ਸਹੁਰੇ ਪਰਿਵਾਰ ਤੋਂ ਤੰਗ ਨਵ-ਵਿਆਹੁਤਾ ਨੇ ਚੌਥੀ ਮੰਜ਼ਿਲ ਤੋਂ ਮਾਰੀ ਛਾਲ
Friday, Sep 03, 2021 - 06:09 PM (IST)
ਰਾਜਪੁਰਾ (ਚਾਵਲਾ, ਨਿਰਦੋਸ਼) : ਰਾਜਪੁਰਾ ਵਾਸੀ ਕੁੜੀ ਜਿਸ ਦਾ ਵਿਆਹ ਲਗਭਗ 7 ਮਹੀਨੇ ਪਹਿਲਾਂ ਜ਼ਿਲ੍ਹਾ ਕਪੂਰਥਲਾ ਸੁਲਤਾਨਪੁਰ ਲੋਧੀ ਦੇ ਇਕ ਪਿੰਡ ਵਿਚ ਹੋਇਆ ਸੀ ਅਤੇ ਉਸ ਨੂੰ ਪਤੀ ਸਮੇਤ ਸਹੁਰੇ ਪਰਿਵਾਰ ਵਲੋਂ ਰੋਜ਼ਾਨਾ ਵੱਧ ਦਹੇਜ ਲਿਆਉਣ ਦੀ ਮੰਗ ਨੂੰ ਲੈ ਕੇ ਪ੍ਰੇਸ਼ਾਨ ਕੀਤਾ ਜਾਂਦਾ ਸੀ ਨੇ ਘਰ ਦੀ ਚੌਥੀ ਮੰਜ਼ਲ ਤੋਂ ਛਾਲ ਮਾਰ ਦਿੱਤੀ। ਫਿਲਹਾਲ ਪੀੜਤ ਕੁੜੀ ਦਾ ਰਾਜਪੁਰਾ ਦੇ ਇਕ ਨਿੱਜੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ ਅਤੇ ਸਿਟੀ ਪੁਲਸ ਨੇ ਪੀੜਤਾ ਦੇ ਬਿਆਨਾਂ ਦੇ ਆਧਾਰ ’ਤੇ ਉਸ ਦੇ ਪਤੀ, ਸਹੁਰੇ ਅਤੇ ਨਨਾਣ ਵਿਰੁੱਧ ਕੇਸ ਦਰਜ ਕੀਤਾ ਹੈ। ਹਸਪਤਾਲ ਵਿਚ ਇਲਾਜ ਲਈ ਦਾਖਲ ਪੀੜਤਾ ਪ੍ਰਭਜੋਤ ਕੌਰ ਵਾਸੀ ਧਰਮਪੁਰਾ ਕਾਲੋਨੀ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਉਸ ਦਾ ਵਿਆਹ ਲਗਭਗ ਸੱਤ ਮਹੀਨੇ ਪਹਿਲਾਂ ਪਿੰਡ ਖਾਸ ਲੋਹੀਆ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਵਿਚ ਲਖਵਿੰਦਰ ਸਿੰਘ ਦੇ ਨਾਲ ਹੋਇਆ ਸੀ।
ਉਕਤ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਉਸ ਦਾ ਪਤੀ ਅਤੇ ਉਸ ਦੇ ਸਹੁਰੇ ਪਰਿਵਾਰ ਦੇ ਲੋਕ ਉਸ ਨੂੰ ਏ. ਸੀ., ਕਾਰ ਆਦਿ ਨਾ ਲਿਆਉਣ ਅਤੇ ਦਹੇਜ ਵਿਚ ਘੱਟ ਸੋਨਾ ਅਤੇ ਹੋਰ ਸਮਾਨ ਆਦਿ ਲਿਆਉਣ ਨੂੰ ਲੈ ਕੇ ਰੋਜ਼ਾਨਾ ਕੁੱਟਮਾਰ ਕਰਕੇ ਪਰੇਸ਼ਾਨ ਕਰਦੇ ਸਨ, ਜਿਸ ਤੋਂ ਪਰੇਸ਼ਾਨ ਹੋ ਕੇ ਉਹ ਆਪਣੇ ਪੇਕੇ ਰਾਜਪੁਰਾ ਵਿਚ ਆ ਗਈ ਅਤੇ ਬੀਤੇ ਦਿਨ ਪਰੇਸ਼ਾਨੀ ਦੀ ਹਾਲਤ ਵਿਚ ਉਸ ਨੇ ਘਰ ਦੀ ਚੌਥੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਪੀੜਤਾ ਦੇ ਬਿਆਨਾਂ ਦੇ ਆਧਾਰ ’ਤੇ ਸਿਟੀ ਪੁਲਸ ਨੇ ਉਸ ਦੇ ਪਤੀ ਲਖਵਿੰਦਰ ਸਿੰਘ, ਸਹੁਰੇ ਬਲਦੇਵ ਸਿੰਘ ਅਤੇ ਨਨਾਣ ਸੁਖਵਿੰਦਰ ਕੌਰ ਦੇ ਵਿਰੁੱਧ ਆਈ. ਪੀ. ਸੀ. ਦੀ ਵੱਖ-ਵੱਖ ਧਾਰਾਵਾਂ ਦੇ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੰਤੀ ਹੈ।