ਪੰਜਾਬ ਬੋਰਡ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਅਹਿਮ ਖ਼ਬਰ, ਜਾਰੀ ਕੀਤੇ ਗਏ ਇਹ ਨਿਰਦੇਸ਼

Saturday, Dec 30, 2023 - 09:34 AM (IST)

ਪੰਜਾਬ ਬੋਰਡ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਅਹਿਮ ਖ਼ਬਰ, ਜਾਰੀ ਕੀਤੇ ਗਏ ਇਹ ਨਿਰਦੇਸ਼

ਲੁਧਿਆਣਾ (ਵਿੱਕੀ) : ਪੰਜਾਬ ਸਕੂਲ ਸਿੱਖਿਆ ਬੋਰਡ ਦੀ 8ਵੀਂ, 10ਵੀਂ, 12ਵੀਂ ਦੀਆਂ ਪ੍ਰੀਖਿਆਵਾਂ ਸੰਭਾਵਿਤ 13 ਫਰਵਰੀ ਤੋਂ ਸ਼ੁਰੂ ਕਰਨ ਨੂੰ ਲੈ ਕੇ ਬੋਰਡ ਨੇ ਆਪਣੀ ਤਿਆਰੀ ਸ਼ੁਰੂ ਕਰ ਲਈ ਹੈ। ਇਸੇ ਲੜੀ ਤਹਿਤ ਬੋਰਡ ਨੇ ਉਨ੍ਹਾਂ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਫਲਾਇੰਗ ਟੀਮਾਂ ’ਚ ਨਾ ਸ਼ਾਮਲ ਕਰਨ ਦਾ ਫ਼ੈਸਲਾ ਕੀਤਾ ਹੈ, ਜਿਨ੍ਹਾਂ ਦੇ ਸਕੂਲਾਂ ’ਚ ਪ੍ਰੀਖਿਆ ਕੇਂਦਰ ਬਣਾਏ ਜਾ ਰਹੇ ਹਨ। ਡੀ. ਈ. ਓਜ਼ ਨੂੰ ਇਸ ਸਬੰਧੀ ਜਾਰੀ ਪੱਤਰ ’ਚ ਸਾਫ਼ ਕਿਹਾ ਗਿਆ ਹੈ ਕਿ ਫਲਾਇੰਗ ਟੀਮਾਂ ਲਈ ਪ੍ਰਿੰਸੀਪਲਾਂ ਦੇ ਨਾਂ ਭੇਜਦੇ ਸਮੇਂ ਉਕਤ ਗੱਲ ਦਾ ਖ਼ਾਸ ਧਿਆਨ ਰੱਖਿਆ ਜਾਵੇ। ਇੱਥੇ ਹੀ ਬੱਸ ਨਹੀਂ, ਇਸ ਵਾਰ ਪ੍ਰੀਖਿਆਵਾਂ ਲਈ ਸਟਾਫ਼ ਵੀ ਪਿਛਲੇ ਸਾਲਾਂ ਦੇ ਮੁਕਾਬਲੇ ਕੁੱਝ ਬਦਲਿਆ ਦਿਖਾਈ ਦੇਵੇਗਾ ਕਿਉਂਕਿ ਬੋਰਡ ਸਭ ਤੋਂ ਪਹਿਲਾਂ ਉਨ੍ਹਾਂ ਅਧਿਆਪਕਾਂ ਦੀ ਡਿਊਟੀ ਪ੍ਰੀਖਿਆ ਕੇਂਦਰਾਂ ’ਚ ਲਗਵਾਏਗਾ, ਜਿਨ੍ਹਾਂ ਦੀ ਪਿਛਲੇ 2 ਸਾਲਾਂ ਤੋਂ ਕਦੇ ਡਿਊਟੀ ਨਹੀਂ ਲੱਗੀ। ਇਸ ਦੇ ਲਈ ਬੋਰਡ ਨੇ ਡੀ. ਈ. ਓਜ਼ ਨੂੰ ਕਿਹਾ ਕਿ ਜਿਨ੍ਹਾਂ ਅਧਿਆਪਕਾਂ ਦੀ ਡਿਊਟੀ ਪਿਛਲੇ 2 ਸਾਲਾਂ ਤੋਂ ਕਦੇ ਨਹੀਂ ਲੱਗੀ, ਉਨ੍ਹਾਂ ਦੇ ਨਾਂ ਪਹਿਲ ਦੇ ਆਧਾਰ ’ਤੇ ਭੇਜੇ ਜਾਣ। ਇਸੇ ਦੇ ਨਾਲ ਹੀ ਮਹਿਲਾ ਅਧਿਆਪਕਾਵਾਂ ਦੀ ਡਿਊਟੀ ਵੀ ਨਜ਼ਦੀਕੀ ਪ੍ਰੀਖਿਆ ਕੇਂਦਰ ’ਚ ਲਗਾਉਣ ਬਾਰੇ ਕਿਹਾ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਕੜਾਕੇ ਦੀ ਠੰਡ ਦੌਰਾਨ ਵਿਅਕਤੀ ਦੀ ਮੌਤ, ਮੌਸਮ ਵਿਭਾਗ ਨੇ ਜਾਰੀ ਕੀਤਾ ਹੋਇਆ ਹੈ Alert

