ਲਤੀਫਪੁਰਾ ’ਚ ਨਾਜਾਇਜ਼ ਕਬਜ਼ਿਆਂ 'ਤੇ ਕਾਰਵਾਈ ਦੂਜੇ ਦਿਨ ਵੀ ਰਹੀ ਜਾਰੀ, ਲੋਕ ਖੁੱਲ੍ਹੇ ਆਸਮਾਨ ਹੇਠ ਰਹਿਣ ਨੂੰ ਮਜਬੂਰ

Sunday, Dec 11, 2022 - 01:28 PM (IST)

ਲਤੀਫਪੁਰਾ ’ਚ ਨਾਜਾਇਜ਼ ਕਬਜ਼ਿਆਂ 'ਤੇ ਕਾਰਵਾਈ ਦੂਜੇ ਦਿਨ ਵੀ ਰਹੀ ਜਾਰੀ, ਲੋਕ ਖੁੱਲ੍ਹੇ ਆਸਮਾਨ ਹੇਠ ਰਹਿਣ ਨੂੰ ਮਜਬੂਰ

ਜਲੰਧਰ (ਚੋਪੜਾ)–ਮਾਡਲ ਟਾਊਨ ਦੇ ਨਾਲ ਲੱਗਦੇ ਲਤੀਫਪੁਰਾ ਵਿਚ ਨਾਜਾਇਜ਼ ਕਬਜ਼ਿਆਂ ’ਤੇ ਸ਼ਨੀਵਾਰ ਦੂਜੇ ਦਿਨ ਵੀ ਕਾਰਵਾਈ ਜਾਰੀ ਰਹੀ। ਬੀਤੇ ਦਿਨੀਂ ਲਤੀਫਪੁਰਾ ਦੇ ਘਰਾਂ ਨੂੰ ਢਹਿ-ਢੇਰੀ ਕਰਨ ਦੀ ਕਾਰਵਾਈ ਹਨੇਰਾ ਹੋਣ ਕਾਰਨ ਦੇਰ ਸ਼ਾਮ ਰੋਕਣੀ ਪਈ ਸੀ। ਇੰਪਰੂਵਮੈਂਟ ਟਰੱਸਟ ਦੇ ਅਧਿਕਾਰੀ ਸ਼ਨੀਵਾਰ ਸਵੇਰੇ ਨਗਰ ਨਿਗਮ ਦੀ ਮਸ਼ੀਨਰੀ ਨਾਲ ਦੋਬਾਰਾ ਇਲਾਕੇ ਵਿਚ ਪੁੱਜੇ ਅਤੇ ਜਿਹੜੇ ਕਬਜ਼ੇ ਤੋੜਨੇ ਬਾਕੀ ਰਹਿ ਗਏ ਸਨ, ਉਨ੍ਹਾਂ ’ਤੇ ਕਾਰਵਾਈ ਨੂੰ ਅੰਜਾਮ ਦਿੱਤਾ। ਇਸ ਤੋਂ ਇਲਾਵਾ ਜਿਹੜੀਆਂ ਦੁਕਾਨਾਂ ਅਤੇ ਘਰ ਤੋੜੇ ਗਏ, ਉਨ੍ਹਾਂ ਦਾ ਮਲਬਾ ਨਿਗਮ ਨੇ ਟਰੱਕਾਂ ਅਤੇ ਟਰਾਲੀਆਂ ਵਿਚ ਲੱਦ ਕੇ ਚੁਕਵਾਇਆ।

ਉਥੇ ਹੀ, ਜਿਹੜੇ ਲੋਕਾਂ ਦੇ ਘਰਾਂ ਨੂੰ ਤੋੜਿਆ ਗਿਆ, ਉਨ੍ਹਾਂ ਪਰਿਵਾਰਾਂ ਦੇ ਬਜ਼ੁਰਗ, ਔਰਤਾਂ ਅਤੇ ਮਰਦ ਆਪਣੇ ਛੋਟੇ-ਛੋਟੇ ਬੱਚਿਆਂ ਨਾਲ ਮਲਬੇ ਦੇ ਉੱਪਰ ਹੀ ਖੁੱਲ੍ਹੇ ਆਸਮਾਨ ਹੇਠ ਰਹਿਣ ਨੂੰ ਮਜਬੂਰ ਹੋ ਰਹੇ ਹਨ। ਲੋਕਾਂ ਦਾ ਉਨ੍ਹਾਂ ਦੇ ਘਰ ਤੋੜਨ ਕਰ ਕੇ ਰੋ-ਰੋ ਕੇ ਬੁਰਾ ਹਾਲ ਹੈ। ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਚੀਕਾਂ ਕਾਰਨ ਮਾਹੌਲ ਬੇਹੱਦ ਗਮਗੀਨ ਬਣਿਆ ਰਿਹਾ। ਲਤੀਫਪੁਰਾ ਵਿਚ ਲੋਕਾਂ ਦੇ ਹਾਲਾਤ ਇੰਨੇ ਬਦਤਰ ਹੋ ਗਏ ਹਨ ਕਿ ਉਹ ਪਸ਼ੂਆਂ ਅਤੇ ਗੰਦਗੀ ਦੇ ਵਿਚਕਾਰ ਹੀ ਰਹਿ ਰਹੇ ਹਨ। ਪਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਇੰਪਰੂਵਮੈਂਟ ਟਰੱਸਟ ਵੱਲੋਂ ਪ੍ਰਭਾਵਿਤ ਲੋਕਾਂ ਨੂੰ ਕੋਈ ਸਹਾਇਤਾ ਨਹੀਂ ਮਿਲ ਰਹੀ, ਜਿਸ ਕਾਰਨ ਉਕਤ ਲੋਕਾਂ ਵਿਚ ਹੀ ਨਹੀਂ, ਸਗੋਂ ਆਮ ਜਨਤਾ ਵਿਚ ਵੀ ‘ਆਪ’ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਇੰਪਰੂਵਮੈਂਟ ਟਰੱਸਟ ਖ਼ਿਲਾਫ਼ ਰੋਹ ਵਧ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਟਰੱਸਟ ਨੇ ਜ਼ਮੀਨ ਦਾ ਕਬਜ਼ਾ ਲੈਣਾ ਹੀ ਸੀ ਤਾਂ ਪਹਿਲਾਂ 70 ਸਾਲਾਂ ਤੋਂ ਉਥੇ ਰਹਿ ਰਹੇ ਲੋਕਾਂ ਦੇ ਅਸਥਾਈ ਤੌਰ ’ਤੇ ਰਹਿਣ ਅਤੇ ਖਾਣ-ਪੀਣ ਦਾ ਸਮੁੱਚਾ ਪ੍ਰਬੰਧ ਕਰਦਾ। ਲਤੀਫਪੁਰਾ ਨਿਵਾਸੀਆਂ ਨੇ ਦੋਸ਼ ਲਾਏ ਕਿ ਸਿਆਸਤਦਾਨਾਂ, ਭੂ-ਮਾਫ਼ੀਆ ਅਤੇ ਟਰੱਸਟ ਅਧਿਕਾਰੀਆਂ ਦੇ ਨੈਕਸਸ ਨੇ ਹੀ ਉਨ੍ਹਾਂ ਦੇ ਘਰਾਂ ਨੂੰ ਉਜਾੜਿਆ ਹੈ ਕਿਉਂਕਿ ਉਨ੍ਹਾਂ ਕੋਲ ਜ਼ਮੀਨ ਖਾਲੀ ਕਰਵਾ ਕੇ ਭੂ-ਮਾਫ਼ੀਆ ਇਸ ’ਤੇ ਕਬਜ਼ਾ ਕਰਨ ਦੀ ਫਿਰਾਕ ਵਿਚ ਹੈ।

ਇਹ ਵੀ ਪੜ੍ਹੋ : CM ਭਗਵੰਤ ਮਾਨ ਦਾ ਬਿਆਨ, ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ ਤਾਂ ਉਹ ਡਰੱਗਜ਼ ਛੱਡ ਦੇਣਗੇ

