ਬਿਜਲੀ ਦੀਆਂ ਤਾਰਾਂ 'ਚ ਫਸੇ ਟਰਾਲੇ ਨੇ ਤੋੜੇ ਖੰਭੇ ਤੇ ਤਾਰਾਂ, ਧਮਾਕੇ ਨਾਲ ਮਚੀ ਹਫੜਾ-ਦਫੜੀ
Monday, Sep 25, 2023 - 10:49 AM (IST)

ਲੁਧਿਆਣਾ (ਮੁਕੇਸ਼) : ਇੱਥੇ ਫੋਕਲ ਪੁਆਇੰਟ ਫੇਜ਼-6, ਗਣਪਤੀ ਚੌਂਕ ਨੇੜੇ ਰੋਡ ਉੱਪਰੋਂ ਲੰਘ ਰਿਹਾ ਅਣਪਛਾਤਾ ਟਰਾਲਾ ਬਿਜਲੀ ਦੀਆਂ ਤਾਰਾਂ ’ਚ ਫਸ ਗਿਆ। ਟਰਾਲਾ ਚਾਲਕ ਨੇ ਲਾਪਰਵਾਹੀ ਵਰਤਦਿਆਂ ਟਰਾਲੇ ’ਚ ਬਿਜਲੀ ਦੀਆਂ ਤਾਰਾਂ ਫਸੀਆਂ ਹੋਣ ਦੇ ਬਾਵਜੂਦ ਟਰਾਲਾ ਰੋਕਣ ਦੀ ਬਜਾਏ ਦੌੜਾ ਲਿਆ, ਜਿਸ ਕਾਰਨ ਹਾਦਸਾ ਵਾਪਰਿਆ। ਇਸ ਦੌਰਾਨ ਰੋਡ ਕਿਨਾਰੇ ਲੱਗੇ ਤਿੰਨ ਬਿਜਲੀ ਦੇ ਖੰਭੇ ਤੇ ਤਾਰਾਂ ਟੁੱਟ ਕੇ ਰੋਡ ਉੱਪਰ ਜਾ ਡਿੱਗੇ। ਇਕ ਬਿਜਲੀ ਦਾ ਖੰਭਾ ਤੇ ਤਾਰਾਂ ਜਿਵੇਂ ਹੀ ਫੈਕਟਰੀ ਦੇ ਬਾਹਰ ਖੜ੍ਹੀ ਕਾਰ ਉੱਪਰ ਡਿੱਗੀਆਂ ਤਾਂ ਜ਼ੋਰਦਾਰ ਧਮਾਕਾ ਹੋਇਆ। ਧਮਾਕੇ ਦੀ ਆਵਾਜ਼ ਸੁਣ ਹਫ਼ੜਾ-ਦਫੜੀ ਮਚ ਗਈ।
ਇਹ ਵੀ ਪੜ੍ਹੋ : ਅੱਜ ਜੈਪੁਰ-ਭੋਪਾਲ ਦੌਰੇ 'ਤੇ PM ਨਰਿੰਦਰ ਮੋਦੀ, ਵਿਧਾਨ ਸਭਾ ਚੋਣਾਂ 'ਚ ਜਿੱਤ ਲਈ ਦੇਣਗੇ ਮੰਤਰ
ਫੈਕਟਰੀ ਮਾਲਕ ਤੇ ਆਲੇ-ਦੁਆਲੇ ਫੈਕਟਰੀਆਂ ’ਚ ਕੰਮ ਕਰ ਰਹੇ ਵਰਕਰ ਬਾਹਰ ਵੱਲ ਦੌੜੇ ਆਏ, ਜਿਨ੍ਹਾਂ ਦੇਖਿਆ ਕਿ ਬਿਜਲੀ ਦਾ ਖੰਭਾ ਤੇ ਤਾਰਾਂ ਕਾਰ 'ਤੇ ਡਿੱਗੇ ਹਨ, ਜਿਸ ਵਜੋਂ ਕਾਰ ਨੂੰ ਕਾਫੀ ਨੁਕਸਾਨ ਪੁੱਜਾ ਹੈ। ਉਥੇ ਹੀ ਦੋ ਬਿਜਲੀ ਦੇ ਖੰਭੇ ਤੇ ਤਾਰਾਂ ਰੋਡ ਉੱਪਰ ਡਿੱਗੇ ਹੋਏ ਸਨ। ਕਾਰ ਮਾਲਕ ਰਾਜੀਵ ਜੈਨ ਨੇ ਕਿਹਾ ਕਿ ਜਿਵੇਂ ਹੀ ਫੈਕਟਰੀ ਬਾਹਰ ਧਮਾਕੇ ਦੀ ਆਵਾਜ਼ ਆਈ ਉਹ ਬਾਹਰ ਨੂੰ ਦੌੜੇ ਗਏ। ਉਨ੍ਹਾਂ ਕਿਹਾ ਕਿ ਅਣਪਛਾਤਾ ਟਰਾਲਾ ਚਾਲਕ ਬਿਜਲੀ ਦੇ ਖੰਭੇ ਤੇ ਤਾਰਾਂ ਤੋੜਨ ਮਗਰੋਂ ਮੌਕੇ ਤੋਂ ਫ਼ਰਾਰ ਹੋ ਗਿਆ।
ਇਹ ਵੀ ਪੜ੍ਹੋ : ਕੈਨੇਡਾ ਦੇ ਮੁੱਦੇ 'ਤੇ ਸੁਨੀਲ ਜਾਖੜ ਨੇ ਮੰਤਰੀ ਜੈਸ਼ੰਕਰ ਨੂੰ ਲਿਖੀ ਚਿੱਠੀ, ਕੀਤੀ ਇਹ ਅਪੀਲ
ਜੈਨ ਨੇ ਕਿਹਾ ਕਿ ਕਾਰ ਉੱਪਰ ਬਿਜਲੀ ਦਾ ਖੰਭਾ ਤੇ ਤਾਰਾਂ ਡਿੱਗਣ ਨਾਲ ਕਾਰ ਨੂੰ ਕਾਫੀ ਨੁਕਸਾਨ ਪੁੱਜਾ ਹੈ ਪਰ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਉਥੇ ਹੀ ਬਿਜਲੀ ਦੇ ਖੰਭੇ ਤਾਰਾਂ ਟੁੱਟਣ ਨਾਲ ਬੱਤੀ ਚਲੀ ਗਈ। ਫੋਕਲ ਪੁਆਇੰਟ ਬਿਜਲੀ ਘਰ ਦੇ ਐਕਸੀਅਨ ਤੇ ਮਾਲਕ ਜੈਨ ਨੇ ਕਿਹਾ ਕਿ ਸੀ. ਸੀ. ਟੀ. ਵੀ. ਕੈਮਰੇ ਚੈਕ ਕਰ ਰਹੇ ਹਾਂ ਤਾਂ ਕਿ ਹਾਦਸੇ ਮਗਰੋਂ ਫ਼ਰਾਰ ਹੋਏ ਅਣਪਛਾਤੇ ਟਰਾਲਾ ਚਾਲਕ ਬਾਰੇ ਕੁਝ ਪਤਾ ਲੱਗ ਸਕੇ। ਪੁਲਸ ਦਾ ਕਹਿਣਾ ਹੈ ਕਿ ਹਾਲੇ ਉਨ੍ਹਾਂ ਕੋਲ ਕੋਈ ਸ਼ਿਕਾਇਤ ਨਹੀਂ ਆਈ ਹੈ, ਜੇਕਰ ਸ਼ਿਕਾਇਤ ਆਉਂਦੀ ਹੈ ਤਾਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8