ਅਹਿਮ ਖ਼ਬਰ : 12ਵੀਂ ਜਮਾਤ ਦੇ ਇੰਗਲਿਸ਼ ਦੇ ਪੇਪਰ ਲੀਕ ਮਾਮਲੇ ’ਚ FIR ਦਰਜ

02/25/2023 9:12:04 PM

ਗੁਰਦਾਸਪੁਰ (ਹਰਮਨ, ਵਿਨੋਦ)- ਬੀਤੇ ਦਿਨ ਦੁਪਹਿਰ 2 ਵਜੇ ਹੋਣ ਵਾਲੀ ਇੰਗਲਿਸ਼ ਦੀ ਪ੍ਰੀਖਿਆ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5 ਘੰਟੇ ਪਹਿਲਾਂ ਹੀ ਪੇਪਰ ਲੀਕ ਹੋਣ ਕਾਰਨ ਰੱਦ ਕਰ ਦਿੱਤੀ ਗਈ ਸੀ। ਇਸ ਮਾਮਲੇ ’ਚ ਹੁਣ ਪੁਲਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਗੁਰਦਾਸਪੁਰ ਸਿਟੀ ਪੁਲਸ ਨੇ ਪੇਪਰ ਲੀਕ ਮਾਮਲੇ ’ਚ ਅਣਪਛਾਤੇ ਸਾਜ਼ਿਸ਼ਕਰਤਾਵਾਂ ਖ਼ਿਲਾਫ਼ ਅੱਜ 25 ਫਰਵਰੀ ਨੂੰ 40 ਨੰਬਰ ਮੁਕੱਦਮਾ ਦਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਵੀ 12ਵੀਂ ਜਮਾਤ ਦੇ ਅੰਗਰੇਜ਼ੀ ਦੇ ਪੇਪਰ ਲੀਕ ਹੋਣ ਦੀ ਜਾਣਕਾਰੀ ਦਿੰਦਿਆਂ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਗੱਲ ਕਹੀ ਸੀ।

ਇਹ ਖ਼ਬਰ ਵੀ ਪੜ੍ਹੋ : ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਇਕ ਹੋਰ ਪੰਜਾਬੀ ਨੌਜਵਾਨ ਦੀ ਹੋਈ ਮੌਤ

ਇਸ ਸਬੰਧੀ ਥਾਣਾ ਸਿਟੀ ਗੁਰਦਾਸਪੁਰ ਦੇ ਐੱਸ. ਐੱਚ. ਓ ਗੁਰਮੀਤ ਸਿੰਘ ਨੇ ਦੱਸਿਆ ਕਿ ਮਾਮਲਾ ਡੀ. ਈ. ਓ. ਅਮਰਜੀਤ ਸਿੰਘ ਭਾਟੀਆ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। ਭਾਟੀਆ ਨੇ ਪੁਲਸ ਅਧਿਕਾਰੀਆਂ ਨੂੰ ਕੀਤੀ ਸ਼ਿਕਾਇਤ ’ਚ ਦੱਸਿਆ ਸੀ ਕਿ ਕਿਸੇ ਵੱਲੋਂ ਵਟਸਐਪ ’ਤੇ ਬਾਰ੍ਹਵੀਂ ਜਮਾਤ ਦੇ ਅੰਗਰੇਜ਼ੀ ਦੇ ਪੇਪਰ ਦੇ ਸਕਰੀਨ ਸ਼ਾਟ ਭੇਜੇ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਇਸ ਬਾਰੇ ਪੁਲਸ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਸ ਨੇ ਇਸ ਮਾਮਲੇ ’ਚ ਹੁਣ ਡੀ.ਈ.ਓ. ਭਾਟੀਆ ਦੀ ਦਰਖ਼ਾਸਤ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 409, 420, 406, 120 ਆਈ.ਪੀ.ਸੀ. ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਅਜਨਾਲਾ ਘਟਨਾ ’ਤੇ CM ਮਾਨ ਦਾ ਵੱਡਾ ਬਿਆਨ, ਸਕੂਲਾਂ ਨੂੰ ਲੈ ਕੇ ਅਹਿਮ ਖ਼ਬਰ, ਪੜ੍ਹੋ Top 10

 


Manoj

Content Editor

Related News