PunjabKesari

ਖਾਣ-ਪੀਣ ਦਾ ਸਾਮਾਨ ਨਹੀਂ ਚਾਹੀਦਾ, ਬਾਕੀ ਬਚੀ ਜ਼ਮੀਨ ’ਤੇ ਛੱਤ ਬਣਾਉਣ ਲਈ ਕਰੋ ਸਹਾਇਤਾ
ਲਤੀਫਪੁਰਾ ਨਿਵਾਸੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਖਾਣ-ਪੀਣ ਦੇ ਸਾਮਾਨ ਦੀ ਲੋੜ ਨਹੀਂ, ਸਗੋਂ ਸਮਾਜ-ਸੇਵੀ ਸੰਸਥਾਵਾਂ ਅਤੇ ਹੋਰ ਸਹਾਇਤਾ ਲਈ ਅੱਗੇ ਆਉਣ ਵਾਲੇ ਲੋਕ ਉਨ੍ਹਾਂ ਦੀ ਛੱਤ ਬਣਾਉਣ ਵਿਚ ਸਹਾਇਤਾ ਕਰਨ। ਲੋਕਾਂ ਦਾ ਕਹਿਣਾ ਹੈ ਕਿ ਟਰੱਸਟ ਵੱਲੋਂ ਉਨ੍ਹਾਂ ਦੇ ਘਰਾਂ ਨੂੰ ਤੋੜ ਕੇ ਜ਼ਮੀਨ ਦਾ ਕਬਜ਼ਾ ਲੈਣ ਤੋਂ ਬਾਅਦ ਜਿਹੜੀ ਜ਼ਮੀਨ ਬਾਕੀ ਬਚੀ ਹੈ, ਉਸ ’ਤੇ ਉਹ ਲੋਕ 1-1 ਮਰਲੇ ਦੇ ਘਰ ਬਣਾ ਕੇ ਰਹਿ ਲੈਣਗੇ। ਲੋਕਾਂ ਦਾ ਕਹਿਣਾ ਹੈ ਕਿ ਟਰੱਸਟ ਅਧਿਕਾਰੀਆਂ ਨੇ ਉਨ੍ਹਾਂ ਨੂੰ ਸਾਫ਼ ਕੀਤਾ ਹੈ ਕਿ ਲਤੀਫਪੁਰਾ ਦੀ ਜਿਹੜੀ ਜ਼ਮੀਨ ਬਾਕੀ ਬਚ ਗਈ ਹੈ, ਉਸ ਨਾਲ ਟਰੱਸਟ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਨੂੰ ਘਰ ਬਣਾਉਣ ਲਈ ਸੀਮੈਂਟ ਅਤੇ ਸਰੀਏ ਦੀ ਲੋੜ ਹੈ। ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਵੀ ਮੰਗ ਕਰਦੇ ਹਨ ਕਿ ਉਨ੍ਹਾਂ ਨੂੰ ਸਿਰ ਲੁਕਾਉਣ ਲਈ ਸਰਕਾਰ ਤੁਰੰਤ ਕੋਈ ਸਹਾਇਤਾ ਦੇਵੇ।

PunjabKesari

ਚੋਰਾਂ ਨੇ ਮਨੁੱਖਤਾ ਨੂੰ ਕੀਤਾ ਸ਼ਰਮਸਾਰ, ਖੁੱਲ੍ਹੇ ਆਸਮਾਨ ਹੇਠ ਪਏ ਸਾਮਾਨ ਨੂੰ ਵੀ ਨਹੀਂ ਬਖ਼ਸ਼ਿਆ
ਲਤੀਫਪੁਰਾ ਵਿਚ ਨਾਜਾਇਜ਼ ਕਬਜ਼ਿਆਂ ਨੂੰ ਤੋੜਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਬਾਅਦ ਲੋਕਾਂ ਨੇ ਆਪਣੇ ਘਰਾਂ ਵਿਚ ਪਏ ਸਾਮਾਨ ਨੂੰ ਸਮੇਟਣਾ ਸ਼ੁਰੂ ਕਰ ਦਿੱਤਾ। ਗਰੀਬ ਅਤੇ ਲਾਚਾਰ ਲੋਕਾਂ ਨੇ ਆਪਣਾ ਸਾਮਾਨ ਸਮੇਟ ਕੇ ਸੜਕ ਕੰਢੇ ਰੱਖ ਲਿਆ ਪਰ ਦੇਰ ਸ਼ਾਮ ਤੱਕ ਕਾਰਵਾਈ ਜਾਰੀ ਰਹਿਣ ਕਾਰਨ ਉਜਾੜੇ ਜਾ ਚੁੱਕੇ ਲੋਕਾਂ ਦਾ ਬੁਰਾ ਹਾਲ ਹੋ ਚੁੱਕਾ ਸੀ ਪਰ ਅਜਿਹੇ ਵਿਚ ਚੋਰਾਂ ਨੇ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਚੋਰਾਂ ਨੇ 2 ਸਿਲੰਡਰਾਂ ਤੋਂ ਇਲਾਵਾ ਕਈ ਲੋਕਾਂ ਦਾ ਜ਼ਰੂਰੀ ਸਾਮਾਨ ਚੋਰੀ ਕਰ ਲਿਆ, ਜਿਸ ਕਾਰਨ ਪੀੜਤਾਂ ’ਤੇ ਦੋਹਰੀ ਮਾਰ ਪਈ।

ਇਹ ਵੀ ਪੜ੍ਹੋ :  ਔਰਤਾਂ ਨੂੰ 1 ਹਜ਼ਾਰ ਰੁਪਏ ਮਹੀਨਾ ਦੀ ਗਾਰੰਟੀ 'ਤੇ CM ਭਗਵੰਤ ਮਾਨ ਦਾ ਵੱਡਾ ਬਿਆਨ

PunjabKesari

ਕੌਂਸਲਰ ਅਰੁਣਾ ਅਰੋੜਾ ਅੱਜ ਵੀ ਲੋਕਾਂ ਦੀ ਸਹਾਇਤਾ ਲਈ ਡਟੀ ਰਹੀ
ਕੌਂਸਲਰ ਅਰੁਣਾ ਅਰੋੜਾ, ਜਿਨ੍ਹਾਂ ਬੀਤੀ ਰਾਤ ਤੋਂ ਹੀ ਲਤੀਫਪੁਰਾ ਵਿਚ ਪਹੁੰਚ ਕੇ ਲੋਕਾਂ ਦੀ ਸਹਾਇਤਾ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਸੀ, ਉਨ੍ਹਾਂ ਅੱਜ ਵੀ ਉਸ ਨੂੰ ਲਗਾਤਾਰ ਜਾਰੀ ਰੱਖਿਆ। ਕੌਂਸਲਰ ਅਰੁਣਾ ਨੇ ਪੀੜਤ ਪਰਿਵਾਰਾਂ ਵਿਚਕਾਰ ਜਾ ਕੇ ਉਨ੍ਹਾਂ ਨੂੰ ਹੌਸਲਾ ਦਿੱਤਾ ਅਤੇ ਉਨ੍ਹਾਂ ਦੇ ਖਾਣ-ਪੀਣ ਦਾ ਵੀ ਪ੍ਰਬੰਧ ਕਰਵਾਇਆ। ਵਰਣਨਯੋਗ ਹੈ ਕਿ ਟਰੱਸਟ ਵੱਲੋਂ ਲਤੀਫਪੁਰਾ ਦੇ ਨਾਜਾਇਜ਼ ਕਬਜ਼ਿਆਂ ਨੂੰ ਤੋੜਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਵੇਰੇ 5.30 ਵਜੇ ਦੇ ਲਗਭਗ ਕੌਂਸਲਰ ਅਰੁਣਾ ਅਰੋੜਾ ਨੂੰ ਪੁਲਸ ਨੇ ਹਾਊਸ ਅਰੈਸਟ ਕਰ ਲਿਆ ਸੀ ਤਾਂ ਕਿ ਉਹ ਲਤੀਫਪੁਰਾ ਵਿਚ ਪਹੁੰਚ ਕੇ ਕਬਜ਼ਿਆਂ ਨੂੰ ਤੋੜਨ ਦੀ ਕਾਰਵਾਈ ਦਾ ਵਿਰੋਧ ਨਾ ਕਰ ਸਕੇ। ਜ਼ਿਕਰਯੋਗ ਹੈ ਕਿ ਜਦੋਂ ਟਰੱਸਟ ਨੇ ਕੁਝ ਸਾਲ ਪਹਿਲਾਂ ਵੀ ਨਾਜਾਇਜ਼ ਕਬਜ਼ਿਆਂ ਨੂੰ ਤੋਡ਼ਨ ਦਾ ਆਪ੍ਰੇਸ਼ਨ ਸ਼ੁਰੂ ਕੀਤਾ ਸੀ, ਉਦੋਂ ਕੌਂਸਲਰ ਅਰੁਣਾ ਅਰੋਡ਼ਾ ਅਤੇ ਉਨ੍ਹਾਂ ਦੇ ਪਤੀ ਸਵ. ਮਨੋਜ ਅਰੋੜਾ ਨੇ ਲੋਕਾਂ ਨਾਲ ਮਿਲ ਕੇ ਕਾਰਵਾਈ ਦਾ ਜ਼ੋਰਦਾਰ ਵਿਰੋਧ ਕੀਤਾ ਸੀ, ਜਿਸ ਕਾਰਨ ਟਰੱਸਟ ਅਤੇ ਪੁਲਸ ਨੂੰ ਬਿਨਾਂ ਕਿਸੇ ਕਾਰਵਾਈ ਦੇ ਵਾਪਸ ਮੁੜਨ ’ਤੇ ਮਜਬੂਰ ਹੋਣਾ ਪਿਆ ਸੀ।

