ਗੈਰ-ਮਿਆਰੀ ਖਾਧ ਪਦਾਰਥ ਵੇਚਣ ਦੇ 37 ਮਾਮਲੇ ਆਏ ਸਾਹਮਣੇ

Thursday, Mar 29, 2018 - 11:10 PM (IST)

ਗੈਰ-ਮਿਆਰੀ ਖਾਧ ਪਦਾਰਥ ਵੇਚਣ ਦੇ 37 ਮਾਮਲੇ ਆਏ ਸਾਹਮਣੇ

ਨਵਾਂਸ਼ਹਿਰ (ਤ੍ਰਿਪਾਠੀ, ਮਨੋਰੰਜਨ)- ਜ਼ਿਲਾ ਸਿਹਤ ਵਿਭਾਗ ਵੱਲੋਂ ਬੀਤੇ ਸਮੇਂ ਭਰੇ ਖਾਧ ਪਦਾਰਥਾਂ ਦੇ ਸੈਂਪਲਾਂ 'ਤੇ ਕਾਰਵਾਈ ਕਰਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਦੀ ਅਦਾਲਤ ਨੇ ਮਿਆਰ ਤੋਂ ਘਟੀਆ ਪਾਏ ਗਏ 37 ਮਾਮਲਿਆਂ 'ਚ 2.18 ਲੱਖ ਰੁਪਏ ਦੇ ਜੁਰਮਾਨੇ ਸੁਣਾਏ ਹਨ। ਉਕਤ ਜਾਣਕਾਰੀ ਦਿੰਦੇ ਹੋਏ ਸਹਾਇਕ ਕਮਿਸ਼ਨਰ (ਫੂਡ) ਮਨੋਜ ਖੋਸਲਾ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਮਿਲਾਵਟੀ ਵਸਤਾਂ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ 
120 ਸੈਂਪਲਾਂ 'ਚ 33 ਫੇਲ, 40 ਦੇ ਨਤੀਜੇ ਆਉਣੇ ਬਾਕੀ
ਫੂਡ ਸੇਫਟੀ ਅਧਿਕਾਰੀ ਰਾਖੀ ਵਿਨਾਇਕ ਤੇ ਸੰਗੀਤਾ ਸਹਿਦੇਵ ਨੇ ਦੱਸਿਆ ਕਿ ਜਨਵਰੀ 2018 ਤੋਂ ਮਾਰਚ ਤੱਕ ਵਿਭਾਗ ਵੱਲੋਂ ਕੁੱਲ 120 ਸੈਂਪਲ ਭਰੇ ਗਏ ਗਏ, ਜਿਨ੍ਹਾਂ 'ਚੋਂ 33 ਸੈਂਪਲ ਫੇਲ ਪਾਏ ਗਏ ਹੈ, ਜਦਕਿ 40 ਦੇ ਨਤੀਜੇ ਆਉਣੇ ਹਾਲੇ ਬਾਕੀ ਹਨ। 
ਬਿਨਾਂ ਲਾਇਸੈਂਸ ਤੇ ਰਜਿਸਟ੍ਰੇਸ਼ਨ ਹੋ ਸਕਦੈ 5 ਲੱਖ ਤੱਕ ਦਾ ਜੁਰਮਾਨਾ ਤੇ 6 ਮਹੀਨੇ ਦੀ ਕੈਦ 