ਜਦੋਂਕਿ ਪ੍ਰੀਖਿਆਵਾਂ ਦੀ ਤਿਆਰੀ ਦੇ ਪਹਿਲੇ ਪੜਾਅ ’ਚ ਬੋਰਡ ਨੇ ਸੈਂਟਰ ਸੁਪਰੀਡੈਂਟ, ਡਿਪਟੀ ਸੁਪਰੀਡੈਂਟ, ਆਬਜ਼ਰਵਰ ਅਤੇ ਫਲਾਇੰਗ ਦੀ ਨਿਯੁਕਤੀ ਲਈ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਮੁਲਾਜ਼ਮਾਂ, ਅਧਿਕਾਰੀਆਂ ਦੀ ਸੂਚੀ 15 ਜਨਵਰੀ ਤੱਕ ਡੀ. ਈ. ਓ. ਪੋਰਟਲ ’ਚ ਅਪਲੋਡ ਕਰਨ ਲਈ ਕਿਹਾ ਹੈ। ਇਸੇ ਦੇ ਨਾਲ ਹੀ ਬੋਰਡ ਨੇ ਕਿਹਾ ਕਿ ਅਜਿਹੇ ਕਿਸੇ ਵੀ ਅਧਿਆਪਕ ਜੋ ਬੋਰਡ ਦੇ ਕੰਮ ਤੋਂ ਅਯੋਗ/ਸਿੱਖਿਆ ਵਿਭਾਗ ’ਚ ਅਨੁਸ਼ਾਸ਼ਨਾਤਮਕ ਕਾਰਵਾਈ ਤਹਿਤ ਐਲਾਨਿਆ ਗਿਆ ਹੋਵੇ, ਉਸ ਦਾ ਨਾਂ ਇਸ ਪੈਨਲ ’ਚ ਨਹੀਂ ਭੇਜਿਆ ਜਾਣਾ ਚਾਹੀਦਾ। ਬੋਰਡ ਨੇ ਹਰ ਪ੍ਰੀਖਿਆ ਕੇਂਦਰ ਲਈ 1 ਸੁਪਰੀਡੈਂਟ ਦੀ ਤਜ਼ਵੀਜ਼ ਭੇਜਣ ਦੇ ਨਾਲ ਹਰ ਬਲਾਕ ’ਚ 30 ਫ਼ੀਸਦੀ ਲੈਕਚਰਾਰਾਂ ਦੇ ਨਾਂ ਵਾਧੂ ਭੇਜਣ ਲਈ ਵੀ ਕਿਹਾ ਹੈ, ਤਾਂ ਕਿ ਐਮਰਜੈਂਸੀ ਸਥਿਤੀ ’ਚ ਉਨ੍ਹਾਂ ਦੀ ਨਿਯੁਕਤੀ ਕੀਤੀ ਜਾ ਸਕੇ। ਇਸ ਵਾਰ ਹਰ ਬਲਾਕ ’ਚ 8 ਤੋਂ 10 ਪ੍ਰੀਖਿਆ ਕੇਂਦਰ ਸ਼ਾਮਲ ਕੀਤੇ ਜਾਣਗੇ। ਕੇਂਦਰ ਸੁਪਰੀਡੈਂਟ ਲਈ ਲੈਕਚਰਰ ਅਤੇ ਹਾਈ ਸਕੂਲ ਦੇ ਹੈੱਡ ਮਾਸਟਰ/ਮਿਸਟ੍ਰੈੱਸ ਦੇ ਨਾਂ ਮੰਗਵਾਏ ਗਏ ਹਨ, ਜਦੋਂਕਿ 180 ਪ੍ਰੀਖਿਆਰਥੀਆਂ ਵਾਲੇ ਪ੍ਰੀਖਿਆ ਕੇਂਦਰ ’ਤੇ 1 ਸੁਪਰੀਡੈਂਟ ਦੀ ਨਿਯੁਕਤੀ ਹੋਵੇਗੀ, ਜਦੋਂਕਿ ਇਸ ਤੋਂ ਵੱਧ ਪ੍ਰੀਖਿਆਰਥੀਆਂ ਦੀ ਗਿਣਤੀ ਹੋਣ ’ਤੇ 2 ਸੁਪਰੀਡੈਂਟ ਦੀ ਨਿਯੁਕਤੀ ਹੋਵੇਗੀ। ਪੰਜਾਬ ਸਕੂਲ ਸਿੱਖਿਆ ਬੋਰਡ ਦੇ 11 ਆਦਰਸ਼ ਸਕੂਲਾਂ ਦੇ ਲੈਕਚਰਰ ਕੇਡਰ ਦੇ ਨਾਂ ਵੀ ਸੁਪਰੀਡੈਂਟਾਂ ਦੇ ਪੈਨਲ ’ਚ ਸ਼ਾਮਲ ਕੀਤੇ ਜਾਣਗੇ।