ਇਹ ਵੀ ਪੜ੍ਹੋ : ਤਰਨਤਾਰਨ ਦੇ ਪੁਲਸ ਥਾਣੇ 'ਤੇ ਹੋਏ ਰਾਕੇਟ ਲਾਂਚਰ ਹਮਲੇ ਨੂੰ ਲੈ ਕੇ ਭਗਵੰਤ ਮਾਨ ਦਾ ਵੱਡਾ ਬਿਆਨ

PunjabKesari

ਪਾਵਰਕਾਮ ਨੇ ਇਲਾਕੇ ਦੀ ਬਿਜਲੀ ਦੀ ਮੇਨ ਵਾਇਰ ਨੂੰ ਰਿਪੇਅਰ ਕਰਨ ਦਾ ਕੰਮ ਕੀਤਾ ਸ਼ੁਰੂ
ਬੀਤੇ ਦਿਨੀਂ ਨਾਜਾਇਜ਼ ਕਬਜ਼ਿਆਂ ਨੂੰ ਤੋੜਨ ਦੌਰਾਨ ਪਾਵਰਕਾਮ ਨੇ ਲਤੀਫਪੁਰਾ ਅਤੇ ਉਸਦੇ ਨੇੜਲੇ ਇਲਾਕਿਆਂ ਦੀ ਬਿਜਲੀ ਸਪਲਾਈ ਨੂੰ ਬੰਦ ਕਰ ਦਿੱਤਾ ਸੀ। ਨਿਗਮ ਦੀ ਜੇ. ਸੀ. ਬੀ. ਵੱਲੋਂ ਲੋਕਾਂ ਦੇ ਘਰਾਂ ਅਤੇ ਦੁਕਾਨਾਂ ਨੂੰ ਤੋੜਨ ਦੌਰਾਨ ਬਿਜਲੀ ਦੀ ਮੇਨ ਸਪਲਾਈ ਦੀਆਂ ਤਾਰਾਂ ਵੀ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ, ਹਾਲਾਂਕਿ ਪਾਵਰਕਾਮ ਨੇ ਕੱਲ 13 ਘੰਟਿਆਂ ਬਾਅਦ ਸਪਲਾਈ ਚਾਲੂ ਤਾਂ ਕਰ ਦਿੱਤੀ ਪਰ ਅੱਜ ਤਾਰਾਂ ਨੂੰ ਰਿਪੇਅਰ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ।

