ਪੰਜਾਬ ’ਚ ਅਗਲੇ ਦੋ ਸਾਲਾਂ ’ਚ ਬੰਦ ਹੋ ਜਾਣਗੇ 13 ਹੋਰ ਟੋਲ ਪਲਾਜ਼ੇ
Monday, Sep 05, 2022 - 07:21 PM (IST)
ਜਲੰਧਰ (ਨਰਿੰਦਰ ਮੋਹਨ) : ਪੰਜਾਬ ’ਚ ਆਉਣ ਵਾਲੇ ਦੋ ਸਾਲਾਂ ’ਚ ਸੂਬੇ ਦੇ ਤਕਰੀਬਨ 13 ਹੋਰ ਟੋਲ ਪਲਾਜ਼ੇ ਬੰਦ ਹੋ ਜਾਣਗੇ। ਪੰਜਾਬ ਸਰਕਾਰ ਨੇ ਸਿਧਾਂਤਕ ਤੌਰ ’ਤੇ ਫ਼ੈਸਲਾ ਲਿਆ ਹੈ ਕਿ ਸੂਬੇ ’ਚ ਪੰਜਾਬ ਸਰਕਾਰ ਤਹਿਤ ਜਿਨ੍ਹਾਂ ਟੋਲ ਪਲਾਜ਼ਿਆਂ ਦੀ ਮਿਆਦ ਸਮਾਪਤ ਹੋ ਜਾਵੇਗੀ, ਉਨ੍ਹਾਂ ਦਾ ਨਵੀਨੀਕਰਨ ਨਹੀਂ ਕੀਤਾ ਜਾਵੇਗਾ। ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਜਿਨ੍ਹਾਂ ਸੜਕਾਂ ਤੋਂ ਟੋਲ ਪਲਾਜ਼ਿਆਂ ਨੂੰ ਹਟਾਇਆ ਜਾਵੇਗਾ, ਉਨ੍ਹਾਂ ਸੜਕਾਂ ਦੀ ਸਾਂਭ-ਸੰਭਾਲ ਪੰਜਾਬ ਸਰਕਾਰ ਆਪਣੇ ਬਜਟ ’ਚੋਂ ਕਰੇਗੀ। ਇਕ ਦਿਨ ਪਹਿਲਾਂ ਹੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ-ਲੁਧਿਆਣਾ ਰੋਡ ’ਤੇ ਦੋ ਟੋਲ ਪਲਾਜ਼ਿਆਂ ਨੂੰ ਬੰਦ ਕਰਨ ਦੇ ਨਿਰਦੇਸ਼ ਦਿੱਤੇ ਸਨ। ਇਕ ਟੋਲ ਪਲਾਜ਼ਾ ਅਕਤੂਬਰ ’ਚ ਬੰਦ ਹੋ ਜਾਵੇਗਾ। ਅੱਜ ਉਨ੍ਹਾਂ ਦੋਵਾਂ ਟੋਲ ਪਲਾਜ਼ਿਆਂ ਦੇ ਢਾਂਚੇ ਨੂੰ ਵੀ ਉਖਾੜ ਦਿੱਤਾ ਗਿਆ ਹੈ। ਪੰਜਾਬ ਸਰਕਾਰ ਨੇ ਹੁਣ ਇਹ ਵੀ ਫ਼ੈਸਲਾ ਕੀਤਾ ਹੈ ਕਿ ਸੂਬੇ ਦੇ ਤਹਿਤ ਆਉਂਦੀਆਂ ਸੜਕਾਂ ਦੀ ਸਾਂਭ-ਸੰਭਾਲ ਹੁਣ ਸਰਕਾਰ ਖ਼ੁਦ ਕਰੇਗੀ ਅਤੇ ਕੇਂਦਰ ਸਰਕਾਰ ਤੋਂ ਵੀ ਇਸ ਨੂੰ ਲੈ ਕੇ ਮਦਦ ਲਵੇਗੀ। ਦੇਸ਼ ਭਰ ਦੇ ਪੀ. ਡਬਲਯੂ. ਡੀ. ਮੰਤਰੀਆਂ ਦੀ ਇਕ ਕਾਨਫਰੰਸ 8 ਅਤੇ 9 ਸਤੰਬਰ ਨੂੰ ਬੈਂਗਲੁਰੂ ’ਚ ਹੋਣ ਜਾ ਰਹੀ ਹੈ।
