ਬਜਟ 'ਚ ਖੁੱਲ੍ਹਿਆ ਪੰਜਾਬ ਲਈ ਖਜ਼ਾਨੇ ਦਾ ਮੂੰਹ, 5147 ਕਰੋੜ ਦੇ ਪ੍ਰੋਜੈਕਟ ਮਨਜ਼ੂਰ

Thursday, Jul 25, 2024 - 06:37 PM (IST)

ਬਜਟ 'ਚ ਖੁੱਲ੍ਹਿਆ ਪੰਜਾਬ ਲਈ ਖਜ਼ਾਨੇ ਦਾ ਮੂੰਹ, 5147 ਕਰੋੜ ਦੇ ਪ੍ਰੋਜੈਕਟ ਮਨਜ਼ੂਰ

ਚੰਡੀਗੜ੍ਹ : ਸਾਲ 2024 ਦੇ ਬਜਟ ਵਿਚ ਦੇਸ਼ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪੰਜਾਬ ਦੇ ਰੇਲਵੇ ਬੁਨਿਆਦੀ ਢਾਂਚੇ, ਨੈੱਟਵਰਕ ਦੇ ਆਧੁਨਿਕੀਕਰਨ ਅਤੇ ਖੇਤਰੀ ਸੰਪਰਕ ਨੂੰ ਹੁਲਾਰਾ ਦਿੱਤਾ ਹੈ। ਬਜਟ ਵਿਚ ਪੰਜਾਬ ਦੇ ਰੇਲਵੇ ਪ੍ਰੋਜੈਕਟਾਂ ਲਈ 5,147 ਕਰੋੜ ਰੁਪਏ ਦਾ ਐਲਾਨ ਕੀਤਾ ਗਿਆ ਹੈ। 

ਪੰਜਾਬ ਲਈ ਔਸਤ ਰੇਲ ਬਜਟ ਖਰਚਾ 2009 ਤੋਂ 2014 ਤੱਕ ਕਾਂਗਰਸ ਦੇ ਦਿਨਾਂ ਦੌਰਾਨ 225 ਕਰੋੜ ਰੁਪਏ ਤੋਂ 23 ਗੁਣਾ ਵੱਧ ਕੇ ਭਾਜਪਾ ਦੀ ਤੀਜੀ ਕੇਂਦਰੀ ਸਰਕਾਰ ਦੇ ਮੌਜੂਦਾ ਵਿੱਤੀ ਸਾਲ (2024-25) ਵਿੱਚ 5,147 ਕਰੋੜ ਰੁਪਏ ਹੋ ਗਿਆ ਹੈ।

ਨਵੇਂ ਬਣਾਏ ਗਏ ਟਰੈਕਾਂ ਦੀ ਔਸਤ ਸਾਲਾਨਾ ਲੰਬਾਈ 2009 ਅਤੇ 2014 ਵਿਚਕਾਰ 29 ਕਿਲੋਮੀਟਰ ਤੋਂ ਵਧ ਕੇ 2014 ਅਤੇ 2024 ਦੇ ਵਿਚਕਾਰ 35 ਕਿਲੋਮੀਟਰ ਹੋ ਗਈ ਹੈ। ਬਿਜਲੀਕਰਨ ਵਿੱਚ ਨਾਟਕੀ ਢੰਗ ਨਾਲ ਸੁਧਾਰ ਹੋਇਆ ਹੈ, ਹਰ ਸਾਲ 163 ਕਿਲੋਮੀਟਰ ਟਰੈਕਾਂ ਦਾ ਬਿਜਲੀਕਰਨ ਕੀਤਾ ਜਾਂਦਾ ਹੈ, ਜਦਕਿ ਪਿਛਲੀ ਤੁਲਨਾ ਦੀ ਮਿਆਦ ਵਿੱਚ ਸਿਰਫ਼ 33 ਕਿਲੋਮੀਟਰ ਸੀ। ਪੰਜਾਬ ਨੇ 100% ਟਰੈਕ ਬਿਜਲੀਕਰਨ ਹਾਸਲ ਕਰ ਲਿਆ ਹੈ।

