ਵਿਦੇਸ਼ ਜਾਣ ਦੇ ਝਾਂਸਾ ਦੇ ਕੇ ਕੀਤੀ ਲੱਖਾਂ ਦੀ ਠਗੀ, ਗ੍ਰਿਫਤਾਰ
Monday, Apr 29, 2019 - 03:53 PM (IST)
ਜ਼ੀਰਕਪੁਰ (ਮੇਸ਼ੀ) : ਜ਼ੀਰਕਪੁਰ ਪੁਲਸ ਨੇ ਇਕ ਇਮੀਗ੍ਰੇਸ਼ਨ ਕੰਪਨੀ ਵੱਲੋਂ ਭੋਲੇ-ਭਾਲੇ ਲੋਕਾਂ ਨੂੰ ਫਰਜ਼ੀ ਵਿਆਹ ਰਾਹੀਂ ਵਿਦੇਸ਼ ਭੇਜਣ ਦੇ ਨਾਂ ਤੇ ਲੱਖਾਂ ਰੁਪਏ ਦੀ ਧੋਖਾਧੜੀ ਸਬੰਧੀ ਦੋ ਲੜਕੀਆਂ ਅਤੇ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਮੁਤਾਬਕ ਇੰਸਪੈਕਟਰ ਗੁਰਜੀਤ ਸਿੰਘ ਨੇ ਦੱਸਿਆ ਕਿ ਜ਼ੀਰਕਪੁਰ ਦੀ ਪਟਿਆਲਾ ਰੋਡ 'ਤੇ ਸਥਿਤ 'ਨਿਊ ਗਲੋਬਲ ਗਾਈਡ ਇਮੀਗ੍ਰੇਸ਼ਨ' ਦਫ਼ਤਰ 'ਚ ਭੋਲੇ-ਭਾਲੇ ਲੋਕਾਂ ਨੂੰ ਵਿਦੇਸ਼ ਭੇਜਣ ਨਾਂ 'ਤੇ ਲੱਖਾਂ ਰੁਪਏ ਦੀ ਧੋਖਾਧੜੀ ਕਰਨ ਦੇ ਮਾਮਲੇ ਹੇਠ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਕਿ 'ਨਿਊ ਗਲੋਬਲ ਗਾਈਡ ਇਮੀਗ੍ਰੇਸ਼ਨ' ਦੇ ਮਾਲਕ ਬਲਜੀਤ ਸਿੰਘ ਨੇ ਜਤਿੰਦਰ ਪੁੱਤਰ ਗੁਰਚਰਨ ਸਿੰਘ ਪਿੰਡ ਭੰਗੋਲੀ ਥਾਣਾ ਸਦਰ, ਊਨਾ ਹਿਮਾਚਲ ਪ੍ਰਦੇਸ਼ ਨੂੰ ਫ਼ੋਨ ਕਰਕੇ ਦੱਸਿਆ ਕਿ ਉਨ੍ਹਾਂ ਕੋਲਇੱਕ ਪਵਨਪ੍ਰੀਤ ਕੌਰ ਨਾਮਕ ਬੰਗਾ ਦੀ ਕੁੜੀ ਹੈ, ਜਿਸ ਦੇ ਆਈਲਟਸ ਵਿੱਚ ਸਾਢੇ 7 ਬੈਂਡ ਆਏ ਹਨ। ਬਲਜੀਤ ਸਿੰਘ ਨੇ ਕਿਹਾ ਕਿ ਜੇਕਰ ਉਹ ਆਸਟ੍ਰੇਲੀਆ ਸਪਾਊਸ ਵੀਜ਼ੇ 'ਤੇ ਜਾਣਾ ਚਾਹੁੰਦੇ ਹਨ ਤਾਂ ਉਨ੍ਹਾਂ ਦਾ ਆਰਜ਼ੀ ਵਿਆਹ ਪਵਨਪ੍ਰੀਤ ਕੌਰ ਨਾਲ ਕਰਵਾ ਦਿੱਤਾ ਜਾਵੇਗਾ। ਉਸ ਨੇ ਦੱਸਿਆ ਕਿ ਵਿਦੇਸ਼ ਜਾਣ ਅਤੇ ਕਾਲਜ ਦੀ ਫੀਸ 14 ਲੱਖ ਰੁਪਏ ਭਰਨੀ ਪਵੇਗੀ। ਇਸ ਗੱਲ 'ਤੇ ਜਤਿੰਦਰ ਸਿੰਘ ਸਹਿਮਤ ਹੋ ਗਿਆ ਤੇ ਉਸ ਨੇ ਬਲਜੀਤ ਸਿੰਘ ਵਲੋਂ ਦੱਸੇ ਬੈਂਕ ਖਾਤੇ ਵਿੱਚ ਵੱਖ-ਵੱਖ ਮਿਤੀਆਂ ਅਨੁਸਾਰ 14 ਲੱਖ ਰੁਪਏ ਟਰਾਂਸਫਾਰ ਕਰਵਾ ਦਿੱਤ।
ਨਿਊ ਗਲੋਬਲ ਗਾਈਡ ਇਮੀਗ੍ਰੇਸ਼ਨ ਵਾਲਿਆਂ ਵੱਲੋਂ ਮਿਤੀ 24 ਨਵੰਬਰ, 18 ਨੂੰ ਮੁਦਈ ਜਤਿੰਦਰ ਸਿੰਘ ਦਾ ਵਿਆਹ ਪਵਨਪ੍ਰੀਤ ਕੌਰ ਕਾਲਪਨਿਕ ਨਾਮ ਨਾਲ ਚੰਡੀਗੜ੍ਹ ਨੇੜੇ ਕਿਸੇ ਗੁਰਦੁਆਰਾ ਸਾਹਿਬ ਵਿਖੇ ਕਰਵਾ ਦਿੱਤੀ ਗਿਆ। ਬਾਅਦ ਵਿੱਚ ਉੱਕਤ ਇਮੀਗ੍ਰੇਸ਼ਨ ਵਾਲੇ ਆਪਣਾ ਦਫ਼ਤਰ ਬੰਦ ਕਰਕੇ ਭੱਜ ਗਏ। ਜਤਿੰਦਰ ਨੇ ਜਦੋਂ ਪਵਨਪ੍ਰੀਤ ਕੌਰ ਦੇ ਅਸਲ ਰਿਹਾਇਸ਼ੀ ਅਤੇ ਬੰਗਾ ਸ਼ਹਿਰ ਪੁੱਜ ਕੇ ਘਰ ਦੀ ਪੜਤਾਲ ਕੀਤੀ ਤਾਂ ਉਸ ਨੂੰ ਪਤਾ ਲੱਗਾ ਕਿ ਪਵਨਪ੍ਰੀਤ ਕੌਰ ਤਾਂ ਪਿਛਲੇ ਇੱਕ ਸਾਲ ਤੋਂ ਆਸਟ੍ਰੇਲੀਆ ਵਿਖੇ ਰਹਿ ਰਹੀ ਹੈ ਅਤੇ ਉਸ ਦੇ ਨਾਲ ਵਿਆਹ ਕਰਨ ਵਾਲੀ ਲੜਕੀ ਕੋਈ ਫਰਜ਼ੀ ਹੈ, ਜਿਸ 'ਤੇ ਉਸ ਨੇ ਜ਼ੀਰਕਪੁਰ ਪੁੱਜ ਕੇ ਏ. ਐੱਸ. ਆਈ. ਗੁਰਪ੍ਰੀਤ ਸਿੰਘ ਨੂੰ ਸੂਚਨਾ ਦਿੱਤੀ ਅਤੇ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਦਰਜ ਕਰਵਾਇਆ। ਜਦੋਂ ਇਸ ਮਾਮਲੇ ਦੇ ਤਫਤੀਸ਼ੀ ਅਧਿਕਾਰੀ ਨੇ ਜਾਂਚ ਪੜਤਾਲ ਕੀਤੀ ਤਾਂ ਜਾਅਲੀ ਪਵਨਪ੍ਰੀਤ ਕੌਰ ਬਣੀ ਕੁੜੀ ਦੀ ਪਛਾਣ ਮਨਜੀਤ ਕੌਰ ਪੁੱਤਰੀ ਜੋਗਿੰਦਰ ਸਿੰਘ ਵਾਸੀ ਪਿੰਡ ਹਰਿਆਊ ਖੁਰਦ, ਥਾਣਾ ਪਾਤੜਾਂ ਜ਼ਿਲ੍ਹਾ ਪਟਿਆਲਾ ਉਮਰ 26 ਸਾਲ ਵਜੋਂ ਹੋਈ ਹੈ, ਜਿਸ ਲੜਕੀ ਦੇ ਖਾਤੇ ਵਿੱਚ 14 ਲੱਖ ਰੁਪਏ ਟਰਾਂਸਫਾਰ ਹੋਏ ਸਨ। ਉਕਤ ਕੰਪਨੀ ਦੀ ਹਿੱਸੇਦਾਰ ਦੱਸਣ ਵਾਲੀ ਲੜਕੀ ਦੀ ਪਛਾਣ ਅਮਨਦੀਪ ਕੌਰ ਪੁੱਤਰੀ ਬਲਬੀਰ ਸਿੰਘ ਵਾਸੀ ਵਾਰਡ ਨੰਬਰ 10, ਨੇੜੇ ਰੇਲਵੇ ਸਟੇਸ਼ਨ, ਐੱਸ ਡੀ ਸਕੂਲ ਬਠਿੰਡਾ, ਮਨਜੀਤ ਕੌਰ ਅਤੇ ਅਮਨਦੀਪ ਕੌਰ ਦੋਵੇਂ ਜੀ ਐਨ ਐਮ ਨਰਸਿੰਗ ਪਾਸ ਹਨ ਅਤੇ ਜ਼ੀਰਕਪੁਰ ਵਿਖੇ ਨੌਕਰੀ ਦੀ ਤਲਾਸ਼ ਵਿੱਚ ਆਈਆਂ ਸਨ। ਉਕਤ ਦੋਵੇਂ ਲੜਕੀਆਂ ਪਹਿਲੇ ਸਾਲ ਨੌਕਰੀ ਲੈਣ ਲਈ ਨਿਊ ਗਲੋਬਲ ਗਾਈਡ ਇਮੀਗ੍ਰੇਸ਼ਨ ਮਾਲਕ ਬਲਜੀਤ ਸਿੰਘ ਪਿੰਡ ਖਾਨੇਵਾਲ ਤਹਿਸੀਲ ਪਾਤੜਾਂ ਜ਼ਿਲ੍ਹਾ ਪਟਿਆਲਾ ਪਾਸ ਗਈਆਂ ਸਨ। ਸਬੰਧਤ ਕੰਪਨੀ ਹੈਡ ਬਲਜੀਤ ਸਿੰਘ ਦਾ ਪਿਛੋਕੜ ਵੀ ਅਪਰਾਧਿਕ ਹੈ ਅਤੇ ਉਸ ਦੇ ਖਿਲਾਫ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ ਅਤੇ ਹੁਣ ਵੀ ਉਹ ਪਟਿਆਲਾ ਜੇਲ੍ਹ ਵਿੱਚ ਬੰਦ ਹੈ। ਇਨ੍ਹਾਂ ਦੋਹਾਂ ਕੁੜੀਆਂ ਨੂੰ ਮੋਹਰਾ ਬਣਾ ਕੇ ਠੱਗੀ ਮਾਰਨ ਵਾਲੇ ਬਲਜੀਤ ਸਿੰਘ ਨੂੰ ਪਟਿਆਲਾ ਜੇਲ ਤੋਂ ਪ੍ਰੋਟੈਕਸ਼ਨ ਵਾਰੰਟ ਪਰ ਜ਼ੀਰਕਪੁਰ ਵਿਖੇ ਲਿਆ ਕੇ ਪੁੱਛਗਿੱਛ ਕੀਤੀ ਜਾਵੇਗੀ, ਇਹ ਵੀ ਪਤਾ ਲੱਗਾ ਹੈ ਕਿ ਇਸੇ ਤਰਾਂ ਬਲਜੀਤ ਸਿੰਘ ਨੇ ਪਹਿਲਾਂ ਪਟਿਆਲਾ ਵਿਖੇ ਵੀ ਕਿਸੇ ਵਿਅਕਤੀ ਨਾਲ ਠੱਗੀ ਮਾਰੀ ਸੀ। ਪੁੱਛਗਿੱਛ ਦੌਰਾਨ ਹੋਰ ਵੀ ਕਈ ਲੋਕਾਂ ਦੇ ਨਾਮ ਸਾਹਮਣੇ ਆਉਣ ਦੀ ਉਮੀਦ ਜਤਾਈ ਜਾ ਹੀ ਹੈ।