ਇਹ ਵੀ ਪੜ੍ਹੋ : ਡੇਰਾ ਬਿਆਸ ਦੇ ਸਮਰਥਕਾਂ ਤੇ ਨਿਹੰਗ ਸਿੰਘਾਂ ਵਿਚਾਲੇ ਹੋਈ ਜ਼ਬਰਦਸਤ ਝੜਪ, ਚੱਲੇ ਇੱਟਾਂ-ਰੋੜੇ, ਮਾਹੌਲ ਤਣਾਅਪੂਰਨ
ਇਸ ਕਾਨਫਰੰਸ ’ਚ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਵੀ ਸ਼ਿਰਕਤ ਕਰਨਗੇ। ਇਸ ਕਾਨਫਰੰਸ ਦਾ ਏਜੰਡਾ ਵੀ ਸੜਕ ਪ੍ਰਬੰਧਨ ਬਾਰੇ ਹੀ ਹੈ। ਮੰਤਰੀ ਨੇ ਦੱਸਿਆ ਕਿ ਬੈਂਗਲੁਰੂ ਕਾਨਫਰੰਸ ’ਚ ਸੂਬਿਆਂ ’ਚ ਰਾਸ਼ਟਰੀ ਰਾਜਮਾਰਗ, ਹੋਰ ਸੜਕਾਂ ਤੇ ਵੱਖ-ਵੱਖ ਸੂਬਿਆਂ ’ਚ ਐੱਚ. ਏ. ਆਈ. ਦੇ ਟੋਲ ਪਲਾਜ਼ਿਆਂ ਬਾਰੇ ਚਰਚਾ ਕੀਤੀ ਜਾਵੇਗੀ। ਮੰਤਰੀ ਨੇ ਦੱਸਿਆ ਕਿ ਜੰਮੂ-ਕਟੜਾ ਐਕਸਪ੍ਰੈੱਸ ਹਾਈਵੇ ’ਚ ਜ਼ਮੀਨ ਐਕਵਾਇਰ ਕਰਨ ਦਾ ਕੰਮ ਚੱਲ ਰਿਹਾ ਹੈ, ਜੋ 60 ਫੀਸਦੀ ਹੋ ਚੁੱਕਾ ਹੈ। ਕੁਝ ਥਾਵਾਂ ’ਤੇ ਜੰਗਲਾਤ ਵਿਭਾਗ ਦੀ ਮਨਜ਼ੂਰੀ ਵੀ ਲਈ ਜਾ ਰਹੀ ਹੈ।ਜ਼ਮੀਨ ਐਕਵਾਇਰ ਹੋਣ ਤੋਂ ਬਾਅਦ ਐਕਸਪ੍ਰੈੱਸ ਹਾਈਵੇਅ ਦਾ ਕੰਮ ਸ਼ੁਰੂ ਹੋ ਜਾਵੇਗਾ। ਜ਼ਿਕਰਯੋਗ ਹੈ ਕਿ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਵੇਅ ਦੇਸ਼ ਦਾ ਸਭ ਤੋਂ ਲੰਬਾ ਐਕਸਪ੍ਰੈੱਸ ਵੇਅ ਹੈ, ਜਿਸ ਦੀ ਲੰਬਾਈ 668 ਕਿਲੋਮੀਟਰ ਹੈ ਅਤੇ ਇਹ ਮਾਰਗ ਹਰਿਆਣਾ, ਪੰਜਾਬ, ਜੰਮੂ ਤੇ ਕਸ਼ਮੀਰ ’ਚੋਂ ਗੁਜ਼ਰੇਗਾ। ਇਸ ਨੂੰ ਮਾਰਚ 2024 ਤੱਕ ਪੂਰਾ ਕੀਤਾ ਜਾਣਾ ਹੈ। ਕਟੜਾ ਐਕਸਪ੍ਰੈਸ ਵੇਅ ਮਾਰਗ ਦੀ ਪੰਜਾਬ ’ਚ ਲੰਬਾਈ 262 ਕਿਲੋਮੀਟਰ ਹੈ।
ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਸੁਖਪਾਲ ਖਹਿਰਾ ਤੇ ਰਾਜਾ ਵੜਿੰਗ ਖ਼ਿਲਾਫ ਹੋਈ FIR ਦਰਜ, ਜਾਣੋ ਕੀ ਹੈ ਪੂਰਾ ਮਾਮਲਾ