ਲਾਡੋਵਾਲ ਨੇੜੇ ਵਾਪਰੀ ਦਿਲ-ਕੰਬਾਊ ਵਾਰਦਾਤ, ਗਲਾ ਵੱਢ ਕੇ ਸਤਲੁਜ ਦਰਿਆ ’ਚ ਸੁੱਟੀ ਔਰਤ ਦੀ ਲਾਸ਼
Saturday, Apr 16, 2022 - 10:44 PM (IST)

ਲੁਧਿਆਣਾ/ਫਿਲੌਰ (ਅਨਿਲ)-ਸਥਾਨਕ ਕਸਬਾ ਲਾਡੋਵਾਲ ਤੋਂ ਦਿਲ ਕੰਬਾਊ ਵਾਰਦਾਤ ਸਾਹਮਣੇ ਆੲੀ, ਜਿਥੇ ਸਤਲੁਜ ਦਰਿਆ ’ਚ ਅੱਜ ਸਵੇਰ 11 ਵਜੇ ਇਕ ਔਰਤ ਦੀ ਲਾਸ਼ ਪਾਣੀ ’ਚ ਤੈਰਦੀ ਹੋਈ ਦਿਖਾਈ ਦਿੱਤੀ। ਇਸ ਤੋਂ ਬਾਅਦ ਸਤਲੁਜ ਦਰਿਆ ’ਤੇ ਆਪਣੀਆਂ ਮੱਝਾਂ ਨੂੰ ਨਹਿਲਾ ਰਹੇ ਇਕ ਵਿਅਕਤੀ ਨੇ ਇਸ ਦੀ ਸੂਚਨਾ ਥਾਣਾ ਲਾਡੋਵਾਲ ਦੀ ਪੁਲਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਥਾਣਾ ਲਾਡੋਵਾਲ ਦੀ ਸਹਾਇਕ ਮੁਖੀ ਐੱਸ. ਆਈ. ਮਨਪ੍ਰੀਤ ਕੌਰ ਸੈਦੀ ਤੁਰੰਤ ਮੌਕੇ ’ਤੇ ਪੁੱਜੀ, ਜਿਨ੍ਹਾਂ ਨੇ ਸਤਲੁਜ ਦਰਿਆ ਵਿਚ ਪਾਣੀ ’ਚ ਤੈਅ ਰਹੀ ਔਰਤ ਦੀ ਲਾਸ਼ ਬਾਹਰ ਕੱਢੀ। ਇਸ ਦੌਰਾਨ ਪੁਲਸ ਨੇ ਔਰਤ ਦੀ ਲਾਸ਼ ਦੀ ਜਾਂਚ ਕਰਨੀ ਸ਼ੁਰੂ ਕੀਤੀ ਤਾਂ ਉਸ ਦੀ ਗਰਦਨ ਵੱਢੀ ਹੋਈ ਦੇਖੀ ਤਾਂ ਪੁਲਸ ਨੂੰ ਔਰਤ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ, ਜਿਸ ਤੋਂ ਬਾਅਦ ਮੌਕੇ ’ਤੇ ਏ. ਸੀ. ਪੀ. ਤਲਵਿੰਦਰ ਸਿੰਘ ਗਿੱਲ, ਸੀ. ਆਈ. ਏ., ਫੋਰੈਂਸਿਕ ਟੀਮ ਅਤੇ ਡਾਗ ਸਕੁਐਡ ਦੀਆਂ ਟੀਮਾਂ ਪੁੱਜ ਗਈਆਂ, ਜਿਨ੍ਹਾਂ ਨੇ ਮ੍ਰਿਤਕ ਔਰਤ ਦੀ ਲਾਸ਼ ਦੀ ਜਾਂਚ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : ਦਿੱਲੀ ’ਚ ਸ਼ੋਭਾ ਯਾਤਰਾ ਦੌਰਾਨ ਦੋ ਧੜਿਆਂ ਵਿਚਾਲੇ ਜ਼ਬਰਦਸਤ ਝੜਪ, ਪੁਲਸ ਮੁਲਾਜ਼ਮਾਂ ਸਣੇ ਕਈ ਲੋਕ ਜ਼ਖ਼ਮੀ
