ਪੰਜਾਬ ਦੇ ਸਕੂਲਾਂ ਨੂੰ ਲੈ ਕੇ ਆਈ ਅਹਿਮ ਖ਼ਬਰ, ਸਿੱਖਿਆ ਮੰਤਰੀ ਨੇ ਲਿਆ ਵੱਡਾ ਫ਼ੈਸਲਾ
Tuesday, Dec 13, 2022 - 06:08 PM (IST)
ਲੁਧਿਆਣਾ (ਵਿੱਕੀ) : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੀ ਸਕੂਲ ਸਿੱਖਿਆ ਵਿਚ ਕ੍ਰਾਂਤੀਕਾਰੀ ਤਬਦੀਲੀ ਲਿਆਉਣ ਲਈ 'ਮਿਸ਼ਨ-100 ਫੀਸਦੀ' ਮੁਹਿੰਮ ਨੂੰ ਕਾਮਯਾਬ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਉਪਰਾਲਿਆਂ ਤਹਿਤ ਅੱਜ ਸਕੂਲ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ ਵੱਡਾ ਫ਼ੈਸਲਾ ਲੈਂਦਿਆਂ ਫੀਲਡ ਵਿਚ ਕੰਮ ਕਰ ਰਹੇ ਸਾਇੰਸ, ਗਣਿਤ ਅਤੇ ਅੰਗਰੇਜੀ/ਸਮਾਜਿਕ ਸਿੱਖਿਆ ਵਿਸ਼ਿਆਂ ਦੇ 749 ਬਲਾਕ ਅਤੇ ਜ਼ਿਲ੍ਹਾ ਮੈਂਟਰਾਂ (ਬੀ.ਐੱਮ. ਅਤੇ ਡੀ.ਐੱਮ.) ਨੂੰ ਤੁਰੰਤ ਲੋੜਵੰਦ ਸਕੂਲਾਂ ਵਿਚ ਤੈਨਾਤ ਕਰਨ ਸਬੰਧੀ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਹੁਕਮ ਜਾਰੀ ਕੀਤੇ ਹਨ। ਸਿੱਖਿਆ ਮੰਤਰੀ ਅਨੁਸਾਰ ਵਰਤਮਾਨ ਸਮੇਂ ਇਨ੍ਹਾਂ ਵਿਸ਼ਿਆਂ ਦੇ 680 ਅਧਿਆਪਕ ਬਤੌਰ ਬਲਾਕ ਮੈਂਟਰ ਅਤੇ 69 ਅਧਿਆਪਕ ਬਤੌਰ ਜ਼ਿਲ੍ਹਾ ਮੈਂਟਰ ਸਕੂਲਾਂ ਵਿਚ ਪੜ੍ਹਾਉਣ ਦੀ ਥਾਂ ਫੀਲਡ ਡਿਊਟੀ ਕਰ ਰਹੇ ਸਨ। ਬੈਂਸ ਅਨੁਸਾਰ 'ਮਿਸ਼ਨ-100 ਫੀਸਦੀ' ਮੁਹਿੰਮ ਦਾ ਮਕਸਦ ਫਰਜ਼ੀ ਅੰਕੜੇ ਪੇਸ਼ ਕਰਕੇ ਵਾਹ-ਵਾਹ ਖੱਟਣਾ ਨਹੀਂ ਸਗੋਂ ਸਿੱਖਿਆ ਦੇ ਮਿਆਰ ਨੂੰ ਸੁਧਾਰ ਕੇ ਹਰ ਵਿਦਿਆਰਥੀ ਦੀ ਸਿੱਖਣ ਕੁਸ਼ਲਤਾ ਵਿਚ ਵਾਧਾ ਕਰਨਾ ਹੈ।
ਇਹ ਵੀ ਪੜ੍ਹੋ : ਨਕੋਦਰ ਹਾਈਵੇ ’ਤੇ ਵਾਪਰਿਆ ਵੱਡਾ ਹਾਦਸਾ, ਦੋ ਨੌਜਵਾਨਾਂ ਦੀ ਮੌਕੇ ’ਤੇ ਮੌਤ, ਚਾਰ ਕੁੜੀਆਂ ਦੀ ਹਾਲਤ ਗੰਭੀਰ (ਤਸਵੀਰਾਂ)