PunjabKesari

ਲੋਕਾਂ ਦੀ ਨਜ਼ਰ 12 ਦਸੰਬਰ ਨੂੰ ਹਾਈ ਕੋਰਟ ਦੀ ਸੁਣਵਾਈ ’ਤੇ ਟਿਕੀ
ਲਤੀਫਪੁਰਾ ਦੇ ਨਾਜਾਇਜ਼ ਕਬਜ਼ਿਆਂ ਨੂੰ ਤੋੜਨ ਬਾਰੇ ਮਾਣਯੋਗ ਸੁਪਰੀਮ ਕੋਰਟ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਹੁਕਮ ਜਾਰੀ ਕੀਤੇ ਹੋਏ ਹਨ। ਹਾਈ ਕੋਰਟ ਨੇ ਪੁਲਸ ਕਮਿਸ਼ਨਰ ਤੋਂ ਕਾਰਵਾਈ ਸਬੰਧੀ ਪੁਲਸ ਸੁਰੱਖਿਆ ਦੇ ਸਮੁੱਚੇ ਪ੍ਰਬੰਧ ਕਰਨ ਸਬੰਧੀ ਐਫੀਡੇਵਿਟ ਵੀ ਲਿਆ ਹੋਇਆ ਹੈ। ਹੁਣ ਟਰੱਸਟ ਅਤੇ ਕਮਿਸ਼ਨਰੇਟ ਪੁਲਸ ਨੇ 12 ਦਸੰਬਰ ਨੂੰ ਹਾਈ ਕੋਰਟ ਦੇ ਹੁਕਮਾਂ ’ਤੇ ਸੋਮਵਾਰ ਨੂੰ ਐਕਸ਼ਨ ਟੇਕਨ ਰਿਪੋਰਟ ਸਬਮਿਟ ਕਰਨੀ ਹੈ। ਉਥੇ ਹੀ, ਦੂਜੇ ਪਾਸੇ ਲਤੀਫਪੁਰਾ ਦੇ ਲੋਕਾਂ ਨੇ ਵੀ ਹਾਈ ਕੋਰਟ ਵਿਚ ਲਤੀਫਪੁਰਾ ਦੀ ਵਿਵਾਦਿਤ ਜ਼ਮੀਨ ਦੀ ਰੈਵੇਨਿਊ ਵਿਭਾਗ ਤੋਂ ਨਿਸ਼ਾਨਦੇਹੀ ਕਰਵਾਉਣ ਸਬੰਧੀ ਪਟੀਸ਼ਨ ਦਾਇਰ ਕੀਤੀ ਹੈ। ਹਾਲਾਂਕਿ ਹਾਈ ਕੋਰਟ ਨੇ ਇਸ ’ਤੇ ਕੋਈ ਸਟੇਅ ਨਹੀਂ ਦਿੱਤਾ ਪਰ 12 ਦਸੰਬਰ ਨੂੰ ਉਸ ਪਟੀਸ਼ਨ ਦੀ ਵੀ ਸੁਣਵਾਈ ਹੋਵੇਗੀ, ਜਿਸ ਕਾਰਨ ਲੋਕਾਂ ਦੀਆਂ ਨਜ਼ਰਾਂ 12 ਦਸੰਬਰ ਦੀ ਸੁਣਵਾਈ ’ਤੇ ਟਿਕੀਆਂ ਹੋਈਆਂ ਹਨ ਕਿ ਆਖਿਰ ਹਾਈ ਕੋਰਟ ਇਸ ਕੇਸ ਵਿਚ ਅਗਲਾ ਫ਼ੈਸਲਾ ਕੀ ਦਿੰਦੀ ਹੈ?

ਇਹ ਵੀ ਪੜ੍ਹੋ : ਚਾਵਾਂ ਨਾਲ ਬਣਾਏ ਆਸ਼ਿਆਨੇ ਮਿੰਟਾਂ 'ਚ ਹੋਏ ਢਹਿ-ਢੇਰੀ, ਸੜਕਾਂ 'ਤੇ ਸਾਮਾਨ ਰੱਖਣ ਨੂੰ ਮਜਬੂਰ ਲੋਕ

