ਕਾਰਡ ਦਾ ਕਲੋਨ ਬਣਾਉਣ ਵਾਲੇ ਗ੍ਰਿਫਤ ''ਚ, ਹੋਣਗੇ ਵੱਡੇ ਖੁਲਾਸੇ
Wednesday, Aug 09, 2017 - 04:36 AM (IST)

ਲੁਧਿਆਣਾ, (ਪੰਕਜ)- ਮਹਾਨਗਰ ਵਿਚ ਧੜਾਧੜ ਹੋਏ ਏ. ਟੀ. ਐੱਮ. ਫਰਾਡ ਤੇ ਆਨਲਾਈਨ ਠੱਗੀ ਦੀਆਂ ਵਾਰਦਾਤਾਂ ਤੋਂ ਪ੍ਰੇਸ਼ਾਨ ਜਨਤਾ ਲਈ ਸੁੱਖ ਦਾ ਸਾਹ ਲੈਣ ਦਾ ਸਮਾਂ ਆ ਗਿਆ ਹੈ। ਬੈਂਕ ਫਰਾਡ ਦੀ ਤਹਿ ਤੱਕ ਜਾਣ ਲਈ ਦਿਨ-ਰਾਤ ਇਕ ਕਰਨ ਵਾਲੇ ਪੁਲਸ ਦੇ ਸਾਈਬਰ ਸੈੱਲ ਦੇ ਹੱਥ ਏ. ਟੀ. ਐੱਮ. ਕਾਰਡਾਂ ਦਾ ਕਲੋਨ ਬਣਾਉਣ ਤੋਂ ਲੈ ਕੇ ਸਾਰੀ ਖੇਡ ਦਾ ਵਿਊ ਰਚਣ ਵਾਲਿਆਂ ਦੇ ਗਲੇ ਤੱਕ ਜਾ ਪਹੁੰਚੇ ਹਨ। ਜਲਦੀ ਹੀ ਉੱਚ ਅਧਿਕਾਰੀ ਇਸ ਮਾਮਲੇ ਵਿਚ ਵੱਡੇ ਖੁਲਾਸੇ ਕਰਨਗੇ। ਪਿਛਲੇ 20 ਦਿਨਾਂ ਅੰਦਰ ਮਹਾਨਗਰ ਦੇ ਵੱਖ-ਵੱਖ ਪੁਲਸ ਸਟੇਸ਼ਨਾਂ ਵਿਚ ਏ. ਟੀ. ਐੱਮ. ਤੇ ਆਨ ਲਾਈਨ ਠੱਗੀ ਦਾ ਸ਼ਿਕਾਰ ਹੋਣ ਵਾਲਿਆਂ ਦੀਆਂ ਸ਼ਿਕਾਇਤਾਂ ਦੇ ਢੇਰ ਲੱਗ ਗਏ ਸਨ।
ਲੋਕਾਂ ਵੱਲੋਂ ਏ. ਟੀ. ਐੱਮ. ਦੀ ਮਦਦ ਨਾਲ ਖਾਤਿਆਂ ਤੋਂ ਲੱਖਾਂ ਰੁਪਏ ਦੀਆਂ ਟ੍ਰਾਂਜੈਕਸ਼ਨਾਂ ਹੋਣ ਸਬੰਧੀ ਦਿੱਤੀਆਂ ਸ਼ਿਕਾਇਤਾਂ ਨੇ ਪੁਲਸ ਦੇ ਸਾਈਬਰ ਸੈੱਲ ਨੂੰ ਵੀ ਪ੍ਰੇਸ਼ਾਨੀ ਵਿਚ ਪਾ ਦਿੱਤਾ ਸੀ। ਪੀੜਤ ਤੇ ਪੁਲਸ ਦੋਵੇਂ ਇਸ ਗੱਲ ਨੂੰ ਲੈ ਕੇ ਹੈਰਾਨ ਸਨ ਕਿ ਏ. ਟੀ. ਐੱਮ. ਕਾਰਡ ਪਰਸ ਵਿਚ ਤੇ ਕੋਡ ਦਿਮਾਗ ਵਿਚ ਹੋਣ ਦੇ ਬਾਵਜੂਦ ਆਖਿਰ ਮੁਲਜਮਾਂ ਕੋਲ ਅਜਿਹੀ ਕਿਹੜੀ ਜਾਦੂ ਦੀ ਛੜੀ ਸੀ, ਜਿਸ ਨੂੰ ਘੁਮਾਉਂਦੇ ਹੀ ਉਹ ਆਪਣੇ ਸ਼ਿਕਾਰ ਦਾ ਬੈਂਕ ਖਾਤਾ ਸਾਫ ਕਰ ਜਾਂਦੇ ਸਨ।
