ਆਮਦਨ ਕਰ ਵਿਭਾਗ ਵੱਲੋਂ 5 ਪ੍ਰਾਈਵੇਟ ਹਸਪਤਾਲਾਂ ''ਚ ਛਾਪੇਮਾਰੀ, ਰਿਕਾਰਡ ਜ਼ਬਤ

11/06/2019 1:50:19 AM

ਬਠਿੰਡਾ,(ਵਰਮਾ): ਆਮਦਨ ਕਰ ਵਿਭਾਗ ਨੇ ਮੰਗਲਵਾਰ ਨੂੰ 5 ਨਿੱਜੀ ਹਸਪਤਾਲਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਛਾਪੇਮਾਰੀ ਕੀਤੀ ਤੇ ਹਸਪਤਾਲਾਂ ਦਾ ਰਿਕਾਰਡ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਮੰਗਲਵਾਰ ਸਵੇਰੇ ਲਗਭਗ 11 ਵਜੇ ਇਕ ਹੀ ਸਮੇਂ 'ਤੇ ਸਹਾਇਕ ਆਮਦਨ ਕਰ ਕਮਿਸ਼ਨ ਦੀ ਅਗਵਾਈ ਵਿਚ 5 ਟੀਮਾਂ ਤਿਆਰ ਕੀਤੀਆਂ ਗਈਆਂ ਅਤੇ ਉਨ੍ਹਾਂ ਨੂੰ ਹਸਪਤਾਲਾਂ ਵਿਚ ਛਾਪੇਮਾਰੀ ਕਰਨ ਦੇ ਨਿਰਦੇਸ਼ ਦਿੱਤੇ ਗਏ। ਹਸਪਤਾਲਾਂ ਵਿਚ ਮਰੀਜ਼ਾਂ ਦਾ ਤਾਂਤਾ ਲੱਗਾ ਹੋਇਆ ਸੀ। ਇਸ ਦੌਰਾਨ ਅਚਾਨਕ ਆਮਦਨ ਕਰ ਵਿਭਾਗ ਦੀਆਂ ਟੀਮਾਂ ਨੇ ਜਿਵੇਂ ਹੀ ਹਸਪਤਾਲਾਂ ਵਿਚ ਪ੍ਰਵੇਸ਼ ਕੀਤਾ ਤਾਂ ਹਸਪਤਾਲਾਂ ਦੇ ਸਾਰੇ ਦਰਵਾਜ਼ੇ ਬੰਦ ਕਰ ਦਿੱਤੇ ਅਤੇ ਪੁਲਸ ਦਾ ਪਹਿਰਾ ਲਾ ਦਿੱਤਾ। ਨਾ ਕਿਸੇ ਨੂੰ ਅੰਦਰ ਆਉÎਣ ਦਿੱਤਾ ਅਤੇ ਨਾ ਹੀ ਕਿਸੀ ਨੂੰ ਬਾਹਰ ਜਾਣ ਦਿੱਤਾ। ਨਿੱਜੀ ਹਸਪਤਾਲਾਂ ਵਿਚ ਕਈ ਅਜਿਹੇ ਮਰੀਜ਼ ਤੜਪਦੇ ਦਿਸੇ ਜੋ ਅਧਿਕਾਰੀਆਂ ਦੀਆਂ ਮਿੰਨਤਾਂ ਕਰਦੇ ਰਹੇ ਕਿ ਉਨ੍ਹਾਂ ਨੂੰ ਬਾਹਰ ਜਾਣ ਦਿੱਤਾ ਜਾਵੇ। ਅਧਿਕਾਰੀਆਂ ਨੇ ਛਾਪੇਮਾਰੀ ਦੌਰਾਨ ਸਾਰੇ ਮੋਬਾਇਲ ਲੈ ਲਏ ਅਤੇ ਇਥੋਂ ਤੱਕ ਕਿ ਲੈਂਡਲਾਈਨ ਦੀਆਂ ਤਾਰਾਂ ਵੀ ਕੱਢ ਦਿੱਤੀਆਂ। ਜਿਨ੍ਹਾਂ ਹਸਪਤਾਲਾਂ ਵਿਚ ਛਾਪੇਮਾਰੀ ਕੀਤੀ ਗਈ ਉਹ ਸ਼ਹਿਰ ਦੇ ਗਿਣੇ-ਚੁਣੇ ਹਸਪਤਾਲਾਂ ਵਿਚ ਸ਼ਾਮਲ ਹਨ।

ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਨੇ ਇਸ ਸਬੰਧੀ ਫਿਲਹਹਾਲ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ ਪਰ ਉਨ੍ਹਾਂ ਨੇ ਸੰਕੇਤ ਦਿੱਤਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਨਿੱਜੀ ਹਸਪਤਾਲਾਂ ਵਿਚ ਵੱਡੇ ਪੈਮਾਨੇ 'ਤੇ ਆਮਦਨ ਕਰ ਦੀ ਚੋਰੀ ਹੋ ਰਹੀ ਹੈ। ਨਿੱਜੀ ਹਸਪਤਾਲ ਸੰਚਾਲਕ ਰੋਗੀਆਂ ਤੋਂ ਲੱਖਾਂ ਰੁਪਏ ਇਲਾਜ ਦੇ ਨਾਂ 'ਤੇ ਲੈਂਦੇ ਹਨ, ਜਦਕਿ ਰਸੀਦ ਕੁਝ ਹਜ਼ਾਰਾਂ ਰੁਪਏ ਵਿਚ ਹੀ ਕੱਟਦੇ ਹਨ। ਬਾਕੀ ਦਾ ਪੈਸਾ 2 ਨੰਬਰ ਵਿਚ ਲਿਆ ਜਾਂਦਾ ਹੈ। ਇਹੀ ਨਹੀਂ ਪ੍ਰਾਈਵੇਟ ਹਸਪਤਾਲਾਂ ਵਿਚ ਮਰੀਜ਼ਾਂ ਦੀ ਖੂਬ ਲੁੱਟ ਇਲਾਜ, ਟੈਸਟਾਂ, ਆਪ੍ਰੇਸ਼ਨ, ਦਵਾਈਆਂ ਦੇ ਨਾਂ 'ਤੇ ਕੀਤੀ ਜਾਂਦੀ ਹੈ। ਆਮਦਨ ਕਰ ਵਿਭਾਗ ਦੀ ਟੀਮਾਂ ਨੇ ਹਸਪਤਾਲਾਂ ਵਿਚ ਮਰੀਜ਼ਾਂ ਦੀਆਂ ਪਰਚੀਆਂ ਤੱਕ ਕਬਜ਼ੇ ਵਿਚ ਲਈਆਂ ਅਤੇ ਉਨ੍ਹਾਂ ਨੇ ਕਈ ਰੋਗੀਆਂ ਤੋਂ ਭੁਗਤਾਨ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਹੱਥ ਕੁਝ ਬਚੇ ਬਿੱਲ ਵੀ ਲੱਗੇ, ਜਿਨ੍ਹਾਂ ਤਹਿਤ ਆਮਦਨ ਕਰ ਦੀ ਚੋਰੀ ਕੀਤੀ ਜਾ ਰਹੀ ਸੀ। ਕੇਂਦਰ ਸਰਕਾਰ ਵੱਲੋਂ ਪ੍ਰਾਈਵੇਟ ਹਸਪਤਾਲਾਂ ਵਿਚ ਇਲਾਜ ਲਈ ਪਾਰਦਰਸ਼ਿਤਾ ਲਿਆਉਣ ਲਈ ਇਲਾਜ ਤੇ ਦਵਾਈਆਂ ਦੀਆਂ ਦਰਾਂ ਤੈਅ ਕੀਤੀਆਂ ਗਈਆਂ ਸੀ ਪਰ ਬਾਵਜੂਦ ਡਾਕਟਰ ਮਰੀਜ਼ਾਂ ਨੂੰ ਖੂਬ ਲੁੱਟ ਰਹੇ ਹਨ। ਆਮਦਨ ਕਰ ਵਿਭਾਗ ਨੇ ਭੀੜ-ਭਾੜ ਵਾਲੇ ਹਸਪਤਾਲਾਂ ਵਿਚ ਹੀ ਛਾਪੇਮਾਰੀ ਕੀਤੀ। ਰਾਤ 9 ਵਜੇ ਤੱਕ ਖਬਰ ਲਿਖੇ ਜਾਣ ਤੱਕ ਵੀ ਆਮਦਨ ਕਰ ਵਿਭਾਗ ਦੇ ਅਧਿਕਾਰੀ ਹਸਪਤਾਲਾਂ ਦਾ ਰਿਕਾਰਡ ਖੰਗਾਲ ਰਹੇ ਸੀ। ਇਸ ਸਬੰਧ ਵਿਚ ਆਮਦਨ ਕਰ ਦੇ ਡਿਪਟੀ ਕਮਿਸ਼ਨਰ ਅਰਵਿੰਦਰ ਬਾਂਸਲ ਨੇ ਦੱਸਿਆ ਕਿ ਇਹ ਸਾਧਾਰਨ ਸਰਵੇ ਹੈ ਅਜੇ ਇਸ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ। ਜਾਂਚ ਪੂਰੀ ਹੋ ਜਾਣ ਤੋਂ ਬਾਅਦ ਹੀ ਇਸਦਾ ਖੁਲਾਸਾ ਕੀਤਾ ਜਾਵੇਗਾ।


Related News