ਪਲਾਟ ਵੇਚਣ ਦੇ ਨਾਂ ''ਤੇ 4.75 ਲੱਖ ਦੀ ਧੋਖਾਦੇਹੀ
Monday, Apr 30, 2018 - 06:11 AM (IST)

ਬਠਿੰਡਾ, (ਬਲਵਿੰਦਰ)- ਪਲਾਟ ਵੇਚਣ ਦੇ ਨਾਂ 'ਤੇ ਇਕ ਵਿਅਕਤੀ ਨਾਲ 4.75 ਲੱਖ ਰੁਪਏ ਦੀ ਧੋਖਾਦੇਹੀ ਹੋਣ ਦਾ ਸਮਾਚਾਰ ਹੈ, ਜਿਸਦੇ ਸਬੰਧ ਵਿਚ ਪੁਲਸ ਨੇ ਦੋ ਔਰਤਾਂ ਸਣੇ ਤਿੰਨ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ। ਈ. ਓ. ਵਿੰਗ ਦੇ ਇੰਚਾਰਜ ਇੰਸਪੈਕਟਰ ਭੋਲਾ ਸਿੰਘ ਅਨੁਸਾਰ ਭੂਸ਼ਣ ਕੁਮਾਰ ਵਾਸੀ ਲਾਲ ਸਿੰਘ ਬਸਤੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਪ੍ਰੀਤ ਕੌਰ, ਅਰਸ਼ਪ੍ਰੀਤ ਕੌਰ ਤੇ ਅਮਨ ਗਰਗ ਵਾਸੀਆਨ ਲਾਲ ਸਿੰਘ ਬਸਤੀ ਨੇ ਉਸਨੂੰ ਵੇਚਣ ਲਈ ਇਕ ਪਲਾਟ ਦਿਖਾਇਆ, ਜਿਸਦੇ ਮਾਲਕ ਉਨ੍ਹਾਂ ਨੇ ਖੁਦ ਨੂੰ ਦੱਸਿਆ। ਬਕਾਇਦਾ ਇਸਦੇ ਕਾਗਜ਼ ਵੀ ਦਿਖਾਏ ਗਏ। ਫਿਰ ਉਸਨੇ ਉਨ੍ਹਾਂ ਨੂੰ ਬਿਆਨੇ ਵਜੋਂ 4.75 ਲੱਖ ਰੁਪਏ ਦੇ ਦਿੱਤੇ। ਹੁਣ ਰਜਿਸਟਰੀ ਕਰਵਾਉਣ ਤੋਂ ਪਹਿਲਾਂ ਹੀ ਰਾਜ ਖੁੱਲ੍ਹਿਆ ਕਿ ਸਬੰਧਤ ਪਲਾਟ ਉਨ੍ਹਾਂ ਦਾ ਨਹੀਂ, ਸਗੋਂ ਕਿਸੇ ਹੋਰ ਵਿਅਕਤੀ ਦਾ ਹੈ।
ਭੋਲਾ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਮੁੱਢਲੀ ਜਾਂਚ ਉਪਰੰਤ ਸ਼ਿਕਾਇਤ ਨੂੰ ਸਹੀ ਪਾਇਆ ਗਿਆ। ਜਿਸਦੇ ਆਧਾਰ 'ਤੇ ਮੁਲਜ਼ਮਾਂ ਵਿਰੁੱਧ ਧੋਖਾਦੇਹੀ ਦਾ ਮੁਕੱਦਮਾ ਦਰਜ ਕੀਤਾ ਗਿਆ। ਇਸ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਵੀ ਆਰੰਭ ਦਿੱਤੀ ਗਈ ਹੈ। ਫਿਲਹਾਲ ਕੇਸ 'ਚ ਕੋਈ ਗ੍ਰਿਫ਼ਤਾਰੀ ਨਹੀਂ ਹੋ ਸਕੀ।