CM ਮਾਨ ਦੀਆਂ ਕੋਸ਼ਿਸ਼ਾਂ ਨੂੰ ਪੈਣ ਲੱਗਾ ਬੂਰ, ਇਸ ਮਾਮਲੇ 'ਚ ਪੰਜਾਬ ਲਈ ਆਈ ਚੰਗੀ ਖ਼ਬਰ
Friday, May 12, 2023 - 04:44 PM (IST)
ਸੁਲਤਾਨਪੁਰ ਲੋਧੀ (ਧੀਰ) : ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਰੋਕਣ ਲਈ ਸੀ. ਐੱਮ. ਭਗਵੰਤ ਮਾਨ ਤੇ ਵੱਖ-ਵੱਖ ਵਾਤਾਵਰਣ ਪ੍ਰੇਮੀਆਂ ਵੱਲੋਂ ਬੀਤੇ ਲੰਮੇ ਸਮੇਂ ਤੋਂ ਕਣਕ ਦੇ ਨਾੜ ਤੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਬੂਰ ਪੈਣ ਲੱਗ ਪਿਆ ਹੈ, ਜਿਸ ਦਾ ਅੰਦਾਜ਼ਾ ਪੰਜਾਬ ਅੰਦਰ ਕਣਕ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ’ਚ ਆਈ ਖੜ੍ਹੋਤ ਤੋਂ ਲਗਾਇਆ ਜਾ ਸਕਦਾ ਹੈ। ਹੁਣ ਤੱਕ ਪੰਜਾਬ ਅੰਦਰ ਕਣਕ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦੀਆਂ 4, 204 ਘਟਨਾਵਾਂ ਸਾਹਮਣੇ ਆਈਆਂ ਹਨ, ਉਂਝ ਇਹ ਅੰਕੜਾ ਪਿਛਲੇ ਸਾਲ ਨਾਲੋਂ ਕਾਫ਼ੀ ਘੱਟ ਹੈ। ਸੂਬੇ ’ਚ ਸਾਲ 2022 ਦੌਰਾਨ ਕਣਕ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦੇ ਮਾਮਲੇ ਸਭ ਤੋਂ ਵੱਧ ਦਰਜ ਕੀਤੇ ਗਏ ਸਨ।
ਇਹ ਵੀ ਪੜ੍ਹੋ- ਦਰਬਾਰ ਸਾਹਿਬ ਨੇੜੇ ਧਮਾਕਾ ਕਰਨ ਵਾਲੇ ਮੁਲਜ਼ਮ ਦੀਆਂ ਪਹਿਲੀਆਂ ਤਸਵੀਰਾਂ ਆਈਆਂ ਸਾਹਮਣੇ
ਕਿਸਾਨਾਂ ਵੱਲੋਂ ਕਣਕ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦਾ ਸਿਲਸਿਲਾ ਭਾਵੇਂ ਹਾਲੇ ਤੱਕ ਪੂਰੀ ਤਰ੍ਹਾਂ ਬੰਦ ਨਹੀਂ ਹੋਇਆ ਪਰ ਕਿਸਾਨਾਂ ’ਚ ਆਈ ਜਾਗਰੂਕਤਾ ਵਾਤਾਵਰਣ ਨੂੰ ਸਾਫ਼-ਸੁਥਰਾ ਰੱਖਣ ’ਚ ਇਕ ਵਧੀਆ ਸੰਕੇਤ ਹੈ। ਵਾਤਾਵਰਣ ਦੀ ਸ਼ੁੱਧਤਾ ਲਈ ਸਾਨੂੰ ਇਹ ਕਾਰਜ ਅੱਗੇ ਵੀ ਇਸੇ ਤਰ੍ਹਾਂ ਜਾਰੀ ਰੱਖਣਾ ਪਵੇਗਾ। ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਰੋਕਣ ਲਈ ਸਾਨੂੰ ਮਿਲ ਕੇ ਪੰਜਾਬ ਸਰਕਾਰ ਨੂੰ ਸਹਿਯੋਗ ਦੇਣ ਦੀ ਲੋੜ ਹੈ, ਕਿਉਂਕਿ ਵਾਤਾਵਰਣ ਦੀ ਰੱਖਿਆ ਕਰਨਾ ਸਿਰਫ਼ ਸਰਕਾਰ ਦਾ ਹੀ ਨਹੀਂ, ਸਗੋਂ ਸਾਡਾ ਸਾਰਿਆਂ ਦਾ ਫਰਜ਼ ਹੈ।
ਇਹ ਵੀ ਪੜ੍ਹੋ- ਦਰਬਾਰ ਸਾਹਿਬ ਨੇੜੇ ਹੋਏ ਧਮਾਕਿਆਂ ਨੂੰ ਲੈ ਕੇ ਜਥੇਦਾਰ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਕੋਲ ਦਰਜ ਅੰਕੜਿਆਂ ਦਾ ਵੇਰਵਾ
ਜ਼ਿਲ੍ਹਾ ਅੱਗ ਲਗਾਉਣ ਦੇ ਮਾਮਲੇ
ਸੰਗਰੂਰ 518
ਬਰਨਾਲਾ 467
ਬਠਿੰਡਾ 383
ਮੋਗਾ 330
ਮਾਨਸਾ 300
ਮੁਕਤਸਰ 276
ਫਿਰੋਜ਼ਪੁਰ 258
ਲੁਧਿਆਣਾ 239
ਫਾਜ਼ਿਲਕਾ 237
ਪਟਿਆਲਾ 225
ਹੁਸ਼ਿਆਰਪੁਰ 179
ਫਰੀਦਕੋਟ 131
