ਸਹੁਰਾ ਪਰਿਵਾਰ ਨੇ ਜਵਾਈ ਤੇ ਉਸ ਦੇ ਭਰਾ ''ਤੇ ਕੀਤਾ ਜਾਨਲੇਵਾ ਹਮਲਾ

Thursday, Aug 03, 2017 - 05:52 AM (IST)

ਸਹੁਰਾ ਪਰਿਵਾਰ ਨੇ ਜਵਾਈ ਤੇ ਉਸ ਦੇ ਭਰਾ ''ਤੇ ਕੀਤਾ ਜਾਨਲੇਵਾ ਹਮਲਾ

ਮੁੱਲਾਂਪੁਰ ਦਾਖਾ,  (ਕਾਲੀਆ)-  ਲਵ ਮੈਰਿਜ ਕਰਵਾਉਣ 'ਤੇ ਪਿਛਲੇ ਲੰਮੇ ਸਮੇਂ ਤੋਂ ਰੰਜਿਸ਼ ਕਾਰਨ ਪਿੰਡ ਰਕਬਾ ਵਿਖੇ ਸਹੁਰੇ ਪਰਿਵਾਰ ਵੱਲੋਂ ਆਪਣੇ ਜਵਾਈ ਅਤੇ ਉਸ ਦੇ ਭਰਾ 'ਤੇ ਜਾਨਲੇਵਾ ਹਮਲਾ ਕਰਨ 'ਤੇ ਥਾਣਾ ਦਾਖਾ ਦੀ ਪੁਲਸ ਨੇ ਪੀੜਤ ਕਮਲਜੀਤ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਰਕਬਾ ਦੇ ਬਿਆਨਾਂ 'ਤੇ ਸਹੁਰਾ ਸੁਜਾਨ ਸਿੰਘ, ਸੱਸ ਕੁਲਵੰਤ ਕੌਰ, ਸਾਲਾ ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ ਅਤੇ ਅਮਰ ਸਿੰਘ ਵਾਸੀ ਪਿੰਡ ਰਕਬਾ ਵਿਰੁੱਧ ਜ਼ੇਰੇ ਧਾਰਾ 326, 324, 323, 342, 341, 148, 149 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ, ਜਦਕਿ ਪੀੜਤ ਕਮਲਜੀਤ ਸਿੰਘ ਅਤੇ ਉਸ ਦਾ ਭਰਾ ਸਰਕਾਰੀ ਹਸਪਤਾਲ ਸੁਧਾਰ ਵਿਖੇ ਦਾਖਲ ਹੈ।  ਪੀੜਤ ਜਵਾਈ ਕਮਲਜੀਤ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੋਸ਼ ਲਾਇਆ ਕਿ ਸਾਡੇ ਘਰ ਦੇ ਸਾਹਮਣੇ ਰਹਿਣ ਵਾਲੀ ਲੜਕੀ ਸੁਖਵਿੰਦਰ ਕੌਰ ਪੁੱਤਰੀ ਸੁਜਾਨ ਸਿੰਘ ਵਾਸੀ ਪਿੰਡ ਰਕਬਾ ਨਾਲ ਉਸ ਨੇ 2009 'ਚ ਕੋਰਟ ਮੈਰਿਜ ਕਰਵਾ ਲਈ ਸੀ, ਜਿਸ ਕਰ ਕੇ ਸੁਖਵਿੰਦਰ ਕੌਰ ਦੇ ਮਾਤਾ-ਪਿਤਾ ਅਤੇ ਭਰਾ ਸਾਡੇ ਨਾਲ ਰੰਜਿਸ਼ ਰੱਖਣ ਲੱਗ ਪਏ, ਜਿਸ ਕਾਰਨ ਮੈਂ ਅਤੇ ਮੇਰੀ ਪਤਨੀ ਸੁਖਵਿੰਦਰ ਕੌਰ ਘਰੋਂ ਚਲੇ ਗਏ ਅਤੇ ਵੱਖ-ਵੱਖ ਥਾਵਾਂ 'ਤੇ ਲੁਕ ਕੇ ਰਹਿੰਦੇ ਰਹੇ। ਸਾਲ 2010 ਵਿਚ ਮੇਰੀ ਪਤਨੀ ਨੇ ਇਕ ਲੜਕੇ ਨੂੰ ਜਨਮ ਦਿੱਤਾ, ਜਿਸ ਦੀ ਉਮਰ 7 ਸਾਲ ਹੈ। ਮਾਰਚ 2011 ਨੂੰ ਮੇਰੀ ਪਤਨੀ ਸੁਖਵਿੰਦਰ ਕੌਰ ਦੀ ਮੌਤ ਹੋ ਗਈ। ਹੁਣ ਮੈਂ ਕਰੀਬ ਇਕ ਸਾਲ ਤੋਂ ਗੁਰਦੁਆਰਾ ਬਾਬਾ ਦੀਪ ਸਿੰਘ ਪਿੰਡ ਸਲਪਾਣੀ ਜ਼ਿਲਾ ਕੁਰੂਕਸ਼ੇਤਰ ਹਰਿਆਣਾ ਵਿਖੇ ਆਪਣੇ ਬੱਚੇ ਸਮੇਤ ਰਹਿ ਰਿਹਾ ਹਾਂ। ਪਿਛਲੇ ਕੁਝ ਦਿਨਾਂ ਤੋਂ ਪਿੰਡ ਰਕਬਾ ਵਿਖੇ ਰਹਿੰਦੀ ਮੇਰੀ ਮਾਂ ਬੀਮਾਰ ਸੀ, ਜਿਸ ਦਾ ਪਤਾ ਲੈਣ ਲਈ ਆਪਣੇ ਬੱਚੇ ਸਿਮਰਨਜੀਤ ਸਿੰਘ ਦੇ ਨਾਲ ਪਿੰਡ ਰਕਬਾ ਵਿਖੇ 30 ਜੁਲਾਈ 17 ਨੂੰ ਆਇਆ ਸੀ ਅਤੇ ਸ਼ਾਮੀ ਕਰੀਬ 7:30 ਵਜੇ ਜਦੋਂ ਆਪਣੀ ਮਾਰੂਤੀ ਕਾਰ ਵਿਚ ਵਾਪਸ ਜਾਣ ਲੱਗਿਆ ਤਾਂ ਮੇਰੇ ਸਹੁਰਾ ਪਰਿਵਾਰ ਸੱਸ, ਸਹੁਰਾ ਅਤੇ ਸਾਲਿਆਂ ਨੇ ਹਮ ਮਸ਼ਵਰਾ ਹੋ ਕੇ ਮੇਰੇ 'ਤੇ ਤੇਜ਼ਧਾਰ ਹਥਿਆਰਾਂ ਅਤੇ ਰਾਡਾਂ ਨਾਲ ਹਮਲਾ ਕਰ ਦਿੱਤਾ ਅਤੇ ਮੈਨੂੰ ਘੜੀਸ ਕੇ ਆਪਣੇ ਘਰ ਅੰਦਰ ਲੈ ਗਏ ਅਤੇ ਬੇਰਹਿਮੀ ਨਾਲ ਕੁੱਟਮਾਰ ਕੀਤੀ। ਰੌਲਾ ਸੁਣ ਕੇ ਮੇਰਾ ਭਰਾ ਕਰਮਜੀਤ ਸਿੰਘ ਮੈਨੂੰ ਛੁਡਾਉਣ ਆਇਆ ਤਾਂ ਉਨ੍ਹਾਂ ਨੇ ਉਸ 'ਤੇ ਵੀ ਧਾਵਾ ਬੋਲ ਦਿੱਤਾ। ਏ. ਐੱਸ. ਆਈ. ਹਰਪ੍ਰੀਤ ਸਿੰਘ ਇਸ ਸਾਰੇ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਹਮਲਾਵਰਾਂ ਨੂੰ ਗ੍ਰਿਫਤਾਰ ਕਰਨ ਲਈ ਪੁਲਸ ਵੱਲੋਂ ਛਾਪੇਮਾਰੀ ਜਾਰੀ ਹੈ। ਸੂਤਰਾਂ ਅਨੁਸਾਰ ਪੁਲਸ ਨੇ ਦੋ ਹਮਲਾਵਰਾਂ ਨੂੰ ਕਾਬੂ ਕਰ ਲਿਆ ਪਰ ਪੁਲਸ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ।


Related News