ਮੋਹਾਲੀ 'ਚ ਕੋਰੋਨਾ ਦੇ 3 ਹੋਰ ਨਵੇਂ ਕੇਸ ਆਏ ਸਾਹਮਣੇ

Sunday, Jun 07, 2020 - 10:15 PM (IST)

ਮੋਹਾਲੀ,(ਪਰਦੀਪ)- ਜ਼ਿਲੇ 'ਚ ਅੱਜ 3 ਮਰੀਜ਼ਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ। ਇਸ ਨਾਲ ਜਿਥੇ ਸਿਹਤ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਸਰਗਮਰੀ ਵਧੇਰੇ ਹੋ ਗਈ, ਉਥੇ ਮੋਹਾਲੀ ਜ਼ਿਲੇ 'ਚ ਕੁੱਲ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ 131 ਹੋ ਗਿਆ। ਜ਼ਿਲੇ 'ਚ ਅੱਜ ਦੁਪਹਿਰ ਵੇਲੇ ਇਕ 32 ਸਾਲਾ ਵਿਅਕਤੀ ਨਿਵਾਸੀ ਪਿੰਡ ਢਕੌਲੀ (ਜ਼ੀਰਕਪੁਰ) ਜ਼ਿਲਾ ਮੋਹਾਲੀ ਜੋ ਕਿ ਆਪਣੇ ਦੋਸਤਾਂ ਨਾਲ ਅੰਮ੍ਰਿਤਸਰ ਗਿਆ ਸੀ। ਫੋਟੋਗ੍ਰਾਫਰ ਵਜੋਂ ਕੰਮ ਕਰਦਾ ਇਹ ਵਿਅਕਤੀ 1 ਜੂਨ ਨੂੰ ਵਾਪਸ ਪਰਤਿਆ ਸੀ।
ਇਸੇ ਤਰ੍ਹਾਂ ਬਾਅਦ ਦੁਪਹਿਰ ਮੋਹਾਲੀ ਜ਼ਿਲੇ 'ਚੋਂ ਕੱਲ ਭੇਜੇ ਗਏ ਸੈਂਪਲਾਂ 'ਚੋਂ 2 ਹੋਰ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ। ਜ਼ਿਕਰਯੋਗ ਹੈ ਕਿ ਇਹ 57 ਸਾਲਾ ਪਾਜ਼ੇਟਿਵ ਮਰੀਜ਼ ਬੀਤੀ 5 ਜੂਨ ਨੂੰ ਪਾਜ਼ੇਟਿਵ ਆ ਚੁੱਕੇ ਵਿਅਕਤੀ ਦੀ ਪਤਨੀ ਹੈ। ਉਨ੍ਹਾਂ ਦਾ 30 ਸਾਲਾ ਪੁੱਤਰ ਇਹ ਦੋਵੇਂ ਮੋਹਾਲੀ ਸੈਕਟਰ-70 ਰਿਸ਼ੀ ਅਪਾਰਟਮੈਂਟ ਵਿਚ ਰਹਿੰਦੇ ਹਨ।
32 ਸਾਲਾ ਵਿਅਕਤੀ ਅੰਮ੍ਰਿਤਸਰ ਤੋਂ ਪਰਤਿਆ ਸੀ ਵਾਪਸ
ਸਿਵਲ ਸਰਜਨ ਮੋਹਾਲੀ ਡਾ. ਮਨਜੀਤ ਸਿੰਘ ਨੇ ਕਿਹਾ ਕਿ ਜਿਹੜੇ ਇਸ 32 ਸਾਲਾ ਵਿਅਕਤੀ ਨਾਲ ਅੰਮ੍ਰਿਤਸਰ ਗਏ ਸਨ, ਉਨ੍ਹਾਂ ਨੂੰ ਟਰੇਸ ਕੀਤਾ ਜਾ ਰਿਹਾ ਹੈ। ਡਾ. ਮਨਜੀਤ ਸਿੰਘ ਨੇ ਕਿਹਾ ਕਿ ਇਹ ਨੌਜਵਾਨ ਆਪਣੇ ਦੋਸਤਾਂ ਨਾਲ ਅੰਮ੍ਰਿਤਸਰ ਇਕ ਅਸਾਈਨਮੈਂਟ ਦੇ ਸਬੰਧ 'ਚ ਗਿਆ ਸੀ। ਇਸ ਤੋਂ ਇਲਾਵਾ ਹੋਰ ਜਿਹੜੇ ਵੀ ਪਾਜ਼ੇਟਿਵ ਗਿਆਨ ਸਾਗਰ ਹਸਪਤਾਲ ਵਿਖੇ ਜ਼ੇਰੇ ਇਲਾਜ ਹਨ, ਉਨ੍ਹਾਂ ਦਾ ਇਲਾਜ ਸਹੀ ਚੱਲ ਰਿਹਾ ਅਤੇ ਉਸ ਤੰਦਰੁਸਤ ਹਨ।
ਮਾਂ-ਪੁੱਤਰ ਦੇ ਸੈਂਪਲ ਪਾਜ਼ੇਟਿਵ ਆਏ
ਡਾ. ਮਨਜੀਤ ਸਿੰਘ ਨੇ ਕਿਹਾ ਕਿ ਅਸੀਂ 70 ਸੈਕਟਰ ਵਿਚਲੇ ਪਾਜ਼ੇਟਿਵ ਆਏ ਮਰੀਜ਼ ਦੇ 6 ਜੂਨ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਦੇ ਸੈਂਪਲ ਲਏ ਸਨ, ਜਿਨ੍ਹਾਂ 'ਚੋਂ ਉਸ ਵਿਅਕਤੀ ਦੀ 57 ਸਾਲਾ ਪਤਨੀ ਅਤੇ 30 ਸਾਲਾ ਪੁੱਤਰ ਦੇ ਸੈਂਪਲ ਪਾਜ਼ੇਟਿਵ ਪਾਏ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਪਾਜ਼ੇਟਿਵ ਮਰੀਜ਼ਾਂ ਨੂੰ ਗਿਆਨ ਸਾਗਰ ਹਸਪਤਾਲ ਬਨੂੰੜ ਵਿਖੇ ਭੇਜ ਦਿੱਤਾ ਗਿਆ ਹੈ। ਇਨ੍ਹਾਂ ਦੇ ਸੰਪਰਕ ਵਾਲਿਆਂ ਨੂੰ ਟਰੇਸ ਕੀਤਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਮੋਹਾਲੀ ਜ਼ਿਲੇ ਵਿਚ ਅੱਜ ਆਏ ਤਿੰਨ ਪਾਜ਼ੇਟਿਵ ਮਰੀਜ਼ਾਂ ਨੂੰ ਮਿਲਾ ਕੇ ਕੁੱਲ 131 ਕੇਸ ਹੋ ਗਏ ਅਤੇ ਜਿਨ੍ਹਾਂ ਵਿਚੋਂ 108 ਮਰੀਜ਼ ਤੰਦਰੁਸਤ ਹੋ ਕੇ ਆਪਣੇ ਘਰ ਪਰਤ ਚੁੱਕੇ ਹਨ, ਜਦਕਿ ਬਦਕਿਸਮਤੀ ਨਾਲ 3 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਹੁਣ ਮੋਹਾਲੀ ਜ਼ਿਲੇ 'ਚ ਕੁੱਲ 29 ਕੇਸ ਐਕਟਿਵ ਹਨ।


Bharat Thapa

Content Editor

Related News