ਜਲੰਧਰ ਜ਼ਿਲ੍ਹੇ 'ਚ ਕੁਸ਼ਟ ਆਸ਼ਰਮ ਦੇ ਲੋਕਾਂ ਸਮੇਤ 66 ਦੀ ਰਿਪੋਰਟ ਪਾਜ਼ੇਟਿਵ, 1 ਦੀ ਮੌਤ

Monday, Aug 17, 2020 - 02:33 PM (IST)

ਜਲੰਧਰ ਜ਼ਿਲ੍ਹੇ 'ਚ ਕੁਸ਼ਟ ਆਸ਼ਰਮ ਦੇ ਲੋਕਾਂ ਸਮੇਤ 66 ਦੀ ਰਿਪੋਰਟ ਪਾਜ਼ੇਟਿਵ, 1 ਦੀ ਮੌਤ

ਜਲੰਧਰ (ਰੱਤਾ) : ਦੁਨੀਆ ਦੇ ਕਈ ਦੇਸ਼ਾਂ 'ਚ ਹੁਣ ਤੱਕ ਲੱਖਾਂ ਲੋਕਾਂ ਨੂੰ ਆਪਣੀ ਲਪੇਟ 'ਚ ਲੈਣ ਵਾਲਾ ਕੋਰੋਨਾ ਜਿੱਥੇ ਪੂਰੀ ਤਰ੍ਹਾਂ ਬੇਕਾਬੂ ਹੋ ਚੁੱਕਾ ਹੈ, ਉਥੇ ਹੀ ਜ਼ਿਆਦਾਤਰ ਲੋਕ ਅਜੇ ਵੀ ਇਸ ਵਾਇਰਸ ਨੂੰ ਬਹੁਤ ਹਲਕੇ 'ਚ ਲੈ ਰਹੇ ਹਨ। ਇਸੇ ਕਰਕੇ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਦਾ ਗ੍ਰਾਫ ਦਿਨ-ਬ-ਦਿਨ ਉੱਚ ਹੁੰਦਾ ਜਾ ਰਿਹਾ ਹੈ। ਅੱਜ ਵੀ ਜਲੰਧਰ ਜ਼ਿਲ੍ਹੇ 'ਚ ਕੋਰੋਨਾ ਦੇ 66 ਕੇਸ ਸਾਹਮਣੇ ਆਏ ਹਨ। ਅੱਜ ਆਏ ਪਾਜ਼ੇਟਿਵ ਕੇਸਾਂ 'ਚ ਕੁਸ਼ਟ ਆਸ਼ਰਮ ਦੇ 12 ਲੋਕ, ਪੁਲਸ ਥਾਣਾ ਫਿਲੌਰ ਦੇ ਕੁਝ ਕਰਮਾਚਾਰੀ ਅਤੇ ਨਕੋਦਰ 'ਚ ਪੈਂਦੇ ਪਿੰਡ ਸਰੀਂਹ ਦੇ ਕਈ ਲੋਕ ਸ਼ਾਮਲ ਹਨ। ਇਸ ਦੇ ਨਾਲ ਹੀ ਫਿਲੌਰ ਨਿਵਾਸੀ ਦੀ ਕੋਰੋਨਾ ਕਾਰਨ ਮੌਤ ਵੀ ਹੋ ਗਈ ਹੈ। 

ਇਹ ਵੀ ਪੜ੍ਹੋ : ਕਪੂਰਥਲਾ: ਡਾਕਘਰ 'ਚ ਕੰਮ ਕਰਦੀ ਬੀਬੀ ਸਣੇ 17 ਲੋਕਾਂ ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ

2 ਦਿਨਾਂ 'ਚ 150 ਨੂੰ ਮਿਲੀ ਛੁੱਟੀ ਅਤੇ 560 ਦੀ ਿਰਪੋਰਟ ਆਈ ਨੈਗੇਟਿਵ
ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਅਨੁਸਾਰ ਵੱਖ-ਵੱਖ ਹਸਪਤਾਲਾਂ 'ਚ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ 'ਚੋਂ 150 ਨੂੰ ਸ਼ਨੀਵਾਰ ਅਤੇ ਐਤਵਾਰ ਛੁੱਟੀ ਦੇ ਦਿੱਤੀ ਗਈ ਅਤੇ ਮਹਿਕਮੇ ਨੂੰ 560 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ।ਸਿਹਤ ਮਹਿਕਮੇ ਨੇ ਪਿਛਲੇ ਦੋ ਦਿਨਾਂ 'ਚ 1398 ਹੋਰ ਲੋਕਾਂ ਦੇ ਸੈਂਪਲ ਲੈ ਕੇ ਕੋਰੋਨਾ ਦੀ ਪੁਸ਼ਟੀ ਲਈ ਭੇਜੇ ਹਨ।

