ਪੰਜ ਪਿਆਰਿਆਂ ਦੇ ਨਾਂ 'ਤੇ ਹੋਣਗੀਆਂ ਮੋਹਾਲੀ ਦੀਆਂ 5 ਸੜਕਾਂ, ਜਲਦ ਲਿਆ ਜਾਵੇਗਾ ਫ਼ੈਸਲਾ
Wednesday, Feb 28, 2024 - 10:01 AM (IST)
 
            
            ਮੋਹਾਲੀ (ਸੰਦੀਪ) : ਮੋਹਾਲੀ ਦੀਆਂ ਕਈ ਮੁੱਖ ਸੜਕਾਂ ਦਾ ਨਾਂ ਜਲਦੀ ਹੀ ਗੁਰੂਆਂ ਦੇ ਨਾਮ ’ਤੇ ਰੱਖਿਆ ਜਾਵੇਗਾ। ਸ਼ਹਿਰ ਦੀਆਂ ਮੁੱਖ ਸੜਕਾਂ ਦੇ ਨਾਮ ਪੰਜ ਪਿਆਰਿਆਂ ਅਤੇ ਸਰਦਾਰ ਹਰੀ ਸਿੰਘ ਨਲਵਾ ਦੇ ਨਾਮ ’ਤੇ ਰੱਖਣ ਦੀ ਅਹਿਮ ਯੋਜਨਾ ਬਾਰੇ ਫ਼ੈਸਲਾ ਇਸ ਸਾਲ ਦੀ ਨਗਰ ਨਿਗਮ ਦੀ ਪਹਿਲੀ ਮੀਟਿੰਗ 'ਚ ਲਿਆ ਜਾਵੇਗਾ। ਇਸ ਯੋਜਨਾ ਲਈ ਸ਼ਹਿਰ ਦੀਆਂ 13 ਮੁੱਖ ਸੜਕਾਂ ਦੀ ਸ਼ਨਾਖਤ ਕੀਤੀ ਗਈ ਹੈ। ਇਨ੍ਹਾਂ ਵਿਚੋਂ 6 ਦਾ ਨਾਮ ਗੁਰੂ ਸਾਹਿਬਾਨ ਦੇ ਨਾਮ ’ਤੇ ਰੱਖਣ ਦੀ ਯੋਜਨਾ ਹੈ। ਸ਼ੁੱਕਰਵਾਰ ਨੂੰ ਹੋਣ ਵਾਲੀ ਇਸ ਸਾਲ ਦੀ ਪਹਿਲੀ ਨਗਰ ਨਿਗਮ ਹਾਊਸ ਦੀ ਮੀਟਿੰਗ 'ਚ ਵੀ ਇਸ ਸਬੰਧੀ ਪ੍ਰਸਤਾਵ ਲਿਆਂਦਾ ਜਾ ਰਿਹਾ ਹੈ। ਸਦਨ ਦੇ ਮੈਂਬਰਾਂ ਦੀ ਸਹਿਮਤੀ ਮਿਲਦੇ ਹੀ ਸੜਕਾਂ ਦੇ ਨਾਮ ਬਦਲ ਦਿੱਤੇ ਜਾਣਗੇ। 13 ਮੁੱਖ ਸੜਕਾਂ ਵਿਚੋਂ 6 ਦਾ ਨਾਮ ਪਹਿਲਾਂ ਬਦਲਿਆ ਜਾਣਾ ਹੈ। 6 ਸੜਕਾਂ ਦਾ ਨਾਮ ਪੰਜ ਪਿਆਰਿਆਂ ਦੇ ਨਾਮ ’ਤੇ ਰੱਖਿਆ ਜਾਵੇਗਾ, ਜਿਨ੍ਹਾਂ 'ਚ ਦਇਆ ਸਿੰਘ, ਧਰਮ ਸਿੰਘ, ਸਾਹਿਬ ਸਿੰਘ, ਮੋਹਕਮ ਸਿੰਘ ਅਤੇ ਹਿੰਮਤ ਸਿੰਘ ਸਮੇਤ ਸਰਦਾਰ ਹਰੀ ਸਿੰਘ ਨਲਵਾ ਸ਼ਾਮਲ ਹਨ।
ਇਹ ਵੀ ਪੜ੍ਹੋ : ਕਾਂਗਰਸ ਦੇ 90 ਉਮੀਦਵਾਰ ਲੋਕ ਸਭਾ ਚੋਣ ਲੜਨ ਦੇ ਇੱਛੁਕ, ਬਿੱਟੂ ਤੇ ਮਨੀਸ਼ ਤਿਵਾੜੀ ਗਾਇਬ
ਸ਼ਹਿਰ ਦੀਆਂ ਇਨ੍ਹਾਂ 13 ਮੁੱਖ ਸੜਕਾਂ ਨੂੰ ਚੁਣਿਆ ਗਿਆ
ਪਿੰਡ ਮੋਹਾਲੀ ਤੋਂ ਚੀਮਾ ਬਾਇਲਰ, ਚੰਡੀਗੜ੍ਹ ਐਂਟਰੀ ਫੇਜ਼ 1/6 ਡਿਵਾਈਡਿੰਗ ਰੋਡ ਤੋਂ ਬੱਸ ਅੱਡਾ ਰੋਡ, ਚੰਡੀਗੜ੍ਹ ਐਂਟਰੀ ਫਰੈਂਕੋ ਹੋਟਲ ਤੋਂ ਇੰਡਸਟਰੀਅਲ ਏਰੀਆ ਫੇਜ਼ 8ਏ/8ਬੀ ਡਿਵਾਈਡਿੰਗ ਰੋਡ, ਚੰਡੀਗੜ੍ਹ ਐਂਟਰੀ ਫੇਜ਼ 2/3 ਤੋਂ ਸੈਕਟਰ 75/76 ਡਿਵਾਈਡਿੰਗ ਰੋਡ, ਐੱਸ. ਐੱਸ. ਪੀ. ਲਾਈਟਾਂ ਪਿੰਡ ਮਟੌਰ, ਸੈਕਟਰ 76/77 