦਾ ਅੰਦੇਸ਼ਾ ਦੇ ਦਿੱਤਾ ਹੈ।
ਬਿੱਲ ਵੇਚਣ ਵਾਲਿਆਂ ਦੇ ਘਰ ਤੱਕ ਪਹੁੰਚ ਗਏ ਅਧਿਕਾਰੀ
ਐਕਸਾਈਜ਼ ਐਂਡ ਟੈਕਸੇਸ਼ਨ ਦੇ ਵਧੀਕ ਕਮਿਸ਼ਨਰ (ਜੀ. ਐੱਸ. ਟੀ.) ਸੌਰਵ ਰਾਜ ਅੱਜ ਆਪਣੀ ਟੀਮ ਦੇ ਨਾਲ ਖੰਨਾ ਵਿਚ ਬਿੱਲ ਵੇਚਣ ਵਾਲੇ ਦੇ ਇਕ ਕਰਿੰਦੇ ਦੇ ਘਰ ਤੱਕ ਪੁੱਜ ਗਏ ਪਰ ਕਰਿੰਦਾ ਉੱਥੋਂ ਗਾਇਬ ਮਿਲਿਆ। ਉਸ ਦੇ ਹੋਰਨਾਂ ਪਰਿਵਾਰਕ ਮੈਂਬਰਾਂ ਦੇ ਸਾਹਮਣੇ ਘਰ ਦੀ ਤਲਾਸ਼ੀ ਲਈ ਗਈ ਤਾਂ ਉੱਥੋਂ ਲੂਜ਼ ਬਿੱਲ, ਕੁੱਝ ਸਟੇਟਮੈਂਟਾਂ ਅਤੇ ਕਾਫੀ ਸਾਰੇ ਚੈੱਕ ਬਰਾਮਦ ਹੋਏ ਹਨ, ਜਿਨ੍ਹਾਂ ਨੂੰ ਵਿਭਾਗ ਨੇ ਆਪਣੇ ਕਬਜ਼ੇ ਵਿਚ ਲੈ ਲਿਆ। ਨਾਲ ਹੀ ਪਰਿਵਾਰਕ ਮੈਂਬਰਾਂ ਨੂੰ ਨੋਟਿਸ ਦੇ ਦਿੱਤਾ ਗਿਆ ਹੈ ਕਿ ਮਾਲਕ ਜਲਦ ਵਿਭਾਗ ਦੇ ਸਾਹਮਣੇ ਆ ਜਾਵੇ।


Related News