ਸਾਵਧਾਨ : ਪੂਰੀ ਤਰ੍ਹਾਂ ਬੇਕਾਬੂ ਹੋ ਚੁੱਕਿਆ ਕੋਰੋਨਾ 
ਜ਼ਿਲ੍ਹੇ 'ਚ ਹੁਣ ਤੱਕ ਕਈ ਸਰਕਾਰੀ ਦਫਤਰਾਂ ਅਤੇ ਬੈਂਕਾਂ 'ਚ ਫੈਲ ਚੁੱਕਾ ਕੋਰੋਨਾ ਵਾਇਰਸ ਹੁਣ ਸਿਵਲ ਸਰਜਨ ਦਫਤਰ 'ਚ ਵੀ ਆਪਣੇ ਪੈਰ ਪਸਾਰਦਾ ਜਾ ਰਿਹਾ ਹੈ। ਇਸ ਦਫਤਰ 'ਚ ਤਾਇਨਾਤ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਰਿਪੋਰਟ ਪਾਜ਼ੇਟਿਵ ਆਉਣ ਦੀ ਸੂਚਨਾ ਮਿਲੀ ਹੈ। ਇਸ ਦਫਤਰ 'ਚ ਹੁਣ ਤੱਕ ਜਿੱਥੇ 2 ਅਧਿਕਾਰੀਆਂ ਸਮੇਤ 11 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਸੀ, ਉੱਥੇ ਸ਼ਨੀਵਾਰ ਅਤੇ ਐਤਵਾਰ ਨੂੰ 4 ਹੋਰ ਕਰਮਚਾਰੀਆਂ ਦੀ ਰਿਪੋਰਟ ਪਾਜ਼ੇਟਿਵ ਆਉਣ ਨਾਲ ਇਸ ਦਫਤਰ 'ਚ ਕੰਮ ਰਹੇ 15 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆ ਚੁੱਕੀ ਹੈ ਪਰ ਫਿਰ ਵੀ ਦਫਤਰ ਦੇ ਉੱਚ ਅਧਿਕਾਰੀ ਇਸ ਪ੍ਰਤੀ ਗੰਭੀਰ ਨਹੀਂ ਹਨ।      

ਇਹ ਵੀ ਪੜ੍ਹੋ : ਜਲੰਧਰ ਜ਼ਿਲ੍ਹੇ 'ਚ ਕੋਰੋਨਾ ਨੇ ਧਾਰਿਆ ਭਿਆਨਕ ਰੂਪ, ਪੀੜਤਾਂ ਦਾ ਅੰਕੜਾ ਪੁੱਜਾ 4 ਹਜ਼ਾਰ ਤੋਂ ਪਾਰ

ਕੋਰੋਨਾ ਵਾਇਰਸ ਨਾਲ ਹੋਈ ਨੀਲਾਮਹਿਲ ਦੀ ਮੌਤ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਲਜੀਤ ਸਿੰਘ ਨੀਲਾਮਹਿਲ ਦਾ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ ਤੋਂ ਕੁਝ ਘੰਟਿਆਂ ਬਾਅਦ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਦੇਰ ਸ਼ਾਮ ਤੱਕ ਇਹ ਚਰਚਾ ਗਰਮਾਈ ਰਹੀ ਕਿ ਹੋ ਸਕਦਾ ਉਹ ਕੋਰੋਨਾ ਪਾਜ਼ੇਟਿਵ ਹੋਣ । ਬੇਸ਼ੱਕ, ਡਾਕਟਰੀ ਸੂਤਰਾਂ ਦੇ ਹਵਾਲੇ ਨਾਲ ਇਸ ਬਾਰੇ ਕੋਈ ਪੱਕੀ ਜਾਣਕਾਰੀ ਨਹੀਂ ਮਿਲ ਸਕੀ ਪਰ ਜਾਣਕਾਰਾਂ ਅਨੁਸਾਰ ਉਨ੍ਹਾਂ ਦੇ ਅੰਤਿਮ ਸਸਕਾਰ ਵਿਚ ਬਹੁਤ ਘੱਟ ਲੋਕ ਸ਼ਾਮਲ ਹੋਏ। ਅੰਤਿਮ ਸਸਕਾਰ ਵੀ ਪੀ.ਪੀ.ਟੀ. ਕਿੱਟਾਂ ਪਾਈ ਕੁਝ ਡਾਕਟਰਾਂ ਦੀ ਹਾਜ਼ਰੀ ਵਿਚ ਹੋਇਆ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬਲਜੀਤ ਸਿੰਘ ਨੀਲਾਮਹਿਲ ਦੇ ਸਸਕਾਰ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਵੀ ਕੋਰੋਨਾ ਟੈਸਟ ਕੀਤਾ ਗਿਆ ਹੈ। ਉਨ੍ਹਾਂ ਦੇ ਨੇੜਲੇ ਲੋਕਾਂ ਵਲੋਂ ਇਹ ਕਿਹਾ ਜਾ ਰਿਹਾ ਹੈ ਕਿ ਨੀਲਾਮਹਿਲ ਕੋਰੋਨਾ ਪਾਜ਼ੇਟਿਵ ਨਹੀਂ ਸੀ ਅਤੇ ਨਾ ਹੀ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦੀ ਜਾਂਚ ਕੀਤੀ ਗਈ ਹੈ ।

ਜਲੰਧਰ ਦੇ ਤਾਜ਼ਾ ਹਾਲਾਤ
ਕੁੱਲ ਸੈਂਪਲ : 55521
ਨੈਗੇਟਿਵ ਆਏ : 50244
ਪਾਜ਼ੇਟਿਵ ਆਏ : 4057
ਡਿਸਚਾਰਜ ਹੋਏ : 2619


author

Anuradha

Content Editor

Related News