ਬੈਂਸ ਨੇ ਕਿਹਾ ਕਿ ਉਨ੍ਹਾਂ ਨੂੰ ਕੁਝ ਜ਼ਿਲ੍ਹਿਆਂ ਤੋਂ ਇਹ ਰਿਪੋਰਟਾਂ ਮਿਲੀਆਂ ਸਨ ਕਿ ਇਹ ਤੈਨਾਤੀਆਂ ਕਰਨ ਸਮੇਂ ਵਿਭਾਗੀ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਗਈ ਜਿਸ ਬਾਰੇ ਸਪੱਸ਼ਟ ਹਦਾਇਤਾਂ ਹਨ ਕਿ ਮਿਡਲ ਸਕੂਲਾਂ ਵਿਚ ਕੋਈ ਵੀ ਮੈਂਟਰ ਤੈਨਾਤ ਨਾ ਕੀਤਾ ਜਾਵੇ ਪਰ ਸਿੰਗਲ ਅਧਿਆਪਕ ਮਿਡਲ ਸਕੂਲ ਵਿਚ ਸਿਰਫ ਇਕ ਮੈਂਟਰ ਤੈਨਾਤ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਇਹ ਤੈਨਾਤੀਆਂ ਕਰਦੇ ਸਮੇਂ ਸਭ ਤੋਂ ਪਹਿਲਾਂ ਦੂਰ ਅਤੇ ਪਿੱਛੜੇ ਖੇਤਰ ਦੇ ਸਕੂਲਾਂ ਨੂੰ ਕਵਰ ਕੀਤਾ ਜਾਵੇ, ਜਿੱਥੇ ਅਧਿਆਪਕਾਂ ਦੀ ਵੱਡੀ ਘਾਟ ਹੈ ਅਤੇ ਫਿਰ 50% ਸਟਾਫ ਵਾਲੇ ਸਕੂਲਾਂ ਵਿਚ ਜਿੱਥੇ ਕਿਸੇ ਵਿਸ਼ੇ ਦੇ ਅਧਿਆਪਕ ਦੀ ਸਖ਼ਤ ਜ਼ਰੂਰਤ ਹੈ, ਨੂੰ ਕਵਰ ਕੀਤਾ ਜਾਵੇ ਅਤੇ ਅਖੀਰ ਵਿਚ ਉਨ੍ਹਾਂ ਸਕੂਲਾਂ ਵਿਚ ਮੈਂਟਰਾਂ ਨੂੰ ਤੈਨਾਤ ਕੀਤਾ ਜਾਵੇ ਜਿੱਥੇ ਸਬੰਧਤ ਵਿਸ਼ੇ ਦਾ ਕੋਈ ਵੀ ਅਧਿਆਪਕ ਨਹੀਂ ਹੈ।
ਇਹ ਵੀ ਪੜ੍ਹੋ : ਮਾਣਹਾਨੀ ਕੇਸ ’ਚ ਅਦਾਲਤ ’ਚ ਪੇਸ਼ ਹੋਏ ਬਿਕਰਮ ਮਜੀਠੀਆ, ਗੋਲਡੀ ਬਰਾੜ ਨੂੰ ਲੈ ਕੇ ਦਿੱਤਾ ਵੱਡਾ ਬਿਆਨ
ਸਿੱਖਿਆ ਮੰਤਰੀ ਅਨੁਸਾਰ ਕਿਸੇ ਵੀ ਅਧਿਆਪਕ ਨਾਲ ਪੱਖਪਾਤ ਜਾਂ ਲਿਹਾਜ਼ ਪੁਗਾਉਣ ਤੋਂ ਗੁਰੇਜ਼ ਕੀਤਾ ਜਾਵੇ ਅਤੇ ਵੱਡੇ ਸਕੂਲ ਜਿੱਥੇ ਇੱਕਾ ਦੁੱਕਾ ਪੋਸਟ ਖਾਲ੍ਹੀ ਹੈ, ਸ਼ਹਿਰੀ ਖੇਤਰ ਜਾਂ ਸ਼ਹਿਰਾਂ ਦੇ ਨੇੜਲੇ ਸਕੂਲਾਂ ਵਿਚ ਇਹ ਤੈਨਾਤੀਆਂ ਬਿਲਕੁਲ ਨਾਂ ਕੀਤੀਆਂ ਜਾਣ। ਸਿੱਖਿਆ ਮੰਤਰੀ ਨੇ ਕਿਹਾ ਕਿ ਇਹ ਤੈਨਾਤੀਆਂ ਅਗਲੇ ਹੁਕਮਾਂ ਤੱਕ ਕੀਤੀਆਂ ਜਾਣਗੀਆਂ ਅਤੇ ਇਸ ਸਬੰਧੀ ਲਿਖਤੀ ਹੁਕਮ ਸੈਕੰਡਰੀ ਵਿਭਾਗ ਦੇ ਜ਼ਿਲ੍ਹਾ ਸਿੱਖਿਆ ਅਫਸਰਾਂ ਵੱਲੋਂ ਅੱਜ ਹੀ ਜਾਰੀ ਕੀਤੇ ਜਾਣਗੇ ਜੋ ਕਿ ਇਨ੍ਹਾਂ ਤੈਨਾਤੀਆਂ ਨੂੰ ਪਾਰਦਰਸ਼ੀ ਬਣਾਉਣ ਅਤੇ ਲਾਗੂ ਕਰਨ ਦੇ ਨਿਰੋਲ ਜ਼ਿੰਮੇਵਾਰ ਹਨ। ਬੈਂਸ ਨੇ ਇਹ ਵੀ ਸਪੱਸ਼ਟ ਕੀਤਾ ਕਿ ਹੁਣ ਅੱਧੀ ਛੁੱਟੀ ਤੋਂ ਪਹਿਲਾਂ ਕਿਸੇ ਵੀ ਸਕੂਲ ਦਾ ਅਧਿਆਪਕ ਜਾਂ ਮੁਖੀ ਕਿਸੇ ਮੀਟਿੰਗ ਜਾਂ ਦਫਤਰੀ ਕੰਮ ਸਬੰਧੀ ਆਨ-ਡਿਊਟੀ ਨਹੀਂ ਜਾਵੇਗਾ ਅਤੇ ਜੇਕਰ ਕਿੱਧਰੇ ਜ਼ਰੂਰੀ ਕਾਰਨਾਂ ਕਰਕੇ ਜਾਣਾ ਵੀ ਹੈ ਤਾਂ ਉਸਦੀ ਸਬੰਧਤ ਜ਼ਿਲ੍ਹਾ ਸਿੱਖਿਆ ਅਫਸਰ ਤੋਂ ਪਹਿਲਾਂ ਪ੍ਰਵਾਨਗੀ ਲੈਣੀ ਲਾਜ਼ਮੀ ਹੈ।
ਇਹ ਵੀ ਪੜ੍ਹੋ : ਭਗਵੰਤ ਮਾਨ ਕੈਬਨਿਟ ਵਿਚ ਫੇਰਬਦਲ ਲਗਭਗ ਤੈਅ, ਇਹ ਵਿਧਾਇਕ ਬਣ ਸਕਦੇ ਹਨ ਮੰਤਰੀ
ਜ਼ਿਲ੍ਹਿਆਂ ਵਿਚ ਪਹਿਲਾਂ ਤੋਂ ਹੀ ਕੰਮ ਕਰ ਰਹੀਆਂ ਜ਼ਿਲ੍ਹਾ ਸਿੱਖਿਆ ਸੁਧਾਰ ਟੀਮਾਂ ਨੂੰ ਹਦਾਇਤਾਂ ਜਾਰੀ ਕਰਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ ਇਹ ਟੀਮਾਂ ਵੀ ਘੱਟ ਨਤੀਜਿਆਂ ਵਾਲੇ ਸਕੂਲਾਂ ’ਤੇ ਆਪਣਾ ਧਿਆਨ ਕੇਂਦਰਿਤ ਕਰਨਗੀਆਂ ਅਤੇ ਸੁਧਾਰ ਟੀਮ ਦੇ ਸਾਰੇ ਮੈਂਬਰ ਜਿਸ ਵੀ ਸਕੂਲ ਵਿਚ ਜਾਣਗੇ, ਉਸ ਸਕੂਲ ਦੀਆਂ ਜਮਾਤਾਂ ਨੂੰ ਪੜ੍ਹਾਉਣਗੇ ਅਤੇ ਹਦਾਇਤਾਂ ਦੇਣ ਦੀ ਬਜਾਏ ਅਧਿਆਪਕਾਂ ਤੇ ਵਿਦਿਆਰਥੀਆਂ ਸਾਹਮਣੇ ਵਿਲੱਖਣ ਪੇਸ਼ਕਾਰੀ ਕਰਕੇ ਮਾਡਲ ਅਧਿਆਪਕ ਵਜੋਂ ਪੇਸ਼ ਆਉਣਗੇ। ਸਿੱਖਿਆ ਮੰਤਰੀ ਨੇ ਕਿਹਾ ਕਿ ਕਿਸੇ ਵੀ ਕਿਸਮ ਦੀ ਕੁਤਾਹੀ ਨੂੰ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।