ਏ. ਟੀ. ਐੱਮ. ਫਰਾਡ ਦੀਆਂ ਘਟਨਾਵਾਂ ਤੋਂ ਪ੍ਰੇਸ਼ਾਨ ਪੁਲਸ ਦੇ ਸਾਈਬਰ ਸੈੱਲ ਤੇ ਉਸ ਦੀ ਇੰਚਾਰਜ ਏ. ਸੀ. ਪੀ. ਮੈਡਮ ਭੱਟੀ ਦੀ ਟੀਮ ਲਈ ਪੁਲਸ ਸਟੇਸ਼ਨ ਵਿਚ ਖੁਦਕੁਸ਼ੀ ਕਰਨ ਵਾਲੀ ਰਮਨਦੀਪ ਕੌਰ ਤੇ ਉਸ ਦੇ ਮਿੱਤਰ ਮੁਕਲ ਗਰਗ ਤੋਂ ਬਰਾਮਦ ਗੈਜਟ ਛਾਣਬੀਣ ਕਰਨ 'ਤੇ ਵਰਦਾਨ ਬਣ ਗਿਆ।
ਹਾਲਾਂਕਿ ਅਧਿਕਾਰੀ ਪੂਰੇ ਮਾਮਲੇ 'ਤੇ ਚੁੱਪ ਧਾਰੀ ਬੈਠੇ ਹਨ ਪਰ ਸੂਤਰਾਂ ਦੀ ਮੰਨੀਏ ਤਾਂ ਟੀਮ ਨੇ ਗੈਜਟ ਵਿਚ ਫੀਡ ਮੋਬਾਇਲ ਨੰਬਰਾਂ ਤੇ ਹੋਰਨਾਂ ਸਬੂਤਾਂ ਦੇ ਆਧਾਰ 'ਤੇ ਦਿਨ-ਰਾਤ ਇਕ ਕਰਦੇ ਹੋਏ ਇਸ ਖੇਡ ਦੇ ਅਸਲੀ ਖਿਡਾਰੀਆਂ ਤੇ ਉਨ੍ਹਾਂ ਦੇ ਮਦਦਗਾਰਾਂ ਦੀ ਪਛਾਣ ਕਰ ਕੇ ਉਨ੍ਹਾਂ 'ਤੇ ਸ਼ਿਕੰਜਾ ਕੱਸ ਦਿੱਤਾ ਹੈ।
ਵਰਤੇ ਹੋਏ ਏ. ਟੀ. ਐੱਮ. ਕਾਰਡ ਹੁੰਦੇ ਸਨ ਨਿਸ਼ਾਨਾ
ਇਸ ਖੇਡ ਦੇ ਖਿਡਾਰੀ ਬੇਹੱਦ ਚਾਲਾਕ ਤੇ ਪੜ੍ਹੇ-ਲਿਖੇ ਕੰਪਿਊਟਰ ਦੇ ਮਾਹਿਰ ਹਨ, ਜੋ ਕਿ ਲੁਧਿਆਣਾ ਤੋਂ ਪਹਿਲਾਂ ਚੰਡੀਗੜ੍ਹ, ਦਿੱਲੀ, ਮਹਾਰਾਸ਼ਟਰ ਸਮੇਤ ਕਈ ਸ਼ਹਿਰਾਂ ਵਿਚ ਸੈਂਕੜੇ ਲੋਕਾਂ ਦੇ ਲੱਖਾਂ ਰੁਪਏ ਉਡਾ ਚੁੱਕੇ ਹਨ। ਇਨ੍ਹਾਂ ਖਿਡਾਰੀਆਂ ਦੇ ਨਿਸ਼ਾਨੇ 'ਤੇ ਮੁੱਖ ਤੌਰ 'ਤੇ ਉਹ ਲੋਕ ਹੁੰਦੇ ਸਨ, ਜਿਨ੍ਹਾਂ ਨੇ ਤਾਜ਼ਾ ਆਪਣੇ ਕਾਰਡ ਦੀ ਵਰਤੋਂ ਕੀਤੀ ਹੋਵੇ ਜਾਂ ਫਿਰ ਉਹ ਭੋਲੇ-ਭਾਲੇ ਲੋਕ, ਜਿਨ੍ਹਾਂ ਨੂੰ ਫੋਨ ਕਰ ਕੇ ਉਹ ਖੁਦ ਨੂੰ ਬੈਂਕ ਕਰਮਚਾਰੀ ਦੱਸ ਕੇ ਏ. ਟੀ. ਐੱਮ. ਕਾਰਡ ਦੀ ਡਿਟੇਲ ਪਤਾ ਕਰ ਲੈਂਦੇ ਸਨ।
ਕਲੋਨ ਤਿਆਰ ਕਰਨ ਦੀ ਮਸ਼ੀਨ ਵੀ ਮਿਲੀ
ਸੂਤਰਾਂ ਦੀ ਮੰਨੀਏ ਤਾਂ ਜਾਂਚ ਵਿਚ ਲੱਗੀ ਟੀਮ ਦੇ ਹੱਥ ਏ. ਟੀ. ਐੱਮ. ਕਾਰਡ ਦਾ ਕਲੋਨ ਬਣਾਉਣ ਵਾਲੀ ਮਸ਼ੀਨ ਸਹਿਤ ਕਾਰਡ ਤੇ ਹੋਰ ਗੈਜਟ ਮਿਲੇ ਹਨ, ਜਿਨ੍ਹਾਂ ਨੇ ਇਸ ਸਾਰੇ ਖੇਡ ਤੋਂ ਪਰਦਾ ਚੁੱਕ ਦਿੱਤਾ ਹੈ। ਇਸ ਖੇਡ ਵਿਚ ਕਈ ਬੈਂਕਾਂ ਦੇ ਕਰਮਚਾਰੀਆਂ ਦੀ ਵੀ ਸਰਗਰਮੀ ਸਾਹਮਣੇ ਆ ਰਹੀ ਹੈ। ਲੋਕਾਂ ਨੂੰ ਲੱਖਾਂ ਕਰੋੜਾਂ ਰੁਪਏ ਦਾ ਚੂਨਾ ਲਗਾ ਚੁੱਕੇ ਮੁਲਜ਼ਮਾਂ ਦੇ ਅਸਲੀ ਚਿਹਰੇ ਪੁਲਸ ਜਲਦੀ ਹੀ ਬੇਨਕਾਬ ਕਰੇਗੀ।
ਕੀ ਕਹਿੰਦੇ ਹਨ ਅਧਿਕਾਰੀ- ਜਦੋਂ ਇਸ ਸਬੰਧ ਵਿਚ ਸਾਈਬਰ ਸੈੱਲ ਇੰਚਾਰਜ ਏ. ਸੀ. ਪੀ. ਮੈਡਮ ਭੱਟੀ ਨਾਲ ਸੰਪਰਕ ਬਣਾਇਆ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਟੀਮ ਦੇ ਹੱਥ ਕਾਫੀ ਸੁਰਾਗ ਲੱਗੇ ਹਨ, ਜਿਸ ਦੇ ਆਧਾਰ 'ਤੇ ਅਪਰਾਧ ਵਿਚ ਸ਼ਾਮਲ ਚਾਲਕਾਂ ਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਨੂੰ ਵੀ ਆਪਣੇ ਏ. ਟੀ. ਐੱਮ. ਕਾਰਡ ਦੀ ਇਨਫਰਮੇਸ਼ਨ ਨਾ ਦੇਣ। ਖਾਸ ਕਰ ਕੇ ਉਨ੍ਹਾਂ ਲੋਕਾਂ ਨੂੰ ਜੋ ਫੋਨ ਤੇ ਖੁਦ ਨੂੰ ਬੈਂਕ ਕਰਮਚਾਰੀ ਦੱਸਦੇ ਹੋਣ।