ਅੰਮ੍ਰਿਤਸਰ 128
ਗੁਰਦਾਸਪੁਰ 120
ਮਾਲੇਰਕੋਟਲਾ 107
ਜਲੰਧਰ 89
ਕਪੂਰਥਲਾ 84
ਤਰਨਤਾਰਨ 58
ਪਠਾਨਕੋਟ 33
ਐੱਸ. ਬੀ. ਐੱਸ. ਨਗਰ 15
ਫਤਿਹਗੜ੍ਹ ਸਾਹਿਬ 15
ਮੋਹਾਲੀ 09
ਰੋਪੜ 03
ਇਹ ਵੀ ਪੜ੍ਹੋ- ਸ੍ਰੀ ਦਰਬਾਰ ਸਾਹਿਬ ਨੇੜੇ ਧਮਾਕੇ ਕਰਨ ਵਾਲਿਆਂ 'ਤੇ DGP ਦੇ ਵੱਡੇ ਖ਼ੁਲਾਸੇ, ਦੱਸਿਆ ਕਿਵੇਂ ਬਣਾਈ ਸੀ ਯੋਜਨਾ
ਸਾਲ 2023 ਦੌਰਾਨ ਹੁਣ ਤਕ 4, 204 ਮਾਮਲੇ
ਹੁਣ ਤੱਕ ਪੰਜਾਬ ਅੰਦਰ ਕਣਕ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦੇ 4, 204 ਮਾਮਲੇ ਸਾਹਮਣੇ ਆਏ ਹਨ, ਜੋ ਪਿਛਲੇ ਸਾਲ ਨਾਲੋਂ ਕਾਫ਼ੀ ਘੱਟ ਹਨ। ਇਹ ਸੂਬੇ ਦੇ ਲੋਕਾਂ ’ਚ ਵਾਤਾਵਰਣ ਪ੍ਰਤੀ ਆਈ ਜਾਗਰੂਕਤਾ ਲਈ ਸ਼ੁੱਭ ਸੰਕੇਤ ਹੈ।
ਪਿਛਲੇ ਸਾਲਾਂ ਦੌਰਾਨ ਅੱਗ ਦੇ ਮਾਮਲੇ ਸਨ ਕਾਫੀ ਜ਼ਿਆਦਾ
2020 ’ਚ 13, 420
2021 ਅੰਦਰ 10, 100
2022 ਦੌਰਾਨ 14, 511
ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਜਾਗਰੂਕ ਕਰਨ ਦਾ ਕੰਮ ਲਗਾਤਾਰ ਜਾਰੀ
ਖੇਤੀਬਾਡ਼ੀ ਵਿਸਥਾਰ ਅਫ਼ਸਰ ਪਰਮਿੰਦਰ ਕੁਮਾਰ ਨੇ ਦੱਸਿਆ ਕਿ ਵਿਭਾਗ ਵੱਲੋਂ ਕਿਸਾਨਾਂ ਨੂੰ ਅੱਗ ਨਾ ਲਗਾਉਣ ਦੇ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ, ਜਿਸਦੇ ਸਿੱਟੇ ਹੁਣ ਚੰਗੇ ਸਾਹਮਣੇ ਆਏ ਹਨ। ਉਨ੍ਹਾਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਵੀ ਪ੍ਰੇਰਿਤ ਕਰਦਿਆਂ ਕਿਹਾ ਕਿ ਇਸ ਨਾਲ ਦੋਵੇਂ ਕੰਮ ਵਧੀਆ ਹੋ ਜਾਣਗੇ। ਇਕ ਵਾਤਾਵਰਣ ਪਹਿਲਾਂ ਨਾਲੋਂ ਸਾਫ਼-ਸੁਥਰਾ ਹੋ ਜਾਵੇਗਾ ਤੇ ਪਾਣੀ ਦਾ ਪੱਧਰ ਹੋਰ ਨੀਵਾਂ ਹੋਣ ਤੋਂ ਰੁਕ ਜਾਵੇਗਾ।
ਇਹ ਵੀ ਪੜ੍ਹੋ- ਹੁੰਮਸ ਵਾਲੀ ਗਰਮੀ ਤੋਂ ਪਹਿਲਾਂ ਹੀ ਬਿਜਲੀ ਕੱਟਾਂ ਦੀ ਸ਼ੁਰੂਆਤ, ਏ. ਸੀ. ਕਾਰਨ ਓਵਰਲੋਡ ਹੋਣ ਲੱਗੇ ਫੀਡਰ
ਸੰਤ ਸੀਚੇਵਾਲ ਨੇ ਕਿਸਾਨਾਂ ਦੀ ਕੀਤੀ ਸ਼ਲਾਘਾ
ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਸਾਨਾਂ ਵੱਲੋਂ ਕਣਕ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ’ਚ ਆਈ ਕਮੀ ਲਈ ਕਿਸਾਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਜੋ ਕਾਰਜ ਕਾਫ਼ੀ ਸਮੇਂ ਪਹਿਲਾਂ ਹੋਣਾ ਜ਼ਰੂਰੀ ਸੀ, ਉਹ ਹੁਣ ਹੋਇਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਦੀ ਸੁਰੱਖਿਆ ਲਈ ਇਹ ਫ਼ੈਸਲਾ ਕਾਫ਼ੀ ਲਾਹੇਵੰਦ ਸਾਬਿਤ ਹੋਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