ਸਹਾਇਕ ਕਮਿਸ਼ਨਰ ਮਨੋਜ ਖੋਸਲਾ ਨੇ ਦੱਸਿਆ ਕਿ ਗੈਰ-ਮਿਆਰੀ ਪਦਰਥਾਂ ਦੀ ਵਿਕਰੀ ਕਰ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਵਿਕਰੇਤਾਵਾਂ ਖਿਲਾਫ਼ ਵੀ ਸਖਤੀ ਨਾਲ ਨਿਪਟਿਆ ਜਾਵੇਗਾ। ਬਿਨਾਂ ਲਾਇਸੈਂਸ ਕੰਮਕਾਜ ਕਰਨ ਵਾਲੇ ਨੂੰ ਕਾਨੂੰਨ ਤਹਿਤ 5 ਲੱਖ ਰੁਪਏ ਤੱਕ ਜੁਰਮਾਨਾ ਤੇ 6 ਮਹੀਨੇ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ, ਜਿਸ ਕਾਰਨ ਬਿਨਾਂ ਲਾਇਸੈਂਸ ਤੇ ਰਜਿਸਟ੍ਰੇਸ਼ਨ ਦੇ ਕੰਮਕਾਜ ਕਰਨ ਵਾਲੇ ਲੋਕ ਵਿਭਾਗ ਕੋਲੋਂ ਆਪਣੇ ਲਾਇਸੈਂਸ ਤੇ ਰਜਿਸਟ੍ਰੇਸ਼ਨ ਛੇਤੀ ਕਰਵਾਉਣ। 
ਕਿਹੜੇ ਦੁਕਾਨਦਾਰਾਂ ਤੇ ਵਿਕਰੇਤਾਵਾਂ ਨੂੰ ਹੋਇਆ ਜੁਰਮਾਨਾ  
ਉਨ੍ਹਾਂ ਮਾਣਯੋਗ ਵਧੀਕ ਡਿਪਟੀ ਕਮਿਸ਼ਨਰ ਦੀ ਅਦਾਲਤ ਵੱਲੋਂ ਸੁਣਾਏ ਗਏ ਜੁਰਮਾਨਿਆਂ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਵਨ ਜੂਸ ਬਾਰ ਨਵਾਂਸ਼ਹਿਰ ਨੂੰ ਗੈਰ-ਮਿਆਰੀ ਐਪਲ ਬੀਅਰ ਵੇਚਣ ਦੇ ਦੋਸ਼ ਤਹਿਤ 20 ਹਜ਼ਾਰ ਰੁਪਏ, ਦੱਤਾ ਸਵੀਟਸ ਲੰਗੜੋਆ ਨੂੰ ਗੈਰ-ਮਿਆਰੀ ਪਨੀਰ ਵੇਚਣ 'ਤੇ 10 ਹਜ਼ਾਰ, ਠੇਕੇਦਾਰ ਸਵੀਟਸ ਸ਼ਾਪ ਕਰਨਾਣਾ ਨੂੰ ਗੈਰ-ਮਿਆਰੀ ਕੁਲਫੀਆਂ ਵੇਚਣ 'ਤੇ 10 ਹਜ਼ਾਰ, ਨਿਊ ਸੈਣੀ ਸਵੀਟਸ ਉੜਾਪੜ ਨੂੰ ਗੈਰ-ਮਿਆਰੀ ਬਰਫੀ ਵੇਚਣ 'ਤੇ 11 ਹਜ਼ਾਰ, ਗੁਰਦਿਆਲ ਚੰਦਨ ਫੂਡ ਇੰਡਸਟਰੀ ਰੈਲ ਮਾਜਰਾ ਨੂੰ ਗੈਰ-ਮਿਆਰੀ ਦੇਸੀ ਘਿਉ ਵੇਚਣ 'ਤੇ 10 ਹਜ਼ਾਰ, ਵਰਮਾ ਕੰਫੈਕਸ਼ਨਰੀ ਨੂੰ ਮਿਸ ਬ੍ਰਾਂਡ ਨਮਕੀਨ ਵੇਚਣ 'ਤੇ 10 ਹਜ਼ਾਰ, ਪੈਰਿਸ ਹੋਟਲ ਨੂੰ ਗੈਰ-ਮਿਆਰੀ ਪਨੀਰ, ਐਕਸਪਾਇਰੀ ਛੋਲੇ ਮਸਾਲਾ ਤੇ ਮਿਸ ਬ੍ਰਾਂਡਿਡ ਡਿੰਕਿੰਗ ਚਾਕਲੇਟ ਵੇਚਣ ਦੇ ਦੋਸ਼ ਤਹਿਤ 30 ਹਜ਼ਾਰ, ਰਾਈਟ ਪ੍ਰਾਈਜ਼ ਸ਼ਾਪ ਜਾਡਲਾ ਨੂੰ ਗੈਰ-ਮਿਆਰੀ ਦਾਲਚੀਨੀ ਆਦਿ ਵੇਚਣ 'ਤੇ 8 ਹਜ਼ਾਰ, ਰਾਮ ਸਿੰਘ ਮੇਲਾ ਸਿੰਘ ਲੰਗੜੋਆ ਨੂੰ ਗੈਰ-ਮਿਆਰੀ ਮੁਰੱਬਾ ਵੇਚਣ 'ਤੇ 7 ਹਜ਼ਾਰ ਰੁਪਏ ਜੁਰਮਾਨਾ ਲਾਇਆ ਹੈ । ਸ਼੍ਰੀ ਖੋਸਲਾ ਨੇ ਦੱਸਿਆ ਕਿ ਇਸ ਦੇ ਇਲਾਵਾ ਨਛੱਤਰ ਸਿੰਘ ਦੋਧੀ ਪਿੰਡ ਗੜ੍ਹੀ ਕਾਨੂੰਗੋ ਨੂੰ ਗੈਰ-ਮਿਆਰੀ ਦੁੱਧ ਵੇਚਣ, ਮਦਨ ਲਾਲ ਕਰਿਆਨਾ ਮੁਜੱਫਰਪੁਰ ਤੇ ਬਣਵੈਤ ਸਵੀਟਸ ਸ਼ਾਪ ਨੂੰ ਮਿਸ ਬ੍ਰਾਂਡਿਡ ਨਮਕੀਨ ਵੇਚਣ, ਪ੍ਰੇਮ ਕਰਿਆਨਾ ਗੁਣਾਚੌਰ ਨੂੰ ਮਿਸ ਬ੍ਰਾਂਡਿਡ ਬਿਸਕੁਟ, ਫਰੈਂਡਜ਼ ਡੇਅਰੀ ਬੰਗਾ ਨੂੰ ਗੈਰ-ਮਿਆਰੀ ਦੁੱਧ, ਰਮੇਸ਼ ਕੁਮਾਰ ਦੋਧੀ ਨੂੰ ਗੈਰ-ਮਿਆਰੀ ਦੁੱਧ, ਕੁਲਦੀਪ ਸਿੰਘ ਨੂੰ ਮਿਸ ਬ੍ਰਾਂਡਿਡ ਸੇਵੀਆਂ, ਅਮਰ ਸਵੀਟਸ ਜਾਡਲਾ, ਸੋਨੂੰ ਸਵੀਟਸ ਕਰਿਆਮ, ਕ੍ਰਿਸ਼ਨਾ ਡੇਅਰੀ ਸਿਆਣਾ, ਹਰਬੰਸ ਲਾਲ ਪੁੱਤਰ ਰਤਨ ਚੰਦ, ਪਰਮਜੀਤ ਸਵੀਟਸ ਜਾਡਲਾ, ਹਰਬੰਸ ਲਾਲ ਕਾਠਗੜ੍ਹ, ਇੰਦਰਜੀਤ ਢਾਬਾ, ਚੌਧਰੀ ਕਰਿਆਨਾ ਸਟੋਰ ਨੂੰ ਗੈਰ-ਮਿਆਰੀ ਵਸਤੂਆਂ ਦੀ ਵਿਕਰੀ ਕਰਨ ਦੇ ਦੋਸ਼ ਤਹਿਤ 5-5 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ । ਸ਼੍ਰੀ ਖੋਸਲਾ ਨੇ ਦੱਸਿਆ ਕਿ ਸਿਮਰਨ ਡੇਅਰੀ ਔੜ, ਪ੍ਰਦੀਪ ਸਿੰਘ ਦੋਧੀ, ਪੰਜਾਬੀ ਚੁੱਲ੍ਹਾ, ਪਵਨ ਕੁਮਾਰ, ਨਰੇਸ਼ ਕੁਮਾਰ ਦੋਧੀ, ਸਾਹਿਬ ਢਾਬਾ, ਸ਼ਰਮਾ ਕਰਿਆਨਾ ਸਟੋਰ, ਮਦਨ ਲਾਲ ਦੋਧੀ, ਦਿਨੇਸ਼, ਗਿਰਧਾਰੀ, ਰਮਨ, ਢਾਬਾ, ਫਰੈਂਡਜ਼ ਡੇਅਰੀ, ਬੰਸੀ ਲਾਲ ਦੋਧੀ ਨੂੰ ਵੀ ਅਦਾਲਤ ਵੱਲੋਂ ਜੁਰਮਾਨਾ ਸੁਣਾਇਆ ਗਿਆ ਹੈ।


Related News