ਡਿਵਾਈਡਿੰਗ ਰੋਡ, ਵਾਈ. ਪੀ. ਐੱਸ. ਚੌਂਕ ਤੋਂ ਏਅਰਪੋਰਟ ਰੋਡ, ਜੇਲ੍ਹ ਰੋਡ ਤੋਂ ਸੈਕਟਰ 78/79 ਡਿਵਾਈਡਿੰਗ ਰੋਡ, ਫੇਜ਼ 10/11 ਡਿਵਾਈਡਿੰਗ ਰੋਡ ਤੋਂ ਏਅਰਪੋਰਟ ਰੋਡ, ਫੇਜ਼ 9/10 ਡਿਵਾਈਡਿੰਗ ਰੋਡ ਤੋਂ ਸੈਕਟਰ 79/80 ਡਿਵਾਈਡਿੰਗ ਰੋਡ, ਜਗਤਪੁਰਾ। ਐਂਟਰੀ ਏਅਰਪੋਰਟ ਰੋਡ, ਮੋਹਾਲੀ ਪਿੰਡ ਤੋਂ ਐੱਸ. ਐੱਸ. ਪੀ. ਲਾਈਟਾਂ, ਬਲੌਂਗੀ ਤੋਂ ਬਾਵਾ ਵਾਈਟ ਹਾਊਸ ਤੱਕ ਦੀ ਐਂਟਰੀ, ਇਹ ਸ਼ਹਿਰ ਦੀਆਂ 13 ਮੁੱਖ ਸੜਕਾਂ ਹਨ। ਪਹਿਲਾਂ ਇਨ੍ਹਾਂ ਵਿਚੋਂ 6 ਸੜਕਾਂ ਦੇ ਨਾਮ ਬਦਲੇ ਜਾਣੇ ਹਨ। ਜਿਸ ਤੋਂ ਬਾਅਦ ਬਾਕੀ ਸੜਕਾਂ ’ਤੇ ਵਿਚਾਰ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ਦੇ ਪੈਟਰੋਲ ਪੰਪਾਂ ਨੂੰ ਲੈ ਕੇ ਅਹਿਮ ਖ਼ਬਰ, ਪੜ੍ਹੋ ਕੀ ਹੈ ਪੂਰਾ ਮਾਮਲਾ
ਕੌਮ ਲਈ ਕੁਰਬਾਨੀ ਦੇਣ ਵਾਲੇ ਪੰਜ ਪਿਆਰੇ, ਮਹਾਰਾਜਾ ਰਣਜੀਤ ਸਿੰਘ ਦੇ ਫ਼ੌਜ ਮੁਖੀ ਸਨ ਸਰਦਾਰ ਹਰੀ ਸਿੰਘ ਨਲਵਾ
ਪੰਜ ਪਿਆਰੇ, ਉਨ੍ਹਾਂ ਸਿੱਖਾਂ ਨੂੰ ਦਰਸਾਉਂਦੇ ਹਨ, ਜੋ ਗੁਰੂ ਗੋਬਿੰਦ ਸਿੰਘ ਜੀ ਦੇ ਕਹਿਣ ’ਤੇ ਧਰਮ ਦੀ ਰੱਖਿਆ ਲਈ ਆਪਣੇ ਸਿਰ ਕਟਵਾਉਣ ਲਈ ਤਿਆਰ ਹੋ ਗਏ ਸਨ ਅਤੇ ਜਿਨ੍ਹਾਂ ਨੂੰ ਗੁਰੂ ਜੀ ਨੇ ਅੰਮ੍ਰਿਤ ਛਕਾਇਆ ਸੀ। ਪੰਜ ਪਿਆਰੇ ਸਮੂਹ ਸਿੱਖ ਕੌਮ ਦੀ ਨੁਮਾਇੰਦਗੀ ਕਰਦੇ ਹਨ। ਉੱਥੇ ਹੀ ਸਰਦਾਰ ਹਰੀ ਸਿੰਘ ਨਲਵਾ ਮਹਾਰਾਜਾ ਰਣਜੀਤ ਸਿੰਘ ਦਾ ਫੌਜ ਮੁਖੀ ਸਨ, ਜਿਨ੍ਹਾਂ ਨੇ ਪਠਾਣਾਂ ਖ਼ਿਲਾਫ਼ ਕਈ ਜੰਗਾਂ ਦੀ ਅਗਵਾਈ ਕੀਤੀ ਸੀ। ਰਣਨੀਤੀ ਅਤੇ ਯੁੱਧ ਤਕਨੀਕਾਂ ਦੇ ਨਜ਼ਰੀਏ ਤੋਂ ਹਰੀ ਸਿੰਘ ਨਲਵਾ ਦੀ ਤੁਲਨਾ ਭਾਰਤ ਦੇ ਸਰਵੋਤਮ ਜਰਨੈਲਾਂ ਨਾਲ ਕੀਤੀ ਜਾ ਸਕਦੀ ਹੈ। ਕਸੂਰ, ਸਿਆਲਕੋਟ, ਅਟਕ, ਮੁਲਤਾਨ, ਕਸ਼ਮੀਰ, ਪਿਸ਼ਾਵਰ ਅਤੇ ਜਮਰੌਦ ਦੀ ਜਿੱਤ ਪਿੱਛੇ ਹਰੀ ਸਿੰਘ ਨੇ ਬਹਾਦਰੀ ਦਿਖਾਈ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8
 

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                            