PunjabKesari

ਲਤੀਫਪੁਰਾ ਵਿਚ ਕੀਤੀ ਕਾਰਵਾਈ ਨਿੰਦਣਯੋਗ : ਰਾਜਿੰਦਰ ਬੇਰੀ

ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਾਜਿੰਦਰ ਬੇਰੀ ਨੇ ਲਤੀਫਪੁਰਾ ਵਿਚ ਇੰਪਰੂਵਮੈਂਟ ਟਰੱਸਟ ਵੱਲੋਂ ਕੀਤੀ ਗਈ ਕਾਰਵਾਈ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਟਰੱਸਟ ਨੇ ਲੋਕਾਂ ਦੇ ਘਰਾਂ ਨੂੰ ਤੋੜ ਦਿੱਤਾ ਹੈ ਅਤੇ ਉਹ ਘਰੋਂ ਬੇਘਰ ਹੋ ਗਏ ਹਨ ਪਰ ਪੰਜਾਬ ਸਰਕਾਰ ਕੁੰਭਕਰਨੀ ਨੀਂਦ ਵਿਚ ਸੁੱਤੀ ਹੋਈ ਹੈ। ਆਮ ਆਦਮੀ ਪਾਰਟੀ ਨੂੰ ਸੱਤਾ ’ਤੇ ਕਾਬਜ਼ ਹੋਣ ਤੋਂ ਬਾਅਦ ਆਮ ਲੋਕਾਂ ਦੀ ਕੋਈ ਪ੍ਰਵਾਹ ਨਹੀਂ ਰਹੀ। ਬੇਰੀ ਨੇ ਕਿਹਾ ਕਿ ਤਿਣਕਾ-ਤਿਣਕਾ ਜੋੜ ਕੇ ਲੋਕਾਂ ਨੇ ਆਪਣੇ ਛੋਟੇ-ਛੋਟੇ ਅਤੇ ਕੱਚੇ ਘਰ ਬਣਾਏ ਸਨ ਪਰ ਟਰੱਸਟ ਦੇ ਅਧਿਕਾਰੀਆਂ ਅਤੇ ਜ਼ਿਲਾ ਪ੍ਰਸ਼ਾਸਨ ਨੇ ਉਨ੍ਹਾਂ ਘਰਾਂ ਨੂੰ ਤੋੜਨ ਮੌਕੇ ਕੋਈ ਇਨਸਾਨੀਅਤ ਨਹੀਂ ਦਿਖਾਈ। ਪੰਜਾਬ ਸਰਕਾਰ ਦਾ ਕਾਨੂੰਨ ਹੈ ਕਿ ਜੇਕਰ ਕੋਈ ਵਿਅਕਤੀ ਲਗਾਤਾਰ 12 ਸਾਲ ਤੋਂ ਕਿਸੇ ਥਾਂ ’ਤੇ ਰਹਿੰਦਾ ਹੈ ਤਾਂ ਉਸ ਨੂੰ ਉਸ ਜ਼ਮੀਨ ਦਾ ਮਾਲਕ ਕਹਾਉਣ ਦਾ ਹੱਕ ਹੈ। ਉਨ੍ਹਾਂ ਕਿਹਾ ਕਿ ਅਜਿਹਾ ਹੀ ਮਾਮਲਾ ਸੈਂਟਰਲ ਵਿਧਾਨ ਸਭਾ ਹਲਕੇ ਦੇ ਕਾਜ਼ੀ ਮੰਡੀ ਵਿਚ ਵੀ ਹੋਇਆ ਸੀ, ਜਿਥੇ ਰਹਿ ਰਹੇ ਲੋਕਾਂ ਨੂੰ ਸ਼ਿਫਟ ਕਰਨ ਤੋਂ ਪਹਿਲਾਂ 2-2 ਮਰਲੇ ਜ਼ਮੀਨ ਦਿੱਤੀ ਗਈ ਸੀ। ਇੰਨੀ ਮਹਿੰਗਾਈ ਦੇ ਦੌਰ ਵਿਚ ਘਰ ਬਣਾਉਣਾ ਬਹੁਤ ਮੁਸ਼ਕਲ ਹੈ। ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਹਿਣਾ ਚਾਹੀਦਾ ਹੈ ਕਿ ਗੁਜਰਾਤ ਅਤੇ ਖਾਸ ਕਰ ਕੇ ਹਿਮਾਚਲ ਪ੍ਰਦੇਸ਼ ਦੇ ਵੋਟਰਾਂ ਨੇ ਤੁਹਾਨੂੰ ਕਿਹਾ ਹੈ ਕਿ ਤੁਸੀਂ ਪਹਿਲਾਂ ਪੰਜਾਬ ਅਤੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ’ਤੇ ਧਿਆਨ ਦਿਓ ਅਤੇ ਉਨ੍ਹਾਂ ਲੋਕਾਂ ’ਤੇ ਵੀ ਧਿਆਨ ਦਿਓ, ਜਿਨ੍ਹਾਂ ਨੇ ‘ਆਪ’ ਵਿਚ ਆਪਣਾ ਭਰੋਸਾ ਪ੍ਰ੍ਰਗਟਾਇਆ ਸੀ।