ਇਹ ਵੀ ਪੜ੍ਹੋ : ਪੰਜਾਬ 'ਚ 'ਕੋਰੋਨਾ' ਦੀ ਆੜ 'ਚ ਇਹ ਬੀਮਾਰੀ ਵੀ ਲੱਗੀ ਫੈਲਣ, ਸਿਹਤ ਵਿਭਾਗ ਚਿੰਤਤ
ਸੰਵੇਦਨਸ਼ੀਲ ਪ੍ਰੀਖਿਆ ਕੇਂਦਰਾਂ ਦੀ ਮੰਗੀ ਸੂਚੀ
ਬੋਰਡ ਨੇ ਡੀ. ਈ. ਓਜ਼ ਤੋਂ ਜ਼ਿਲ੍ਹਿਆਂ ਦੇ ਸੰਵੇਦਨਸ਼ੀਲ ਕੇਂਦਰਾਂ ਦੀ ਸੂਚੀ ਵੀ ਮੰਗੀ ਹੈ ਤਾਂ ਜੋ ਪ੍ਰੀਖਿਆਵਾਂ ਦੌਰਾਨ ਉਨ੍ਹਾਂ ’ਤੇ ਖ਼ਾਸ ਨਜ਼ਰ ਰੱਖ ਜਾ ਸਕੇ। ਫਰਵਰੀ, ਮਾਰਚ 2024 ਦੀ ਪ੍ਰੀਖਿਆ ਦੇ ਲਈ ਸਥਾਪਿਤ ਕੀਤੇ ਜਾਣ ਵਾਲੇ ਪ੍ਰੀਖਿਆ ਕੇਂਦਰਾਂ ਦੀ ਅਸਥਾਈ ਸੂਚੀ ਦੇ ਨਾਲ ਪ੍ਰੀਖਿਆਰਥੀਆਂ ਦੀ ਗਿਣਤੀ ਪੋਰਟਲ ‘ਤੇ ਪਾ ਦਿੱਤੀ ਗਈ ਹੈ। ਪ੍ਰੀਖਿਆਵਾਂ ਨੂੰ ਸਹੀ ਢੰਗ ਨਾਲ ਚਲਾਉਣ ਵਿੱਚ ਡੀ. ਈ. ਓ. ਦੀ ਮਦਦ ਦੇ ਲਈ ਕੰਪਿਊਟਰ ਸੈੱਲ ਵੱਲੋਂ ਇਕ ਡੀ. ਈ. ਓ ਪੋਰਟਲ ਨੋਟਿਸ ਬੋਰਡ ਤਿਆਰ ਕੀਤਾ ਗਿਆ ਹੈ। ਬੋਰਡ ਵੱਲੋਂ ਡੀ. ਈ. ਓਜ਼. ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਡੀ. ਈ.ਓ. ਪੋਰਟਲ ’ਤੇ ਰੋਜ਼ਾਨਾ ਅਪਲੋਡ ਕੀਤੇ ਜਾਣ ਵਾਲੇ ਸੁਝਾਵਾਂ ਅਤੇ ਨਿਰਦੇਸ਼ਾਂ ਨੂੰ ਨੋਟਿਸ ਬੋਰਡ ਤੋਂ ਜ਼ਰੂਰ ਪੜ੍ਹਨ ਅਤੇ ਉਨ੍ਹਾਂ ਮੁਤਾਬਕ ਕਾਰਵਾਈ ਕਰਨ।
ਇਨ੍ਹਾਂ ਮਾਪਦੰਡਾਂ ‘ਤੇ ਭੇਜਿਆ ਜਾਵੇਗਾ ਸਟਾਫ਼ ਦਾ ਨਾਮ 
ਸੁਪਰੀਡੈਂਟ ਲਈ ਲੈਕਚਰਾਰ ਅਤੇ ਹਾਈ ਸਕੂਲ ਦੇ ਹੈੱਡ ਮਾਸਟਰ, ਮਿਸਟ੍ਰੈਸ ਪੱਧਰ ਤੇ ਅਧਿਆਪਕਾਂ ਦਾ ਪੈਨਲ ਭੇਜਿਆ ਜਾਵੇ।
ਆਬਜ਼ਰਵਰਾਂ ਲਈ ਪ੍ਰਿੰਸੀਪਲ ਪੱਧਰ ਦੇ ਅਧਿਕਾਰੀਆਂ ਦਾ ਇਕ ਪੈਨਲ (ਹਰ ਪ੍ਰੀਖਿਆ ਕੇਂਦਰ ਦੇ ਲਈ ਇਕ) ਭੇਜਿਆ ਜਾਵੇ।