ਸੂਬੇ ਵਿੱਚ 12 ਨਿਰਮਾਣ ਅਧੀਨ ਟ੍ਰੈਕ 1,158 ਕਿਲੋਮੀਟਰ ਦੀ ਦੂਰੀ ਨੂੰ ਕਵਰ ਕਰਨਗੇ। ਇਨ੍ਹਾਂ ਪ੍ਰਾਜੈਕਟਾਂ ਵਿੱਚ 19,843 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਅਤੇ ਇਨ੍ਹਾਂ ਦੇ ਮੁਕੰਮਲ ਹੋਣ ਨਾਲ ਸੂਬੇ ਦੇ ਰੇਲਵੇ ਨੈੱਟਵਰਕ ਅਤੇ ਸੰਪਰਕ ਵਿੱਚ ਮਹੱਤਵਪੂਰਨ ਸੁਧਾਰ ਹੋਵੇਗਾ। ਰੇਲਵੇ ਪੰਜਾਬ ਭਰ ਵਿੱਚ 30 ਅੰਮ੍ਰਿਤ ਸਟੇਸ਼ਨ ਵਿਕਸਤ ਕਰੇਗਾ ਜਿਸ ਵਿੱਚ ਅਬੋਹਰ, ਅੰਮ੍ਰਿਤਸਰ, ਆਨੰਦਪੁਰ ਸਾਹਿਬ, ਬਿਆਸ, ਬਠਿੰਡਾ ਜੰਕਸ਼ਨ, ਢੰਡਾਰੀ ਕਲਾਂ, ਧੂਰੀ, ਫਾਜ਼ਿਲਕਾ, ਫ਼ਿਰੋਜ਼ਪੁਰ ਛਾਉਣੀ , ਗੁਰਦਾਸਪੁਰ , ਹੁਸ਼ਿਆਰਪੁਰ , ਜਲੰਧਰ ਕੈਂਟ ਜੰਕਸ਼ਨ , ਜਲੰਧਰ ਸਿਟੀ, ਕਪੂਰਥਲਾ , ਕੋਟਕਪੁਰਾ ਜੰਕਸ਼ਨ, ਲੁਧਿਆਣਾ ਜੰਕਸ਼ਨ , ਮਲੇਰਕੋਟਲਾ , ਮਾਨਸਾ, ਮੋਗਾ, ਸ੍ਰੀ ਮੁਕਤਸਰ ਸਾਹਿਬ , ਨੰਗਲ ਡੈਮ, ਪਠਾਨਕੋਟ ਕੈਂਟ , ਪਠਾਨਕੋਟ ਸਿਟੀ, ਪਟਿਆਲਾ, ਫਗਵਾੜਾ ਜੰਕਸ਼ਨ , ਫਿਲੌਰ ਜੰਕਸ਼ਨ , ਰੂਪਨਗਰ, ਸੰਗਰੂਰ, ਮੋਹਾਲੀ ਅਤੇ ਸਰਹਿੰਦ ਸਟੇਸ਼ਨ ਸ਼ਾਮਲ ਹੋਣਗੇ। 

ਯਾਤਰਾ ਦੇ ਅਨੁਭਵ ਨੂੰ ਵਧੇਰੇ ਆਰਾਮਦਾਇਕ ਅਤੇ ਕੁਸ਼ਲ ਬਣਾਉਣ ਲਈ ਉਨ੍ਹਾਂ ਦੀਆਂ ਯਾਤਰੀ ਸਹੂਲਤਾਂ ਅਤੇ ਸੇਵਾਵਾਂ ਨੂੰ ਅਪਗ੍ਰੇਡ ਕੀਤਾ ਜਾਵੇਗਾ। 

2014 ਤੋਂ, ਰੇਲਵੇ ਨੇ ਪੰਜਾਬ ਵਿਚ 366 ਫਲਾਈਓਵਰ ਅਤੇ ਬ੍ਰਿਜ ਬਣਾਏ ਹਨ। ਇਸ ਦੀ ਸਹਾਇਤਾ ਨਾਲ ਸੂਬੇ ਦੀ ਸੜਕ ਸੁਰੱਖਿਆ ਵਿਚ ਸੁਧਾਰ ਹੋਇਆ ਹੈ ਅਤੇ ਆਵਾਜਾਈ ਦੀ ਭੀੜ ਵੀ ਘੱਟ ਹੋਈ ਹੈ। 

ਪੰਜਾਬ ਵਿੱਚ 100 ਫੀਸਦੀ ਬਿਜਲੀਕਰਨ ਦਾ ਕੰਮ ਮੁਕੰਮਲ... 2014 ਤੋਂ 2024 ਤੱਕ 35 ਨਵੇਂ ਟਰੈਕ ਬਣਾਏ ਗਏ ਹਨ। ਇਸੇ ਤਰ੍ਹਾਂ 163 ਕਿਲੋਮੀਟਰ ਦੇ ਟ੍ਰੈਕ ਦੇ ਬਿਜਲੀਕਰਨ ਦਾ ਕੰਮ ਮੁਕੰਮਲ ਹੋ ਚੁੱਕਾ ਹੈ, ਜਿਸ ਕਾਰਨ ਪੰਜਾਬ ਵਿੱਚ ਹੁਣ 100 ਫੀਸਦੀ ਬਿਜਲੀਕਰਨ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਇਸੇ ਤਰ੍ਹਾਂ 2014 ਤੋਂ ਹੁਣ ਤੱਕ 366 ਰੇਲਵੇ ਫਲਾਈਓਵਰ ਅਤੇ ਅੰਡਰ ਬ੍ਰਿਜ ਵੀ ਬਣਾਏ ਜਾ ਚੁੱਕੇ ਹਨ। ਅੰਬਾਲਾ ਕੈਂਟ ਰੇਲਵੇ ਸਟੇਸ਼ਨ ਨੂੰ ਲਗਭਗ 500 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਰੂਪ ਦਿੱਤਾ ਜਾਵੇਗਾ। ਆਰ.ਐਲ.ਡੀ ਨੇ ਆਪਣੀ ਰਿਪੋਰਟ ਤਿਆਰ ਕਰਕੇ ਡਿਵੀਜ਼ਨਲ ਰੇਲਵੇ ਮੈਨੇਜਰ ਨੂੰ ਦਿਖਾਈ ਹੈ, ਜਿਸ ਨੂੰ ਹੁਣ ਪ੍ਰਵਾਨਗੀ ਲਈ ਰੇਲਵੇ ਬੋਰਡ ਨੂੰ ਭੇਜ ਦਿੱਤਾ ਗਿਆ ਹੈ।
 


author

Harinder Kaur

Content Editor

Related News