PunjabKesari

ਪਾਕਿਸਤਾਨ ਤੋਂ ਉੱਜੜ ਕੇ ਆਏ ਲੋਕਾਂ ਨੂੰ 75 ਸਾਲਾਂ ਬਾਅਦ ਫਿਰ ਤੋਂ ਉਜਾੜ ਦਿੱਤਾ

ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਕੱਤਰ ਸੰਜੂ ਅਰੋੜਾ ਨੇ ਕਿਹਾ ਕਿ ਲਤੀਫਪੁਰਾ ’ਤੇ ਜ਼ਿਲਾ ਪ੍ਰਸ਼ਾਸਨ ਅਤੇ ਪੁਲਸ ਪ੍ਰਸ਼ਾਸਨ ਦੇ ਸਹਿਯੋਗ ਅਤੇ 600 ਪੁਲਸ ਮੁਲਾਜ਼ਮਾਂ ਦੀ ਫੌਜ ਨਾਲ ਲੋਕਾਂ ਦੇ ਘਰਾਂ ਨੂੰ ਤੋੜਨ ਦੀ ਕਾਰਵਾਈ ਦੌਰਾਨ ਪਾਕਿਸਤਾਨ ਤੋਂ ਉੱਜੜ ਕੇ ਆਏ ਲਤੀਫਪੁਰਾ ਵਾਸੀਆਂ ਨੂੰ 75 ਸਾਲਾਂ ਬਾਅਦ ਇਕ ਵਾਰ ਫਿਰ ਤੋਂ ਉਜਾੜ ਦਿੱਤਾ ਗਿਆ ਹੈ। ਸੰਜੂ ਅਰੋੜਾ ਨੇ ਕਿਹਾ ਕਿ ਇਸ ਨਿੰਦਣਯੋਗ ਕਾਰਵਾਈ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੂੰਹ ਤੋਂ ਆਮ ਆਦਮੀ ਦੀ ਸਰਕਾਰ ਹੋਣ ਦਾ ਝੂਠਾ ਨਕਾਬ ਉਤਰ ਗਿਆ ਹੈ। ਅੱਜ ਲੋਕ ਸੜਕਾਂ ’ਤੇ ਸਰਦੀ ਦੇ ਮੌਸਮ ਵਿਚ ਬਸਰ ਕਰਨ ਨੂੰ ਮਜਬੂਰ ਹੋ ਗਏ ਹਨ ਪਰ ਬੇਸ਼ਰਮੀ ਦੀ ਹੱਦ ਹੈ ਕਿ ਨਾ ਤਾਂ ਸਰਕਾਰ ਨੇ ਉਨ੍ਹਾਂ ਦੀ ਕੋਈ ਸਾਰ ਲਈ ਅਤੇ ਨਾ ਹੀ ਜ਼ਿਲਾ ਪ੍ਰਸ਼ਾਸਨ ਲੋਕਾਂ ਦੀ ਕੋਈ ਪੁਕਾਰ ਸੁਣ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕਾਂ ਦੇ ਘਰਾਂ ਨੂੰ ਤੋੜਿਆ ਗਿਆ ਹੈ, ਉਨ੍ਹਾਂ ਨੂੰ ਸਰਕਾਰ 5-5 ਮਰਲੇ ਦੇ ਪਲਾਟ ਅਤੇ 10-10 ਲੱਖ ਰੁਪਏ ਮੁਆਵਜ਼ਾ ਦੇਵੇ।

PunjabKesari

PunjabKesari

PunjabKesari

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News