ਵਿਦੇਸ਼ ਲਈ ਛੁੱਟੀ, ਮਾਤ੍ਰਤਵ ਛੁੱਟੀ, 30 ਅਪ੍ਰੈਲ 2024 ਤੱਕ ਸੇਵਾਮੁਕਤ ਹੋਣ ਵਾਲੇ ਅਤੇ ਵਿਸ਼ਿਸ਼ਟ ਸਮਰਥਾ ਰੱਖਣ ਵਾਲੇ ਅਧਿਆਪਕਾਂ ਦੇ ਨਾਮ ਪੈਨਲ ਵਿੱਚ ਨਾ ਭੇਜੇ ਜਾਣ।
ਜਿਨ੍ਹਾ ਜ਼ਿਲ੍ਹਿਆਂ ਵਿੱਚ ਲੈਕਚਰਾਰਾਂ ਦੀ ਕਮੀ ਹੈ, ਉੱਥੇ 10 ਸਾਲ ਦੇ ਤਜ਼ਰਬੇ ਵਾਲੇ ਸੀਨੀਅਰ ਮਾਸਟਰ ਕੇਡਰ ਅਧਿਆਪਕਾਂ ਦੇ ਨਾਮ ਸੁਪਰੀਡੈਂਟ ਦੇ ਲਈ ਭੇਜੇ ਜਾਣ।
ਸਕੂਲ ਦੀਆਂ ਇੰਟਰਨਲ ਕਲਾਸਾਂ ਦੀ ਪ੍ਰੀਖਿਆ ਦੇ ਲਈ 30 ਫ਼ੀਸਦੀ ਸਟਾਫ਼ ਰਾਖਵਾਂ ਰੱਖਿਆ ਜਾਵੇ।
ਡਿਊਟੀ ਵਿੱਚ ਕਟੌਤੀ ਦੇ ਲਈ ਬੇਨਤੀ ਕਰਨ ਵਾਲੇ ਅਧਿਆਪਕ ਦਾ ਮੈਡੀਕਲ ਸਰਟੀਫਿਕੇਟ ਐੱਸ. ਐੱਮ. ਓ. ਵੱਲੋਂ ਜਾਰੀ ਕੀਤਾ ਗਿਆ ਹੋਵੇ।
ਪੈਨਲਾਂ ਨੂੰ ਇਸ ਤਰ੍ਹਾਂ ਭੇਜਿਆ ਜਾਣਾ ਚਾਹੀਦਾ ਹੈ ਕਿ ਡਿਊਟੀ ਕੱਟੀ ਨਾ ਜਾਣੀ ਪਵੇ।
ਸੁਪਰੀਡੈਂਟ ਅਤੇ ਡਿਪਟੀ ਸੁਪਰੀਡੈਂਟ ਦੂਜੇ ਸਕੂਲਾਂ ਤੋਂ ਅਤੇ ਨਿਗਰਾਨ ਸਟਾਫ਼ ਸਬੰਧਤ ਸਕੂਲ ਤੋਂ ਹੋਵੇਗਾ।
ਮਾਨਤਾ ਪ੍ਰਾਪਤ ਸਕੂਲਾਂ ਦਾ 30 ਫ਼ੀਸਦੀ ਸਟਾਫ਼ ਪ੍ਰੀਖਿਆ ਲਈ ਲਗਾਇਆ ਜਾਵੇ।
ਹਰ ਕੈਟਾਗਰੀ ਵਿੱਚ 30 ਫ਼ੀਸਦੀ ਵਾਧੂ ਨਾਮ ਭੇਜੇ ਜਾਣਗੇ।
ਸਟਾਫ਼ ਦੀ ਕਮੀ ਤੇ ਡੀ. ਈ. ਓ. ਪ੍ਰੀਖਿਆ ਕੇਂਦਰ ਵਿੱਚ ਭੇਜਣਗੇ ਸਟਾਫ਼
ਸਰੀਰਕ ਸਿੱਖਿਆ ਲੈਕਚਰਾਰ ਅਤੇ ਕਲਾ ਅਤੇ ਸ਼ਿਲਪ ਅਧਿਆਪਕਾਂ ਦੀ ਡਿਊਟੀ ਪਹਿਲ ਦੇ ਆਧਾਰ ‘ਤੇ ਲਗਾਈ ਜਾਵੇ।

ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


author

Babita

Content Editor

Related News