ਮਿਸ ਯੂਨੀਵਰਸ ਬਣਨ ’ਤੇ ਹਰਨਾਜ਼ ਸੰਧੂ ਨੂੰ ਕੈਪਟਨ ਸਮੇਤ ਇਨ੍ਹਾਂ ਸਿਆਸੀ ਆਗੂਆਂ ਨੇ ਦਿੱਤੀਆਂ ਵਧਾਈਆਂ
Monday, Dec 13, 2021 - 05:36 PM (IST)
ਚੰਡੀਗੜ੍ਹ (ਭਾਸ਼ਾ)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਚੰਡੀਗੜ੍ਹ ਤੋਂ ਸੰਸਦ ਮੈਂਬਰ ਕਿਰਨ ਖੇਰ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸੋਮਵਾਰ ਮਿਸ ਯੂਨੀਵਰਸ 2021 ਦੀ ਜੇਤੂ ਹਰਨਾਜ਼ ਸੰਧੂ ਨੂੰ ਵਧਾਈ ਦਿੱਤੀ। ਕੈਪਟਨ ਨੇ ਇਕ ਟਵੀਟ ’ਚ ਲਿਖਿਆ, ‘‘ਹਰਨਾਜ਼ ਸੰਧੂ ਨੂੰ ਮਿਸ ਯੂਨੀਵਰਸ 2021 ਦਾ ਤਾਜ ਜਿੱਤਣ ’ਤੇ ਵਧਾਈ। ਭਾਰਤ ਦੀ ਧੀ ਨੇ ਇਕ ਵਾਰ ਫਿਰ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਤੁਹਾਡੀਆਂ ਅੱਗੇ ਦੀਆਂ ਸਾਰੀਆਂ ਕੋਸ਼ਿਸ਼ਾਂ ਲਈ ਤੁਹਾਨੂੰ ਸ਼ੁੱਭਕਾਮਨਾਵਾਂ ਬੇਟਾ।’’
ਅਦਾਕਾਰਾ-ਮਾਡਲ ਹਰਨਾਜ਼ ਸੰਧੂ ਨੇ ਸੋਮਵਾਰ ਮਿਸ ਯੂਨੀਵਰਸ 2021 ਦਾ ਖਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ। ਸੰਧੂ ਨੇ ਇਸ ਮੁਕਾਬਲੇ ’ਚ 79 ਦੇਸ਼ਾਂ ਦੀਆਂ ਮੁਕਾਬਲੇਬਾਜ਼ਾਂ ਨੂੰ ਪਿੱਛੇ ਛੱਡਦਿਆਂ 21 ਸਾਲਾਂ ਬਾਅਦ ਭਾਰਤ ਨੂੰ ਜਿੱਤ ਦਿਵਾਈ। ਸੰਧੂ ਤੋਂ ਪਹਿਲਾਂ ਸਿਰਫ ਦੋ ਭਾਰਤੀ ਮਹਿਲਾਵਾਂ ਨੇ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ ਹੈ। ਅਦਾਕਾਰਾ ਸੁਸ਼ਮਿਤਾ ਸੇਨ ਨੂੰ 1994 ’ਚ ਅਤੇ ਲਾਰਾ ਦੱਤਾ ਨੂੰ 2000 ’ਚ ਤਾਜ ਪਹਿਨਾਇਆ ਗਿਆ ਸੀ। ਇਜ਼ਰਾਈਲ ਦੇ ਇਲਾਟ ’ਚ ਅੰਤਰਰਾਸ਼ਟਰੀ ਸੁੰਦਰਤਾ ਮੁਕਾਬਲੇ ਦਾ 70ਵਾਂ ਸੀਜ਼ਨ ਕਰਵਾਇਆ ਗਿਆ, ਜਿਸ ’ਚ 21 ਸਾਲਾ ਸੰਧੂ ਨੂੰ ਸਫਲਤਾ ਮਿਲੀ। ਕਿਰਨ ਖੇਰ ਨੇ ਟਵੀਟ ’ਚ ਕਿਹਾ, ‘‘ਇਹ ਭਾਰਤ ਲਈ ਮਾਣ ਵਾਲਾ ਪਲ ਹੈ ਕਿਉਂਕਿ ਦੇਸ਼ ਨੂੰ 21 ਸਾਲਾਂ ਬਾਅਦ ਇਹ ਤਾਜ ਮਿਲਿਆ ਹੈ।’’
ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਵੀ ‘ਪੰਜਾਬ ਦੀ ਧੀ’ ਨੂੰ ਉਨ੍ਹਾਂ ਦੀ ਪ੍ਰਾਪਤੀ ’ਤੇ ਵਧਾਈ ਦਿੱਤੀ। ਉਨ੍ਹਾਂ ਇਕ ਟਵੀਟ ’ਚ ਲਿਖਿਆ, ‘‘ਪੰਜਾਬ ਦੀ ਧੀ ਹਰਨਾਜ਼ ਸੰਧੂ ਨੂੰ ਮਿਸ ਯੂਨੀਵਰਸ ਬਣਨ ਦੀ ਵਧਾਈ। ਤੁਹਾਡੀ ਸਖ਼ਤ ਮਿਹਨਤ ਤੇ ਸਮਰਪਣ ਸਾਡੇ ਦੇਸ਼ ਦੀਆਂ ਸਾਰੀਆਂ ਕੁੜੀਆਂ ਦੇ ਨਾਲ-ਨਾਲ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹੈ। ਇਹ ਨਾ ਸਿਰਫ਼ ਪੰਜਾਬ ਦੇ ਲੋਕਾਂ ਲਈ ਸਗੋਂ ਪੂਰੇ ਦੇਸ਼ ਲਈ ਮਾਣ ਵਾਲੀ ਗੱਲ ਹੈ।’’