ਪੁਲਸ ਨੇ ਮੌਕੇ ’ਤੇ ਇਕ ਚਾਕੂ ਵੀ ਬਰਾਮਦ ਕੀਤਾ ਗਿਆ, ਜਿਸ ਨਾਲ ਔਰਤ ਦੀ ਗਰਦਨ ਵੱਢੀ ਗਈ, ਦਾ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ। ਸਹਾਇਕ ਥਾਣਾ ਮੁਖੀ ਮਨਪ੍ਰੀਤ ਕੌਰ ਸੈਣੀ ਨੇ ਦੱਸਿਆ ਕਿ ਮੁਲਜ਼ਮਾਂ ਨੇ ਪਹਿਲਾਂ ਸਤਲੁਜ ਦਰਿਆ ਦੇ ਕੰਢੇ ’ਤੇ ਔਰਤ ਦਾ ਗਲਾ ਵੱਢਿਆ ਅਤੇ ਬਾਅਦ ਵਿਚ ਉਸ ਦੀ ਲਾਸ਼ ਪਾਣੀ ਦੇ ਅੰਦਰ ਸੁੱਟ ਦਿੱਤੀ ਹੋਵੇਗੀ। ਕਤਲ ਦੀ ਜਾਂਚ ਕਰਦੇ ਸਮੇਂ ਮੌਕੇ ’ਤੇ ਜ਼ਮੀਨ ਦੇ ਮਾਲਕ ਨੂੰ ਬੁਲਾਇਆ ਗਿਆ ਅਤੇ ਜ਼ਮੀਨ ਦੇ ਮਾਲਕ ਨੇ ਦੱਸਿਆ ਕਿ ਉਸ ਦੀ ਜ਼ਮੀਨ ਪਿੰਡ ਆਲੋਵਾਲ ਦੀ ਹੈ, ਜਿਸ ਤੋਂ ਬਾਅਦ ਪੁਲਸ ਨੂੰ ਪਤਾ ਲੱਗਾ ਹੈ ਕਿ ਪਿੰਡ ਆਲੋਵਾਲ ਥਾਣਾ ਫਿਲੌਰ ਅਧੀਨ ਹੈ, ਜਿਸ ਦੌਰਾਨ ਇਸ ਦੀ ਸੂਚਨਾ ਫਿਲੌਰ ਪੁਲਸ ਨੂੰ ਦਿੱਤੀ ਗਈ।
ਇਹ ਵੀ ਪੜ੍ਹੋ : ਅੰਮ੍ਰਿਤਸਰ ’ਚ ਹੋਟਲ ਮਾਲਕ ’ਤੇ ਸਰੇ ਬਾਜ਼ਾਰ ਚੱਲੀਆਂ ਗੋਲੀਆਂ
ਸੂਚਨਾ ਮਿਲਣ ਤੋਂ ਬਾਅਦ ਥਾਣਾ ਫਿਲੌਰ ਦੇ ਮੁਖੀ ਇੰਸਪੈਕਟਰ ਬਲਵਿੰਦਰ ਸਿੰਘ ਆਪਣੀ ਟੀਮ ਨਾਲ ਪੁੱਜੇ ਅਤੇ ਉਸ ਤੋਂ ਬਾਅਦ ਥਾਣਾ ਫਿਲੌਰ ਪੁਲਸ ਆਪਣੀ ਹੱਦਬੰਦੀ ਵਿਚ ਉਲਝ ਗਈ। ਫਿਲੌਰ ਪੁਲਸ ਦਾ ਕਹਿਣਾ ਸੀ ਕਿ ਸਾਡੀ ਹੱਦ ਸਤਲੁਜ ਦਰਿਆ ’ਤੇ ਅੱਧੇ ਪੁਲ ਤੱਕ ਹੈ। ਇਹ ਲੁਧਿਆਣਾ ਦਾ ਇਲਾਕਾ ਹੈ। ਕਰੀਬ ਇਕ ਘੰਟੇ ਤੱਕ ਲੋਕਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਫਿਲੌਰ ਪੁਲਸ ਨੇ ਮ੍ਰਿਤਕ ਔਰਤ ਦੀ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਔਰਤ ਦੀ ਉਮਰ ਕਰੀਬ 25 ਸਾਲ ਦੇ ਆਸ-ਪਾਸ ਦੱਸੀ ਜਾ ਰਹੀ ਹੈ ਅਤੇ ਕਤਲ 10-12 ਘੰਟੇ ਪਹਿਲਾਂ ਹੋਇਆ ਲੱਗ ਰਿਹਾ ਹੈ। ਫਿਲੌਰ ਥਾਣਾ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ ਅਤੇ ਮ੍ਰਿਤਕ ਔਰਤ ਦੀ ਪਛਾਣ ਲਈ ਆਸ-ਪਾਸ ਦੇ ਇਲਾਕਿਆਂ ਵਿਚ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।